Saturday, February 28, 2026

ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ – 2019

               365  ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2019 ਸਾਡੇ ਬੂਹੇ `ਤੇ ਦਸਤਕ ਦੇ ਰਿਹਾ ਹੈ।ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ ਰਹੀਆਂ ਹੋਣ।ਪਤਾ ਹੀ ਨਹੀ ਚੱਲਿਆ ਕਿ ਕਦੋਂ ਕੰਲੈਡਰ ਤੋਂ ਤਰੀਖ਼ਾਂ ਬਦਲਦਿਆਂ-ਬਦਲਦਿਆਂ ਕੰਲੈਡਰ ਹੀ ਬਦਲ ਗਿਆ ਅਤੇ ਉਸ ਦੀ ਜਗ੍ਹਾਂ ਨਵੇਂ ਸਾਲ ਦੇ ਕੰਲੈਡਰ ਨੇ ਲੈ ਲਈ।ਬਦਲਾਅ ਪ੍ਰਕਿਰਤੀ ਦਾ ਨਿਯਮ ਹੈ।ਚਾਹੇ ਉਹ ਅੱਤ ਦੀ ਗਰਮੀ ਤੋਂ ਬਾਅਦ ਹੱਡ ਚੀਰਵੀ ਠੰਡ ਦਾ ਅਹਿਸਾਸ ਹੋਵੇ ਜਾਂ ਫਿਰ ਪਤਝੜ ਦੀ ਰੁੱਤ ਤੋਂ ਬਾਅਦ ਬਹਾਰ ਦਾ ਆਉਣਾ।ਅਸੀਂ ਹਮੇਸ਼ਾਂ ਇਹੀ ਉੁਮੀਦ ਕਰਦੇ ਹਾਂ ਕਿ ਕੋਈ ਵੀ ਬਦਲਾਓ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹੀ ਲੈ ਕੇ ਆਵੇ।ਬੇਸ਼ੱਕ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹਰ ਦਿਨ ਦੋਬਾਰਾ ਨਹੀਂ ਆਉਣਾ ਹੁੰਦਾ।ਪਰ ਅਸੀਂ ਦਿਨ ਜਾਂ ਮਹੀਨਿਆਂ ਨੂੰ ਉਹ ਮਹੱਤਤਾ ਨਹੀਂ ਦਿੰਦੇ ਜੋ ਸਾਲ ਨੂੰ ਦਿੰਦੇ ਹਾਂ।
               ਸਾਲ ਸ਼ੁਰੂ ਹੋਣ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ ਸ਼ੁਭਕਾਮਨਾਵਾ ਦਾ ਸਿਲਸਿਲਾ ਜੋ ਨਵੇਂ ਸਾਲ ਦੇ ਆ ਜਾਣ ਤੋਂ ਬਾਅਦ ਵੀ ਚਲਦਾ ਰਹਿੰਦਾ ਹੈ।ਨਵੇਂ ਵਰੇ ਨਾਲ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਜੁੜ ਜਾਂਦੀਆ ਹਨ।ਇਥੋਂ ਤੱਕ ਕਿ ਕੁੱਝ ਲੋਕ ਤਾਂ ਆਪਣੀ ਕਿਸਮਤ ਦੀ ਡੋਰ ਵੀ ਨਵੇਂ ਸਾਲ ਦੇ ਹੱਥ ਫੜਾ ਸ਼ੁਰਖਰੂ ਹੋ ਜਾਂਦੇ ਹਨ।ਅਜਿਹੇ ਲੋਕਾਂ ਵਿੱਚ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜ਼ੋ ਕਿ ਕਿਸੇ ਵੀ ਖੇਤਰ ਵਿੱਚ ਬਿਨ੍ਹਾਂ ਮਿਹਨਤ ਕੀਤੇ ਸਫ਼ਲਤਾ ਹਾਸਿਲ ਕਰਨਾ ਚਾਹੁੰਦੇ ਹਨ।ਅਜਿਹੇ ਲੋਕ ਆਪਣੀ ਅਸਫ਼ਲਤਾ ਦਾ ਦੋਸ਼ ਕਿਸਮਤ ਜਾਂ ਬੀਤੇ ਵਰੇ ਨੂੰ ਦਿੰਦੇ ਹੋਏ ਅਕਸਰ ਦੇਖੇ ਜਾਂ ਸਕਦੇ ਹਨ।ਨਵੇਂ ਵਰੇ ਨਾਲ ਕਿਸਮਤ ਬਦਲਣ ਅਤੇ ਕਾਮਯਾਬੀ ਹਾਸਿਲ ਕਰਨ ਦੇ ਸੁਪਨੇ ਵੇਖਣਾ ਬੁਰੀ ਗੱਲ ਨਹੀਂ।ਲੋੜ ਹੈ ਤਾਂ ਉਸ ਅਣਥੱਕ ਮਿਹਨਤ ਦੀ ਜੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ।ਸਾਲ ਦੇ ਬਦਲਣ ਨਾਲ ਅਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਅ ਲਿਆ ਸਕਦੇ ਹਾਂ।ਆਪਣੀ ਜ਼ਿੰਦਗੀ ਵਿੱਚ ਕੋਈ ਟੀਚਾ ਮਿੱਥ ਕੇ ਉਸ ਨੂੰ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਹਾਸਿਲ ਕਰ ਸਕਦੇ ਹਾਂ।ਜਿਹੜੇ ਲੋਕ ਮਿਹਨਤ ਕਰਦੇ ਹਨ ਮੰਜ਼ਿਲ ਵੀ ਉਹਨਾਂ ਦੇ ਹੀ ਪੈਰ ਚੁੰਮਦੀ ਹੈ।
                 ਬੀਤੇ ਵਰੇ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ, ਸਾਕ-ਸਨੇਹੀ, ਸੱਜਣ ਮਿੱਤਰ ਸਾਡਾ ਸਾਥ ਛੱਡ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਏ ਉਹਨਾਂ ਦਾ ਸਾਡੇ ਨਾਲ ਸਾਥ ਬੱਸ ਇੰਨ੍ਹਾਂ ਹੀ ਹੋੋਵੇਗਾ।ਧੁਰ ਦਰਗਾਹੋਂ ਲਿਖਿਆ ਅਸੀਂ ਮਿਟਾ ਨਹੀਂ ਸਕਦੇ। ਬਹੁਤ ਸਾਰੇ ਸੱਜਣ ਮਿੱਤਰ ਅਜਿਹੇ ਹੋਣਗੇ ਜਿੰਨ੍ਹਾਂ ਜ਼ਿੰਦਗੀ ਦੇ ਪੰਧ `ਤੇ ਚਲਦਿਆਂ ਅਚਾਨਕ ਹੀ ਆਪਣਾ ਰਸਤਾ ਬਦਲ ਲਿਆ ਹੋਣਾ।ਜਹਾਨੋਂ ਤੁਰ ਜਾਣ ਵਾਲਿਆ ਨੂੰ ਜਾਂ ਜ਼ਿੰਦਗੀ ’ਚੋਂ ਚਲੇ ਜਾਣ ਵਾਲਿਆਂ ਨੂੰ ਤਾਂ ਅਸੀਂ ਵਾਪਸ ਨਹੀਂ ਲਿਆ ਸਕਦੇ।ਪਰ ਕੋਸ਼ਿਸ਼ ਕਰੋ ਜੋ ਰੁੱਸ ਗਏ ਹਨ, ਉਹਨਾਂ ਨਾਲ ਗਿਲੇ ਸ਼ਿਕਵੇ ਦੂਰ ਕਰ ਨਵੇਂ ਵਰੇ ਵਿੱ    ਚ ਮਨ੍ਹਾ ਲਿਆ ਜਾਵੇ।
                ਆਪਣੇ ਨਿੱਜ ਤੋਂ ਉਪਰ ਉਠ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਆਸ-ਪਾਸ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸਾਡੀ ਰੂਹ ਨੂੰ ਛੱਲਣੀ ਕਰ ਦਿੰਦੀਆਂ ਹਨ।ਸਾਲ 2018 ਦੇ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤਿਆਂ ਹੋਵੇ ਜਿਸ ਦਿਨ ਸਾਨੂੰ ਅਖ਼ਬਾਰ ਵਿੱਚ ਕਿਸੇ ਕਰਜ਼ਾਈ ਕਿਸਾਨ ਦੀ ਖ਼ਦਕੁਸ਼ੀ ਦੀ ਖ਼ਬਰ ਪੜ੍ਹਨ ਨੂੰ ਨਾ ਮਿਲੀ ਹੋਵੇ, ਜਾਂ ਫਿਰ ਕੋਈ ਨਾਬਾਲਗ ਬਲਾਤਕਾਰ ਦਾ ਸ਼ਿਕਾਰ ਨਾ ਹੋਈ ਹੋਵੇ।ਸ਼ਰਾਰਤੀ ਅਨਸਰਾਂ ਵਲੋਂ ਧਰਮ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਿੱਤਾ ਗਿਆ।ਹਰ ਪਾਸੇ ਭਿ੍ਰਸ਼ਟਾਚਾਰ ਦਾ ਬੋਲ ਬਾਲਾ ਹੈ।ਅੱਜ ਵੀ ਨਵ-ਵਿਆਹੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ।ਨੌਜਵਾਨ ਕੁੜੀਆਂ ਮੁੰਡੇ ਨਸ਼ਿਆ ਦੇ ਛੇਵੇ ਦਰਿਆ ਵਿੱਚ ਡੁੱਬਦੇ ਜਾ ਰਹੇ ਹਨੇ।ਦਿਨ-ਬ-ਦਿਨ ਵੱਧਦੀ ਬੇਰੁਜ਼ਗਾਰੀ ਨੌਜਵਾਨ ਪੀੜ੍ਹੀ ਨੂੰ ਸੜਕਾ ਰੋਕਣ, ਧਰਨੇ ਲਾਉਣ ਅਤੇ ਆਤਮਦਾਹ (ਆਤਮ ਹਤਿਆ) ਕਰਨ ਲਈ ਮਜਬੂਰ ਕਰ ਰਹੀ ਹੈ।
                   ਨਵੇਂ ਵਰੇ ਵਿੱਚ ਜਿਥੇ ਲੋਕਾਂ ਨੂੰ ਆਪਣੀ ਸੋਚ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ, ਉਥੇ ਹੀ ਸਮੇਂ ਦੀ ਸਰਕਾਰ ਵਲੋਂ ਨਵੀਆਂ ਨੀਤੀਆਂ ਘੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੇਂ ਕੰਨੂਨ ਬਣਾਏ ਜਾਣੇ ਚਾਹੀਦੇ ਹਨ ਜਿੰਨ੍ਹਾਂ ਦੇ ਅਧੀਨ ਭ੍ਰਿਸ਼ਟਾਚਾਰ, ਚੋਰਬਜ਼ਾਰੀ, ਬਲਾਤਕਾਰ, ਨਸ਼ਾਖੋਰੀ, ਆਤਮ ਹੱਤਿਆ, ਬੇਰੋਜ਼ਗਾਰੀ ਵਰਗੀਆਂ ਅਣਗਿਣਤ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।
                   ਪ੍ਰਮਾਤਮਾ ਕਰੇ ਕਿ ਨਵੇਂ ਵਰੇ ਵਿੱਚ ਕਿਸੇ ਕਿਸਾਨ ਦੀ ਖ਼ੁਦਕੁਸ਼ੀ ਦੀ ਖਬਰ ਅਖ਼ਬਾਰ ਦੀ ਸੁਰਖੀ ਨਾ ਬਣੇ। ਧਰਮ ਦੇ ਨਾ ਤੇ ਕਤਲੋਗਾਰਤ ਨਾ ਹੋਵੇ।ਕੋਈ ਮਸੂਮ ਬਲਾਤਕਾਰ ਦਾ ਸ਼ਿਕਾਰ ਨਾ ਹੋਵੇ।ਕਿਸੇ ਬੇਰੁਜ਼ਗਾਰ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹ ਆਪਣੇ ਆਪ ਨੂੰ ਅੱਗ ਨਾ ਲਾਉਣੀ ਪਵੇ।ਕੋਈ ਬੁੱਢਾ ਬਾਪ ਆਪਣੇ ਜਵਾਨ ਪੁੱਤ ਦੀ ਚਿਤਾ ਨੂੰ ਲਾਬੂ ਨਾ ਲਾਵੇ।ਰੱਬ ਕਰੇ ਕੇ ਆਉਣ ਵਾਲਾ ਵਰ੍ਹਾ ਸਾਰੀਆਂ ਸਮੱਸਿਆਵਾ ਦਾ ਹੱਲ ਹੋਵੇ ਅਤੇ ਸਾਡੇ ਸਭ ਲਈ ਖੁਸ਼ੀਆਂ ਲੈ ਕੇ ਆਵੇ, ਆਮੀਨ।

Kanwal Dhillon1

 

 

 

 

 

 

 

ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
ਮੋ- 9478793231

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply