Friday, September 25, 2026

ਸੱਜਣ ਕੁਮਾਰ ਨੂੰ ਉਮਰ ਕੈਦ ਦਾ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਵਾਗਤ

ਜਗਦੀਸ਼ ਟਾਈਟਲਰ ਸਮੇਤ ਹੋਰ ਦੋਸ਼ੀਆਂ ਨੂੰ ਵੀ ਮਿਲੇ ਸਖ਼ਤ ਸਜ਼ਾ-ਭਾਈ ਲੌਂਗੋਵਾਲ

Gobind Singh Longowalਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਨਵੰਬਰ 1984 ਵਿਚ ਦਿੱਲੀ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਉਣ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ। ਬੇਸ਼ੱਕ ਲੌਂਗੋਵਾਲ ਨੇ ਇਹ ਗੱਲ ਵੀ ਆਖੀ ਹੈ ਕਿ ਸੱਜਣ ਕੁਮਾਰ ਉਮਰ ਕੈਦ ਦਾ ਨਹੀਂ ਸਗੋਂ ਫਾਂਸੀ ਦੀ ਸਜ਼ਾ ਦਾ ਹੱਕਦਾਰ ਸੀ, ਪਰੰਤੂ ਨਿਆਂਪਾਲਕਾ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਉਸ ਦੇ ਗੁਨਾਹਾਂ ਨੂੰ ਸਾਬਤ ਕਰ ਦਿੱਤਾ ਹੈ।ਲੌਂਗੋਵਾਲ ਨੇ ਆਖਿਆ ਕਿ 34 ਸਾਲ ਬਾਅਦ ਆਇਆ ਇਹ ਫੈਸਲਾ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਕੁਝ ਹੱਦ ਤਕ ਰਾਹਤ ਦੇਣ ਵਾਲਾ ਹੈ ਲੇਕਿਨ ਅਜੇ ਵੀ ਬਹੁਤ ਸਾਰੇ ਦੋਸ਼ੀ ਕਾਨੂੰਨ ਦੀ ਗ੍ਰਿਫਤ ’ਚੋਂ ਬਾਹਰ ਹਨ। ਉਨ੍ਹਾਂ ਜਗਦੀਸ਼ ਟਾਈਟਲਰ ਸਮੇਤ ਸਿੱਖ ਕਤਲੇਆਮ ਦੇ ਹੋਰਨਾਂ ਦੋਸ਼ੀਆਂ ਨੂੰ ਵੀ ਕਰੜੀਆਂ ਸਜ਼ਾਵਾਂ ਦੇਣ ਦੀ ਵਕਾਲਤ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਨੇ 1984 ਅੰਦਰ ਸਿੱਖਾਂ ਦਾ ਕਤਲੇਆਮ ਕਾਂਗਰਸ ਵੱਲੋਂ ਕੀਤਾ ਗਿਆ ਮਨੁੱਖਤਾ ਮਾਰੂ ਕਾਰਾ ਸੀ, ਜਿਸ ਨੇ ਸਮੁੱਚੇ ਵਿਸ਼ਵ ਨੂੰ ਹਲੂਣ ਕੇ ਰੱਖ ਦਿੱਤਾ। ਉਨ੍ਹਾਂ ਦੁੱਖ ਨਾਲ ਕਿਹਾ ਕਿ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਵੱਲੋਂ ਸਿੱਖ ਕਤਲੇਆਮ ਕਰਵਾਉਣ ਤੋਂ ਬਾਅਦ ਇਸ ਦੇ ਦੋਸ਼ੀਆਂ ਨੂੰ ਜਿਥੇ ਲਗਾਤਾਰ ਬਚਾਇਆ ਜਾਂਦਾ ਰਿਹਾ, ਉਥੇ ਹੀ ਸਿੱਖਾਂ ਨੂੰ ਹੋਰ ਚਿੜਾਉਣ ਅਤੇ ਉਨ੍ਹਾਂ ਅੱਲ੍ਹੇ ਜ਼ਖਮਾਂ ਨੂੰ ਕੁਰੇਦਣ ਲਈ ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਸਮੇਤ ਹੋਰ ਅਨੇਕਾਂ ਦੋਸ਼ੀਆਂ ਨੂੰ ਉੱਚੇ ਅਹੁਦੇ ਦੇ ਕੇ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾਂਦੇ ਰਹੇ ਹਨ ਅਤੇ ਇਸ ਦੇ ਗਵਾਹਾਂ ਨੂੰ ਮਾਲੀ ਮੱਦਦ ਦੇਣ ਦੇ ਨਾਲ ਨਾਲ ਸਾਧਨ ਵੀ ਮੁਹੱਈਆ ਕਰਵਾਏ ਜਾਂਦੇ ਰਹੇ ਹਨ। ਇਸ ਤੋਂ ਇਲਾਵਾ ਸਮੇਂ ਸਮੇਂ ’ਤੇ ਸ਼੍ਰੋਮਣੀ ਕਮੇਟੀ ਦੇ ਜਨਰਲ ਇਜਲਾਸਾਂ ਦੌਰਾਨ ਸਿੱਖ ਕਤਲੇਆਮ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ ਜਾਂਦੀ ਰਹੀ ਹੈ।ਲੌਂਗੋਵਾਲ ਨੇ ਆਖਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਪਿਛਲੀਆਂ ਮਿਲਣੀਆਂ ਦੌਰਾਨ ਵੀ ਉਨ੍ਹਾਂ ਨੇ ਇਸ ਮਾਮਲੇ ਨੂੰ ਉਠਾਇਆ ਸੀ ਅਤੇ ਸਿੱਖਾਂ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ-ਕਾਲ ਦੌਰਾਨ ਜੋ ਵਧੀਕੀਆਂ ਸਿੱਖ ਕੌਮ ਨਾਲ ਕੀਤੀਆਂ ਉਨ੍ਹਾਂ ਨੂੰ ਸਿੱਖ ਜਗਤ ਕਦੇ ਵੀ ਭੁਲਾ ਨਹੀਂ ਸਕਦਾ ਅਤੇ ਕਾਂਗਰਸ ਵੀ ਇਸ ਸਬੰਧੀ ਸਦਾ ਸਵਾਲਾਂ ਦੇ ਰੂਬਰੂ ਰਹੇਗੀ। 

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply