ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਜਿਲ੍ਹੇ `ਚ ਚੱਲ ਰਿਹਾ ‘ਸਾਂਝੀ ਰਸੋਈ‘ ਦਾ ਨਿਵੇਕਲਾ ਪ੍ਰੋਜੈਕਟ ਲੋੜਵੰਦ ਲੋਕਾਂ ਲਈ ਵਰਦਾਨ
ਸਾਬਤ ਹੋ ਰਿਹਾ ਹੈ।ਘੱਟ ਕੀਮਤ ’ਤੇ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਵਾਲੀ `ਸਾਂਝੀ ਰਸੋਈ` ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ ਅਤੇ ਕੋਰਟ ਕੰਪਲੈਕਸ ਵਿਖੇ ਸਫ਼ਲਤਾ ਪੂਰਵਕ ਚੱਲ ਰਹੀ ਹੈ ਅਤੇ ਇਸ ਸਾਂਝੀ ਰਸੋਈ ’ਚ ਐਤਵਾਰ ਨੂੰ ਛੱਡ ਕੇ ਰੋਜ਼ਾਨਾ ਕਰੀਬ 600 ਵਿਅਕਤੀ ਪੌਸ਼ਟਿਕ ਭੋਜਨ ਦਾ ਆਨੰਦ ਮਾਣਦੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ 10 ਜੂਨ 2017 ਨੂੰ ਸ਼ੁਰੂ ਕੀਤੀ ਗਈ ਇਸ ਸਾਂਝੀ ਰਸੋਈ ‘ਚ ਹੁਣ ਤੱਕ 1 ਲੱਖ 68 ਹਜ਼ਾਰ 161 ਵਿਅਕਤੀ ਖਾਣਾ ਖਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਸਾਂਝੀ ਰਸੋਈ ਪ੍ਰੋਜੈਕਟ ਤਹਿਤ ਇਹ ਰਸੋਈ ਦੁਪਹਿਰ 12 ਵਜੇ ਤੋਂ ਸ਼ਾਮ 3 ਵਜੇ ਤੱਕ ਲੋੜਵੰਦ ਲੋਕਾਂ ਨੂੰ ਘੱਟ ਕੀਮਤ ’ਚ ਚੰਗਾ ਅਤੇ ਪੇਟ ਭਰ ਖਾਣਾ ਮੁਹੱਈਆ ਕਰਵਾ ਰਹੀ ਹੈ।ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦ ਵਿਅਕਤੀਆਂ ਨੂੰ ਸਾਂਝੀ ਰਸੋਈ 10 ਰੁਪਏ ਦੀ ਥਾਲੀ ਉਪਲੱਬਧ ਕਰਵਾ ਰਹੀ ਹੈ, ਜਿਸ ਵਿੱਚ ਦਾਲ, ਸਬਜ਼ੀ, 4 ਫੁਲਕੇ ਅਤੇ ਚਾਵਲ ਦਿੱਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਗਈ ਸਾਂਝੀ ਰਸੋਈ ਆਮ ਤੌਰ ‘ਤੇ ਦੂਰ-ਦੁਰਾਡੇ ਪਿੰਡਾਂ ਤੋਂ ਸ਼ਹਿਰ ਕੰਮ-ਕਾਜ ਕਰਨ ਲਈ ਆਉਣ ਵਾਲੇ ਮਜ਼ਦੂਰਾਂ, ਹਸਪਤਾਲ ਵਿੱਚ ਦਵਾਈ ਲੈਣ ਲਈ ਆਉਣ ਵਾਲੇ ਮਰੀਜ਼ਾਂ ਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਸਹਿਯੋਗੀਆਂ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹਨ ਵਾਲੇ ਲੋੜਵੰਦ ਵਿਦਿਆਰਥੀਆਂ, ਰੋਜ਼ਗਾਰ ਦੀ ਤਲਾਸ਼ ਵਿੱਚ ਸ਼ਹਿਰ ਆਉਣ ਵਾਲੇ ਬੇਰੋਜ਼ਗਾਰ ਨੌਜਵਾਨਾਂ ਅਤੇ ਮਜ਼ਦੂਰਾਂ ਲਈ ਲਾਹੇਵੰਦ ਸਿੱਧ ਹੋ ਰਹੀ ਹੈ।ਸੰਘਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੋਟੀਆਂ ਬਣਾਉਨ ਲਈ ਮਸ਼ੀਨ ਵੀ ਲਗਾ ਦਿੱਤੀ ਗਈ ਹੈ, ਜਿਸ ਨਾਲ ਤਾਜ਼ਾ ਰੋਟੀ ਪਹੁੰਚ ਰਹੀ ਹੈ।
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਕੱਤਰ ਰਣਧੀਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜਿਲ੍ਹਾ ਰੈਡ ਕਰਾਸ ਸ਼ਾਖਾ ਅੰਮ੍ਰਿਤਸਰ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਇਸ ‘ਸਾਂਝੀ ਰਸੋਈ‘ ਵਿੱਚ 10 ਰੁਪਏ ‘ਚ ਦਿੱਤਾ ਜਾ ਰਿਹਾ ਖਾਣਾ ਪੌਸ਼ਟਿਕ ਅਤੇ ਸਵਾਦਿਸ਼ਟ ਹੈ, ਜਿਸ ਤੋਂ ਲੋੜਵੰਦ ਲੋਕ ਲਾਭ ਉਠਾ ਰਹੇ ਹਨ।ਉਨ੍ਹਾਂ ਇਸ ਸਕੀਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਅਤੇ ਸਮਾਜ ਸੇਵੀ ਸੰਸਥਾਵਾਂ/ਐਸੋਸੀਏਸ਼ਨਾਂ ਦਾ ਧੰਨਵਾਦ ਵੀ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media