Friday, September 11, 2026

ਪੰਚਾਇਤੀ ਚੋਣਾਂ ਤੇ ਮੋਹਤਬਰਾਂ ਦੀ ਤੂਤੀ

        ਮੈਂ ਕਿਹਾ ਲੀਡਰੋ! ਪੰਚਾਇਤ ਚੋਣਾ ਦਾ ਬਿਗਲ ਵੱਜ ਗਿਆ।ਇਲਾਕੇ ਵਿੱਚ ਕੌਣ ਕੌਣ ਬਣੂ ਸਰਪੰਚ? ਸਾਡੀ ਪਾਰਟੀ ਦੇ ਬਣਨੇ ਨੇ, ਨਾ ਖੁਦਾ ਨਖਾਸਤਾ ਦੂਸਰਾ ਕੋਈ ਬਣ ਗਿਆ।ਗਰਾਂਟਾਂ ਲਈ ਤਾਂ ਸਾਡੀਆਂ ਹੀ ਲਿੱਲੜੀਆਂ ਕੱਢਣੀਆਂ ਪੈਣਗੀਆਂ।ਭਰਾਵਾ ਸਾਡੇ ਤਾਂ ਦੋਹੀ ਹੱਥੀਂ ਲ਼ੱਡੂ ਆ।ਤੁਸੀਂ ਵੇਖੀ ਜਾਓ ਸਭ ਹਾਉਲੇ ਕਰ ਦੇਣੇ।ਠੰਡ ਵੱਧ ਗਈ ਦੂਜੀ ਕਿਣਮਿਣ।ਚੋਣਾਂ ਦਾ ਖਰਚਾ ਵੱਧ ਗਿਆ ਪੀਣ ਪਿਲਾਉਣ ਦਾ।ਤੁਹਾਡੇ ਵਰਗੇ ਥੋੜੇ ਦਾਲ ਪੀਣੇ ਨੇ, ਨਾ ਕਿਸੇ ਦੇ ਜਾਣਾ ਨਾ ਆਉਣਾ।ਦਾਰੂ ਸਿੱਕੇ ਵਾਲੇ ਬਹੁਤੇ ਵੋਟਰ ਆ।ਨਾਲੇ ਤੁਹਾਨੂੰ ਕਿਹੜੀ ਭੁਲ ਆ ਵੇਖੀ ਜਾਇਓ ਨੌਈਂ ਰੂੰ ਤੇਰੀ ਕਪਾਹ ਕਿੱਦਾਂ ਤੁਲਦੀਆ।ਪਿੰਡਾਂ ਦਾ ਵੀ ਕੁੱਝ ਸੌਰ ਜਾਊ? ਮੇਰਾ ਤਾਂ ਮਨ ਸੀ ਕਿ ਪਿੰਡ ਵਿੱਚ ਕੁੱਝ ਸੁਧਾਰ ਹੋ ਜਾਣ।ਦਾਰੂ ਸਿੱਕਾ ਨਾ ਪੀਤਾ ਪਿਲਾਇਆ ਜਾਵੇ।ਗਰਾਂਟਾਂ ਸਹੀ ਕੰਮ `ਤੇ ਲੱਗਣ।ਪਿੰਡ ਸਰਬਸੰਮਤੀ ਨਾਲ ਪੰਚਾਇਤਾਂ ਬਣਾ ਲੈਣ।ਧੜੇਬੰਦੀ ਪੰਚਾਇਤਾਂ ਵਿੱਚ ਨਾ ਹੋਵੇ।ਸਾਂਝੇ ਕੰਮ ਲਈ ਖਿੱਚ ਧੂਹ ਨਾ ਹੋਵੇ।ਝਗੜੇ ਝੇੜੇ ਪੰਚਾਇਤਾਂ ਵਿੱਚ ਹੀ ਨਿੱਬੜ ਜਾਇਆ ਕਰਨ।ਤੁਸੀਂ ਤੇ ਭੋਲੀਆਂ ਗੱਲਾਂ ਕਰਦੇ ਹੋ ਭਰਾ ਜੀ।ਬੰਦੇ ਕੋਲੋਂ ਆਪਣੀ ਘਰਵਾਲੀ ਨਹੀਂ ਖੁਸ਼ ਹੁੰਦੀ, ਸਾਰਾ ਟੱਬਰ ਨਹੀਂ ਸਾਂਭ ਹੁੰਦਾ, ਇਹ ਤੇ ਫਿਰ ਪਿੰਡ ਦੇ ਲੋਕ ਨੇ।ਬੱਸ ਚਾਰ ਦਿਨ ਸੱਭ ਨੂੰ ਪੁੱਤ ਦੇਈ ਜਾਣੇ ਆ।ਸਰਦੇ ਪੁੱਜਦਿਆਂ ਨੇ ਕਹੀ ਜਾਣਾ ਸਰਦਾਰਾ ਕੋਈ ਕਸਰ ਨਾ ਛੱਡੀ।ਪੈਸੇ ਧੇਲੇ ਜਿੰਨੇ ਮਰਜ਼ੀ ਲੈ ਲਾ ਪਰ ਏਧਰ ਅੰਗੂਠਾ ਨੱਪ ਦੇ। ਰਹੀ ਗੱਲ ਪਿੰਡ ਦੇ ਪਾਣੀ ਦੇ ਨਿਕਾਸ ਦੀ ਉਹ ਤੇ ਬੋਤਲਾਂ ਵਿੱਚ ਹੁਣ ਹੀ ਪੈ ਜਾਣਾ ਤੇ ਗਲੀਆਂ ਨਾਲੀਆਂ ਦਾ ਲਾਜ਼ਮਾਂ ਬਣ ਜਾਣਾ।ਤੁਸੀਂ ਅਸੀਂ ਸੁੱਕੇ ਸੁੱਕੇ ਲੰਘ ਜਾਣਾ ਬਾਕੀ ਡਿੱਗਣ ਵਹਿਣੀਆਂ ਵਿੱਚ।ਥਾਣੇ ਠਪੇ, ਸਰਕਾਰੇ ਦਰਬਾਰੇ ਤਾਂ ਸਾਡੀ ਹੀ ਲੋੜ੍ਹ ਪੈਣੀ, ਮਾੜੇ ਮੋਟੇ ਦੀ ਕੌਣ ਸੁਣਦਾ।ਵੰਗਾਰਾਂ ਤਾਂ ਖਾਨਦਾਨੀ ਲੋਕ ਹੀ ਝੱਲਦੇ ਨੇ।ਕੰਮ ਵੀ ਉਹ ਹੀ ਕਢਵਾਉਂਦੇ ਨੇ।ਨਵਿਆਂ ਨੂੰ ਦਾਅ ਪੇਚ ਕਿੱਥੋਂ ਆਉਣੇ।ਤੁਸੀਂ ਪਿਛਾਂਹ ਨੂੰ ਝਾਤੀ ਮਾਰ ਲਵੋ ਸਰਪੰਚੀ ਦੀ ਫੀਤੀ ਉਸ ਨੂੰ ਹੀ ਲੱਗਣੀ ਜਿਸ ਦੇ ਸਿਰ ਅਸੀਂ ਹੱਥ ਰੱਖ ਦੇਈਏ।ਚੱਲਣੀ ਸਾਡੇ ਵਰਗਿਆਂ ਦੀ ਹੀ ਹੈ।ਇਹ ਗੱਲ ਵੱਖਰੀ ਪਾਰਟੀ ਕੋਈ ਵੀ ਹੋਵੇ।ਅਸੀਂ ਸਾਰੀਆਂ ਪਾਰਟੀਆਂ ਨਾਲ ਬਣਾ ਕੇ ਰੱਖੀ ਹੁੰਦੀ।ਸਾਡੇ ਮਰਨੇ ਜੰਮਣੇ ਸਾਰੀਆਂ ਪਾਰਟੀਆਂ ਦੇ ਲੀਡਰ ਆਉਂਦੇ।ਚੰਗਾ ਫਿਰ ਮੈਂ ਚਲਦਾ, ਤੁਸੀਂ ਵਜਾਓ ਆਪਣੇ ਵਾਜੇ।

Manjit S Sondh

 

 

 

 

 

 

 

ਮਨਜੀਤ ਸਿੰਘ ਸੌਂਦ
ਪਿੰਡ ਤੇ ਡਾ: ਟਾਂਗਰਾ (ਅੰਮ੍ਰਿਤਸਰ)
ਮੋਬਾ:- 98037-61451

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply