ਨਵੀਂ ਦਿੱਲੀ, 13 ਦਸੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਦੇ
ਸਬੰਧ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਵਿੱਚ ਨਗਰ ਕੀਰਤਨ ਗੁਰਦੁਆਰਾ ਸੀਸ ਗੰਜ ਸਾਹਿਬ ਤੋਂ ਅਰਦਾਸ ਉਪਰੰਤ ਆਰੰਭ ਹੋ ਕੇ ਦਿੱਲੀ ਅਤੇ ਨਵੀਂ ਦਿੱਲੀ ਦੇ ਵੱਖ-ਵੱਖ ਬਾਜ਼ਾਰਾਂ ਚਾਂਦਨੀ ਚੌਂਕ, ਨਵੀਂ ਸੜਕ, ਨਵੀਂ ਸੜਕ, ਚਾਵੜੀ ਬਾਜ਼ਾਰ, ਹੌਜ ਕਾਜ਼ੀ, ਅਜਮੇਰੀ ਼ਗੇਟ, ਪੁਲ ਪਹਾੜ ਗੰਜ, ਦੇਸ਼ ਬੰਧੂ ਗੁਪਤਾ ਰੋਡ, ਚੂਨਾ ਮੰਡੀ, ਮੇਨ ਬਾਜ਼ਾਰ ਪਹਾੜ ਗੰਜ, ਬਸੰਤ ਰੋਡ, ਪੰਚਕੂਈਆਂ ਰੋਡ, ਗੁਰਦੁਆਰਾ ਬੰਗਲਾ ਸਾਹਿਬ ਰੋਡ, ਗੁਰਦੁਆਰਾ ਬੰਗਲਾ ਸਾਹਿਬ ਅਤੇ ਪੰਡਿਤ ਪੰਤ ਮਾਰਗ ਤੋਂ ਹੁੰਦਾ ਹੋਇਆ ਦੇਰ ਰਾਤ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਪੁੱਜਾ।
ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੁਸਤਾਨ ਵਿੱਚ ਜਦੋਂ ਮੁਗਲ ਸ਼ਾਸਕ ਔਰੰਗਜ਼ੇਬ ਵੱਲੋਂ ਹਿੰਦੂ ਧਰਮ ਤੇ ਸੰਸਕ੍ਰਿਤੀ ਨੂੰ ਤਬਾਹ ਕਰਨ ਲਈ ਹੁਕਮ ਜਾਰੀ ਕੀਤਾ ਗਿਆ ਤਾਂ ਉਸ ਸਮੇਂ ਕੇਵਲ ਗੁਰੂ ਤੇਗ ਬਹਾਦਰ ਜੀ ਹੀ ਇਸ ਸੰਸਕ੍ਰਿਤੀ ਨੂੰ ਬਚਾਉਣ ਲਈ ਅੱਗੇ ਆਏ।ਮੁਗਲ ਹਕੂਮਤ ਵਲੋਂ ਸਖ਼ਤੀ ਦਾ ਦੌਰ ਇਤਨਾ ਕਰੜਾ ਸੀ ਕਿ ਸਤਾਏ ਹੋਏ ਲੋਕਾਂ ਦਾ ਦੁੱਖ ਸੁਣਨ ਨੂੰ ਕੋਈ ਵੀ ਤਿਆਰ ਨਹੀਂ ਸੀ ਤਾਂ ਗੁਰੂ ਮਹਾਰਾਜ ਨੇ ਆਪਣੀ ਲਾਸਾਨੀ ਸ਼ਹਾਦਤ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਗੁਰੂ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਨ੍ਹਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਵੀ ਸ਼ਹੀਦ ਕੀਤਾ ਗਿਆ।
ਨਗਰ ਕੀਰਤਨ ਵਿੱਚ ਨਗਾਰਾ ਗੱਡੀ, ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਘੋੜ ਸਵਾਰ, ਬੈਂਡ ਵਾਜੇ, ਖਾਲਸਾ ਸਕੂਲਾਂ ਦੇ ਬੱਚੇ ਬੈਂਡ ਵਾਜਿਆਂ ਸਮੇਤ ਨਗਰ ਕੀਰਨ ਦੀ ਸ਼ੋਭਾ ਵਧਾ ਰਹੇ ਸਨ।ਸ਼ਸਤਰ ਵਿਦਿਆ ਦਲ ਦੇ ਗਤਕਈ ਅਖਾੜੇ (ਜਥੇ) ਸ਼ਸਤਰਾਂ ਰਾਹੀਂ ਆਪਣਾ ਕਲਾ ਦੇ ਜੌਹਰ ਦਿਖਾ ਰਹੇ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਸੁਆਗਤ ਵਿੱਚ ਜਗ੍ਹਾ ਜਗਾ੍ਹ ਗੁਰੂ ਮਹਾਰਾਜ ਦੇ ਸਤਿਕਾਰ ਲਈ ਇਲਾਕੇ ਦੀਆਂ ਸੰਗਤਾਂ ਨੇ ਸਵਾਗਤੀ ਗੇਟ ਬਣਵਾਏ ਹੋਏ ਸਨ।ਸ਼ਬਦੀ ਕੀਰਤਨੀ ਜਥੇ, ਅਖੰਡ ਕੀਰਤਨੀ ਜਥੇ ਸੰਗਤਾਂ ਨੂੰ ਨਾਮ ਸਿਮਰਨ ਕਰਵਾ ਰਹੇ ਸਨ। ਇਸ ਮੌਕੇ ’ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਹੁਦੇਦਾਰਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਾਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ, ਮੈਂਬਰ ਜਥੇਦਾਰ ਅਵਤਾਰ ਸਿੰਘ ਹਿਤ, ਪਰਮਜੀਤ ਸਿੰਘ ਰਾਣਾ, ਚਮਨ ਸਿੰਘ ਸਾਹਿਬਪੁਰਾ, ਹਰਵਿੰਦਰ ਸਿੰਘ ਕੇ.ਪੀ, ਭੁਪਿੰਦਰ ਸਿੰਘ ਭੁੱਲਰ, ਪਰਮਜੀਤ ਸਿੰਘ ਚੰਢੋਕ, ਵਿਕਰਮ ਸਿੰਘ ਰੋਹਿਣੀ, ਤਰਲੋਚਨ ਸਿੰਘ ਮਣਕੂ, ਗੁਰਮੀਤ ਸਿੰਘ ਭਾਟੀਆ, ਬੀਬੀ ਰਣਜੀਤ ਕੌਰ, ਹਰਜੀਤ ਸਿੰਘ ਪੱਪਾ, ਰਮਿੰਦਰ ਸਿੰਘ ਸਵੀਟਾ, ਆਤਮਾ ਸਿੰਘ ਲੁਬਾਣਾ, ਜਤਿੰਦਰਪਾਲ ਸਿੰਘ ਗੋਲਡੀ, ਮਹਿੰਦਰ ਸਿੰਘ ਭੁੱਲਰ, ਜਥੇਦਾਰ ਬਲਦੇਵ ਸਿੰਘ ਰਾਣੀਬਾਗ, ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਹਰਦੇਵ ਸਿੰਘ ਧਨੋਆ ਅਤੇ ਹੋਰ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰੀਆਂ।
ਸ਼ਹੀਦੀ ਪੁਰਬ ਸਬੰਧੀ ਮੁੱਖ ਸਮਾਗਮ ਭਾਈ ਲੱਖੀਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ 13 ਦਸੰਬਰ 2018 ਨੂੰ ਅੰਮ੍ਰਿਤ ਵੇਲੇ ਤੋਂ ਦੇਰ ਰਾਤ ਤੱਕ ਹੋਵੇਗਾ, ਜਿਸ ਵਿੱਚ ਪੰਥ ਦੇ ਪ੍ਰਸਿੱਧ ਰਾਗੀ/ਢਾਡੀ ਜਥੇ ਅਤੇ ਪ੍ਰਚਾਰ ਗੁਰਬਾਣੀ ਦੇ ਮਨੋਹਰ ਕੀਰਤਨ/ਕਥਾ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media