ਪਠਾਨਕੋਟ, 1 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਚਲਾਈ ਜਾ ਰਹੀ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਿਸਾਨ ਅਤੇ ਖੇਤ ਮਜ਼ਦੂਰਾਂ ਲਈ ਨਦੀਨਨਾਸ਼ਕਾਂ ਦੀ ਛਿੜਕਾਅ ਤਕਨੀਕਾਂ ਬਾਰੇ ਇੱਕ ਦਿਨਾਂ ਵਿਸ਼ੇਸ਼ ਸਿਖਲਾਈ ਕੈਂਪ ਸਥਾਨਕ ਖੇਤੀਬਾੜੀ ਦਫਤਰ ਇੰਦਰਾ ਕਲੋਨੀ ਵਿੱਚ ਲਗਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਇੰਚਾਰਜ ਬਲਾਕ ਟੈਕਨੀਕਲ ਟੀਮ-ਕਮ-ਬਲਾਕ ਖੇਤੀਬਾੜੀ ਅਫਸਰ ਨੇ ਕੀਤੀ। ਇਸ ਮੌਕੇ ਡਾ ਅਮਿਤ ਕੌਲ਼ ਫਸਲ ਵਿਗਿਆਨੀ ਕ੍ਰਿਸ਼ੀ ਵਿਗਿਆਨ ਕੇਂਦਰ, ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਲਵ ਕੁਮਾਰ ਬਲਾਕ ਟੈਕਨਾਲੋਜੀ ਮੈਨੇਜ਼ਰ, ਸੁਦੇਸ਼ ਕੁਮਾਰ, ਖੇਤੀਬਾੜੀ ਉਪ ਨਿਰੀਖਕ, ਸ਼ਿਵ ਦਾਸ, ਅਮਰਜੀਤ ਸਿੰਘ ਰਾਜਪਰੂਰਾ, ਜੀਤ ਰਾਜ, ਸੰਸਾਰ ਸਿੰਘ, ਬਚਨ ਲਾਲ ਅਸਲਾਮਪੁਰ ਅਤੇ ਸਮੂਹ ਖੇਤੀਬਾੜੀ ਸਟਾਫ ਸਮੇਤ ਹੋਰ ਵੱਡੀ ਗਿਣਤੀ ਵਿੱਚ ਕਿਸਾਨ ਮਿੱਤਰ ਹਾਜ਼ਰ ਸਨ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ ਦੀ ਫਸਲ ਵਿਚੋਂ ਜੇਕਰ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਪ੍ਰਤੀ ਹੈਕਟੇਅਰ 20-50% ਪੈਦਾਵਾਰ ਘਟ ਸਕਦੀ ਹੈ। ਉਨਾਂ ਕਿਹਾ ਕਿ ਮੁੱਖ ਤੌਰ ‘ ਕਣਕ ਦੀ ਫਸਲ ਵਿੱਚ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਾਮਕ ਨਦੀਨਾਂ ਤੋਂ ਇਲਾਵਾ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਬਾਥੂ, ਜੰਗਲੀ ਪਾਲਕ, ਮੈਣਾ, ਮੈਣੀ, ਬਟਨ ਬੂਟੀ, ਕੰਡਿਆਲੀ ਪਾਲਕ, ਪਿੱਤ ਪਾਪੜਾ, ਜੰਗਲੀ ਸੇਂਜੀ, ਬਟਨ ਬੂਟੀ ਆਦਿ ਨਦੀਨ ਪੈਦਾਵਾਰ ਨੂੰ ਪ੍ਰਭਾਵਿਤ ਕਰਦੇ ਹਨ। ਉਨਾਂ ਕਿਹਾ ਕਿ ਜੇਕਰ ਇਨਾਂ ਸਾਰੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਸਹੀ ਨਦੀਨਨਾਸ਼ਕ ਨੂੰ ਸਹੀ ਸਮੇਂ, ਸਹੀ ਪਾਣੀ ਦੀ ਮਿਕਦਾਰ ਦੇ ਘੋਲ ਵਿੱਚ, ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਡਾ. ਅਮਿਤ ਕੌਲ ਨੇ ਕਿਹਾ ਕਿ ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ। ਉਨਾਂ ਕਿਹਾ ਕਿ ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ‘ ਰੱਖੋ ਅਤੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ।ਜੇਕਰ ਖੇਤ ਵਿੱਚ ਸਲਫੋਸਲਫੂਰਾਨ ਨਾਮਕ ਨਦੀਨ ਨਾਸ਼ਕ ਦੀ ਵਰਤੋਂ ਕੀਤੀ ਹੋਵੇ ਤਾਂ ਸਾਉਣੀ ਸਮੇਂ ਉਨਾਂ ਖੇਤਾਂ ਵਿੱਚ ਚਰ੍ਹੀ ਜਾਂ ਮੱਕੀ ਦੀ ਕਾਸ਼ਤ ਨਾਂ ਕਰੋ।
. ਮਨਦੀਪ ਕੌਰ ਨੇ ਕਿਹਾ ਕਿ ਜੇਕਰ ਕਣਕ ਦੀ ਫਸਲ ਵਿੱਚ ਸਖਤ ਜਾਨ ਨਦੀਨ ਜਿਵੇਂ ਕੰਡਿਆਲੀ ਪਾਲਕ, ਮੈਣਾ, ਮੈਣੀ ਜੰਗਲੀ ਪਾਲਕ, ਤੱਕਲਾ ਅਤੇ ਸੇਂਜੀ ਆਦਿ ਹੋਣ ਤਾਂ 10 ਗ੍ਰਾਮ ਮੈਟਸਲਫੂਰਾਨ 20 ਤਾਕਤ (ਐਲਗ੍ਰਿਪ) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰੋ।ਇਸ ਤੋਂ ਇਲਾਵਾ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ.ਐਫ (ਅਫਿਨਟੀਫ਼ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਨਦੀਨਨਾਸ਼ਕਾਂ ਦੀ ਸੁਚੱਜੀ ਛਿੜਕਾਅ ਤਕਨੀਕ ਨੂੰ ਪ੍ਰਦਰਸ਼ਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਨਦੀਨਨਾਸ਼ਕ ਸੁਰੱਖਿਆ ਕਿੱਟ ਦਿੱਤੀਆਂ ਗਈਆਂ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media