ਪੰਜਾਬ ਸਰਕਾਰ ’ਤੇ ਜਹਿਰੀਲੇ ਪਾਣੀ ਦੇ ਗੁਨਾਹਗਾਰਾਂ ਨੂੰ ਬਚਾਉਣ ਦਾ ਲਾਇਆ ਦੋਸ਼
ਨਵੀਂ ਦਿੱਲੀ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਉਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਹਟਾਉਣ ਦੇ ਪੰਜਾਬ ਸਰਕਾਰ ਵਲੋਂ ਲਏ ਗਏ ਫੈਸਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਖੇਧੀ ਕੀਤੀ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਸੰਤ ਸੀਚੇਵਾਲ ਨੂੰ ਹਟਾਉਣ ਨੂੰ ਪੰਜਾਬ ਸਰਕਾਰ ਅਤੇ ਪ੍ਰਦੂਸ਼ਣ ਫੈਲਾ ਰਹੀਆਂ ਕੰਪਨੀਆਂ ਦੇ ਮਾਫੀਆ ਗਠਜੋੜ ਵਿਚਾਲੇ ਸੀਚੇਵਾਲ ਦੇ ਫਿੱਟ ਨਾ ਹੋਣ ਵੱਜੋਂ ਪਰਿਭਾਸ਼ਿਤ ਕੀਤਾ ਹੈ।
ਜੀ.ਕੇ ਨੇ ਕਿਹਾ ਕਿ ਸੀਚੇਵਾਲ ਨੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 160 ਕਿਲੋਮੀਟਰ ਲੰਬੀ ਕਾਲੀ ਬੇਈ ਨੂੰ ਸਾਫ਼ ਕਰਕੇ ਬੇਮਿਸਾਲ ਕਾਰਜ਼ ਕੀਤਾ ਸੀ।ਕਰਕੇ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਪਦਮਸ੍ਰੀ ਸਨਮਾਨ ਦੇ ਕੇ ਨਿਵਾਜ਼ਿਆ ਗਿਆ ਸੀ।ਜੀ.ਕੇ ਨੇ ਖੁਲਾਸਾ ਕੀਤਾ ਕਿ ਸਰਨਾ ਪਰਿਵਾਰ ਦੀ ਮਲਕੀਅਤ ਵਾਲੇ ਸ਼ਰਾਬ ਕਾਰਖਾਨਿਆਂ ਵੱਲੋਂ ਬਿਆਸ ਦਰਿਆ ’ਚ ਜਹਿਰੀਲਾ ਪਾਣੀ ਛੱਡਣ ਕਰਕੇ ਦਰਿਆ ਦੀ ਸੰਪੂਰਨ ਵਨਸਪਤੀ ਦੇ ਹੋਏ ਨੁਕਸਾਨ ਤੋਂ ਸੰਤ ਸੀਚੇਵਾਲ ਦੁੱਖੀ ਸਨ।
ਜੀ.ਕੇ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਬੇਸ਼ੱਕ ਪੰਜਾਬੀਆਂ ਦੀ ਅੱਖਾਂ ’ਚ ਘੱਟਾ ਪਾਉਣ ਵਾਸਤੇ 5 ਕਰੋੜ ਦਾ ਦੋਸ਼ੀ ਕਾਰਖਾਨਾ ਮਾਲਕਾਂ ’ਤੇ ਜੁਰਮਾਨਾ ਲਗਾਇਆ ਸੀ।ਦੂਜੇ ਪਾਸੇ ਸੰਤ ਸੀਚੇਵਾਲ ਦੀ ਰਿਪੋਰਟ ’ਤੇ ਐਨ.ਜੀ.ਟੀ ਨੇ ਪੰਜਾਬ ਦੇ ਪ੍ਰਦੂਸ਼ਿਤ ਪਾਣੀਆਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ’ਤੇ 50 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਸੀ। ਜਿਸ ਤੋਂ ਤੰਗ ਹੋ ਕੇ ਪੰਜਾਬ ਸਰਕਾਰ ਨੇ ਸੰਤ ਸੀਚੇਵਾਲ ਨੂੰ ਬਾਹਰ ਦਾ ਰਾਹ ਵਿਖਾ ਦਿੱਤਾ।
Punjab Post Daily Online Newspaper & Print Media