ਨਵੀਂ ਦਿੱਲੀ, 17 ਦਸੰਬਰ (ਪੰਜਾਬ ਪੋਸਟ ਬਿਊਰੋ) – ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦਿੱਲੀ ਹਾਈਕੋਰਟ ਵਲੋਂ ਉਮਰ ਕੈਦ ਦੀ ਮਿਲੀ ਸਜਾ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਨੌਤੀ ਦੇਵੇਗੀ। ਕਮੇਟੀ ਆਗੂਆਂ ਮਨਜੀਤ ਸਿੰਘ ਜੀ.ਕੇ, ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਦਾ ਐਲਾਨ ਕੀਤਾ। ਇਸ ਕੇਸ ਦੀ ਗਵਾਹ ਬੀਬੀ ਜਗਦੀਸ਼ ਕੌਰ, ਬੀਬੀ ਨਿਰਪ੍ਰੀਤ ਕੌਰ ਅਤੇ ਜਗਸ਼ੇਰ ਸਿੰਘ ਨੇ ਪੂਰੀ ਲੜਾਈ ’ਚ ਸਹਿਯੋਗ ਦੇਣ ਲਈ ਕੌਮ ਦਾ ਧੰਨਵਾਦ ਕੀਤਾ।

ਜੀ.ਕੇ ਨੇ ਕਿਹਾ ਕਿ ਸੱਜਣ ਦੇ ਗੁਨਾਹ ਵੱਡੇ ਹਨ। ੲਸ ਲਈ ਉਸਨੂੰ ਉਮਰ ਕੈਦ ਦੀ ਥਾਂ ਫਾਂਸੀ ਮਿਲਣੀ ਚਾਹੀਦੀ ਹੈ।ਦਿੱਲੀ ਕਮੇਟੀ ਪੀੜਤਾਂ ਨੂੰ ਨਾਲ ਲੈ ਕੇ ਇਸ ਸਬੰਧੀ ਸੁਪਰੀਮ ਕੋਰਟ ’ਚ ਪਹੰੁਚ ਕਰੇਗੀ।ਜੀ.ਕੇ ਨੇ ਨਵੰਬਰ 1984 ’ਚ ਹੋਏ ਕਤਲੇਆਮ ਨੂੰ ਦੇਸ਼ ਦੀ ਕਾਨੂੰਨ ਵਿਵਸਥਾ ਲਈ ਚੁਨੋਤੀ ਦੱਸਦੇ ਹੋਏ 34 ਸਾਲ ਬਾਅਦ ਇਸ ਕਤਲੇਆਮ ਲਈ ਜਿੰਮੇਵਾਰ ਵੱਡੇ ਆਗੂ ਨੂੰ ਸਜਜ਼ਾ ਮਿਲਣ ’ਤੇ ਖੁਸ਼ੀ ਜਤਾਈ।
ਜੀ.ਕੇ ਨੇ ਮੰਗ ਕੀਤੀ ਕਿ ਸੰਸਦ ’ਚ ਰੁਕੇ ਹੋਏ ਫਿਰਕੂੂਹਿੰਸਾ ਵਿਰੋਧੀ ਬਿੱਲ ਨੂੰ ਤੁਰੰਤ ਪਾਸ ਕਰਨਾ ਚਾਹੀਦਾ ਹੈ, ਤਾਂਕਿ ਆਉਣ ਵਾਲੇ ਸਮੇਂ ’ਚ ਕੋਈ ਵੀ ਸਿਆਸੀ ਪਾਰਟੀ ਆਪਣੇ ਸਿਆਸੀ ਫਾਇਦੇ ਲਈ ਘੱਟਗਿਣਤੀ ਕੌਮਾਂ ਨੂੰ ਆਪਣਾ ਸ਼ਿਕਾਰ ਬਣਾਉਣ ਤੋਂ ਪਰਹੇਜ਼ ਕਰੇ ਅਤੇ ਕਾਨੂੰਨ ਦੀ ਰੱਖਵਾਲੀ ਕਰਨ ਵਾਲੀ ਪੁਲਿਸ ਦੀ ਜਵਾਬਦੇਹੀ ਅਤੇ ਜਿੰਮੇਵਾਰੀ ਤੈਅ ਹੋ ਸਕੇ। ਜੀ.ਕੇ ਨੇ ਦੱਸਿਆ ਕਿ 2013 ’ਚ ਹੇਠਲੀ ਅਦਾਲਤ ਤੋਂ ਸੱਜਣ ਦੇ ਇਸ ਕੇਸ ’ਚ ਬਰੀ ਹੋਣ ਉਪਰੰਤ ਕਿਸ ਤਰੀਕੇ ਨਾਲ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੀ.ਬੀ.ਆਈ ਪਾਸੋਂ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਹਾਈਕੋਰਟ ’ਚ ਅਪੀਲ ਦਾਖਲ ਕਰਵਾਈ ਸੀ।
ਜੀ.ਕੇ ਨੇ ਕਿਹਾ ਕਿ 30 ਅਪ੍ਰੈਲ 2014 ਨੂੰ ਹੇਠਲੀ ਅਦਾਲਤ ਵਲੋਂ ਸੱਜਣ ਨੂੰ ਬਰੀ ਕਰਨ ਉਪਰੰਤ ਅਕਾਲੀ ਦਲ ਨੇ 1 ਮਈ ਤੋਂ 6 ਮਈ ਤੱਕ ਦਿੱਲੀ ਦੀ ਸੜਕਾਂ ’ਤੇ ਜਬਰਦਸ਼ਤ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੇ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਨੂੰ ਕੇਸ ਮੁੜ੍ਹ ਖੋਲਣ ਦੇ ਆਦੇਸ਼ ਦੇਣ ਲਈ ਮਜਬੂਰ ਕੀਤਾ ਸੀ। ਜੀ.ਕੇ ਨੇ ਕਿਹਾ ਕਿ ਅੱਜ ਮਿਲੇ ਇਨਸਾਫ ਦੀ ਭੂਮਿਕਾ ਤਿਆਰ ਕਰਨ ਲਈ ਕਮੇਟੀ ਦੇ ਕਾਨੂੰਨੀ ਵਿਭਾਗ ਅਤੇ ਹੋਰ ਸੰਬੰਧਿਤ ਧਿਰਾਂ ਦਾ ਧੰਨਵਾਦ ਕਰਦੇ ਹੋਏ ਉਹ ਮਾਣ ਮਹਿਸੂਸ ਕਰਦੇ ਹਨ।
ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਜਿਸ ਤਰੀਕੇ ਨਾਲ ਕਾਤਲਾਂ ਨੂੰ ਕਾਨੂੰਨੀ ਪਨਾਹ ਦਿੱਤੀ ਸੀ, ਉਸ ਦਾ ਹਵਾਲਾ ਹਾਈਕੋਰਟ ਦੇ ਮਾਨਯੋਗ ਜੱਜਾਂ ਨੇ ਆਪਣੇ ਫੈਸਲੇ ’ਚ ਦਿੱਤਾ ਹੈ। ਜਿਸਤੋਂ ਸਾਫ ਹੁੰਦਾ ਹੈ ਕਿ ਇਸ ਕਤਲੇਆਮ ਦੇ ਪਿੱਛੇ ਪੂਰਾ ਸਰਕਾਰੀ ਤੰਤਰ ਕਾਂਗਰਸ ਦੇ ਗੰੁਡਿਆਂ ਦੀ ਤਮਾਸ਼ਬੀਨੀ ਨੂੰ ਚੁੱਪਚਾਪ ਦੇਖ ਰਿਹਾ ਸੀ। ਸਿਰਸਾ ਨੇ ਕਮਲਨਾਥ ਦੇ ਮੱਧ ਪ੍ਰਦੇਸ਼ ਦਾ ਮੁਖਮੰਤਰੀ ਬਣਨ ’ਤੇ ਸਵਾਲ ਚੁਕਦੇ ਹੋਏ ਰਾਹੁਲ ਗਾਂਧੀ ਨੂੰ ਇਸ ਮਾਮਲੇ ’ਚ ਮੂੰਹ ਖੋਲਣ ਦੀ ਨਸੀਹਤ ਦਿੱਤੀ।
ਸਿਰਸਾ ਨੇ ਕਿਹਾ ਕਿ ਕਮਲਨਾਥ ਨੂੰ ਮੁੱਖ ਮੰਤਰੀ ਬਣਾ ਕੇ ਕਾਂਗਰਸ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਤਲਾਂ ਦਾ ਵਾਲ ਵਿੰਗਾ ਉਹ ਨਹੀਂ ਹੋਣ ਦੇਣਗੇ। ਸਿਰਸਾ ਨੇ ਹਾਈ ਕੋਰਟ ’ਚ ਸੱਜਣ ਕੁਮਾਰ ਦੀ ਪੈਰਵੀ ਲਈ ਕਾਂਗਰਸੀ ਆਗੂ ਕਪਿਲ ਸਿੱਬਲ ਦੇ ਪੁੱਤਰ ਅਖਿਲ ਸਿੱਬਲ ਵੱਲੋਂ ਵਕੀਲ ਵਜੋਂ ਕੀਤੀ ਗਈ ਪੈਰਵੀ ਨੂੰ ਵੀ ਕਾਂਗਰਸ ਦੀ ਸਿਆਸੀ ਪਨਾਹ ਵੱਜੋਂ ਪਰਿਭਾਸ਼ਿਤ ਕੀਤਾ।ਸਿਰਸਾ ਨੇ ਗਵਾਹਾਂ ਦੇ ਡਟ ਕੇ ਮੈਦਾਨ ’ਚ ਖੜੇ ਰਹਿਣ ਲਈ ਉਨ੍ਹਾਂ ਦੀ ਤਾਰੀਫ਼ ਕੀਤੀ। ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਦਿੱਲੀ ਕਮੇਟੀ ਵਲੋਂ ਲੜੀ ਗਈ ਲੜਾਈ ਦੀ ਸਲਾਘਾ ਕੀਤੀ।ਇਸ ਮੌਕੇ ਦਿੱਲੀ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵੱਡੀ ਗਿਣਤੀ ’ਚ ਮੌਜੂਦ ਸਨ।
Punjab Post Daily Online Newspaper & Print Media