Monday, April 27, 2026

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਹੁੱਦੇਦਾਰ

ਛੀਨਾ ਨੇ ਕਰਤਾਰਪੁਰ ਲਾਂਘਾ, 84 ਸਿੱਖ ਕਤਲੇਆਮ ਤੇ ਹੋਰ ਅਹਿਮ ਮੁੱਦਿਆਂ ’ਤੇ ਕੀਤੀ ਚਰਚਾ

PUNJ0201201920ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅੱਜ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ 7 ਮੈਂਬਰੀ ਵਫ਼ਦ ਨੇ ਸੰਸਦ ਭਵਨ ਵਿਖੇ ਮੁਲਾਕਾਤ ਕੀਤੀ।ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਸਿੱਖਾਂ ਦੀ ਬੜ੍ਹੇ ਚਿਰਾਂ ਤੋਂ ਚੱਲੀ ਆ ਰਹੀ ਮੰਗ ਕਰਤਾਰਪੁਰ ਕੋਰੀਡੋਰ ਨੂੰ ਖੋਲ੍ਹਣ ਦੀ ਪਹਿਲਕਦਮੀ ਲਈ ਭਾਰਤ ਸਰਕਾਰ ਖਾਸਕਰ ਮੋਦੀ ਦਾ ਧੰਨਵਾਦ ਕਰਨ ਅਤੇ ਸੰਨ 1984 ’ਚ ਹੋਏ ਘੱਟ ਗਿਣਤੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਤੋਂ ਇਲਾਵਾ ਘੱਟ ਗਿਣਤੀ ਭਾਈਚਾਰੇ ਦੀਆਂ ਹੋਰਨਾਂ ਦਰਪੇਸ਼ ਮੁਸ਼ਕਿਲਾਂ ’ਤੇ ਵਿਚਾਰ-ਚਰਚਾ ਕੀਤੀ।ਮੋਦੀ ਨਾਲ 25 ਮਿੰਟ ਤੋਂ ਵਧੇਰੇ ਸਮੇਂ ਦੀ ਮੀਟਿੰਗ ਕਰਨ ਉਪਰੰਤ ਵਫ਼ਦ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲਿਆ।
    ਛੀਨਾ ਦੀ ਅਗਵਾਈ ਹੇਠ ਦਿੱਲੀ ਪੁੱਜੇ ਇਸ ’ਚ ਵਫ਼ਦ ’ਚ ਕੌਂਸਲ ਦੇ ਜੁਆਇੰਟ ਸਕੱਤਰ ਗੁਨਬੀਰ ਸਿੰਘ, ਅਜ਼ਮੇਰ ਸਿੰਘ ਹੇਰ, ਸਰਾਜਬੀਰ ਸਿੰਘ, ਸਰਦੂਲ ਸਿੰਘ ਮੰਨਨ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਅਤੇ ਅੰਡਰ ਸੈਕਟਰੀ ਡੀ.ਐਸ ਰਟੌਲ ਵੀ ਮੌਜ਼ੂਦ ਸਨ।ਛੀਨਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਕਈ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਨੂੰ ਸਾਲ-2019 ’ਚ ਸਮਰਪਿਤ ਕਰਨ ਲਈ ਕੇਂਦਰ ਸਰਕਾਰ ਦੇ ਫ਼ੈਸਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਕਿਹਾ ਕਿ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਜਾਂਚ ਲਈ ਹੁਣ ਨਿਆਂਪਾਲਿਕਾ ਨੇ ਚੋਟੀ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨੂੰ ਸਜ਼ਾ ਦਿੱਤੀ ਹੈ।
    ਛੀਨਾ ਨੇ ਪ੍ਰਧਾਨ ਮੰਤਰੀ ਨੂੰ ਘੱਟ ਗਿਣਤੀ ਵਿੱਦਿਅਕ ਸੰਸਥਾਵਾਂ ਲਈ ਦਾਨ, ਗ੍ਰਾਂਟ ਅਤੇ ਹੋਰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸਮੁੱਚੇ ਦੇਸ਼ ਲਈ ਅਜਿਹੀਆਂ ਸਕੀਮਾਂ ਮੁਹੱਈਆ ਹੋਣੀਆਂ ਚਾਹੀਦੀਆਂ ਹਨ।ਛੀਨਾ ਨੇ ਪ੍ਰਧਾਨ ਮੰਤਰੀ ਨਾਲ ਖੇਤੀਬਾੜੀ ਖੇਤਰ ਦੇ ਵਰਤਮਾਨ ਦ੍ਰਿਸ਼ਟੀ ’ਤੇ ਵੀ ਚਰਚਾ ਕੀਤੀ ਅਤੇ ਮੰਗ ਕੀਤੀ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ ਚਾਹੀਦਾ ਹੈ, ਜਿਸ ਨਾਲ ਦੁੱਖੀ ਕਿਰਸਾਨੀ ਦੇ ਖੇਤਰ ’ਚ ਇਕ ਨਵੀਂ ਕ੍ਰਾਂਤੀ ਆਵੇਗੀ।ਛੀਨਾ ਨੇ ਪ੍ਰਧਾਨ ਮੰਤਰੀ ਨਾਲ ਗੁਰੂ ਨਗਰੀ ਦੇ ਵਿਕਾਸ ਦੇ ਮੁੱਦਿਆਂ ’ਤੇ ਵੀ ਵਿਚਾਰ-ਚਰਚਾ ਕੀਤੀ।ਛੀਨਾ ਨੇ 1892 ਤੋਂ ਸਥਾਪਿਤ ਉਚ ਵਿੱਦਿਅਕ ਸੰਸਥਾ ਖ਼ਾਲਸਾ ਕਾਲਜ ਦੇ ਇਤਿਹਾਸਕ ਸਬੰਧੀ ਵੀ ਚਰਚਾ ਕੀਤੀ ਅਤੇ ਦੱਸਿਆ ਕਿ ਕਾਲਜ ਦੇ ਹੋਂਦ ’ਤੇ ਆਉਣ ਦੇ ਦੌਰ ਤੋਂ ਹੀ ਕਿਸਾਨੀ ਭਾਈਚਾਰੇ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਵਿਹਾਰਕ ਮੁਸ਼ਕਿਲਾਂ ਦੇ ਹੱਲ ਲਈ ਸਭ ਤੋਂ ਪੁਰਾਣਾ ਖੇਤੀਬਾੜੀ ਵਿਭਾਗ ਚਲਾ ਰਿਹਾ ਹੈ।
    ਛੀਨਾ ਨੇ ਕਿਹਾ ਕਿ ਸੰਨ 1890 ’ਚ ਬ੍ਰਿਟਿਸ਼ ਯੁੱਗ ’ਚ ਸਥਾਪਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਭਾਰਤ ਦੀ ਸਭ ਤੋਂ ਪੁਰਾਣੀ ਵਿੱਦਿਅਕ ਸੰਸਥਾ ਹੈ, ਜੋ 19 ਵਿੱਦਿਅਕ ਅਦਾਰਿਆਂ ਨੂੰ ਸਫ਼ਲਤਾਪੂਰਵਕ ਚਲਾ ਰਿਹਾ ਹੈ, ਜਿਸ ’ਚ ਇਤਿਹਾਸਕ ਖ਼ਾਲਸਾ ਕਾਲਜ ਦੀ ਇਮਾਰਤ ਇਕ ਵਿਲੱਖਣ ਤੇ ਅਦਭੁੱਤ ਸੰਸਥਾ ਵਜੋਂ ਸਥਿਤ ਹੈ ਅਤੇ ਕੌਂਸਲ ਅਧੀਨ ਨਾਮਵਰ ਵਿੱਦਿਅਕ ਅਦਾਰੇ ਮੋਹਾਲੀ (ਚੰਡੀਗੜ੍ਹ) ਤੱਕ ਸਥਾਪਿਤ ਹਨ।
    ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਗੱਲਬਾਤ ’ਚ ਕਿਹਾ ਕਿ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ’ਚ ਦੇਸ਼ ਲਈ ਬਲਿਦਾਨਾਂ ਸਬੰਧੀ ਬਹਾਦਰੀ ਅਤੇ ਇਤਿਹਾਸ ਲਈ ਉਹ ਸਿੱਖ ਕੌਮ ਦੇ ਬਹੁਤ ਪ੍ਰਸੰਸਕ ਹਨ।ਉਨਾਂ ਨੇ ਸਿੱਖਾਂ ਦੀ ਸ਼ਾਂਤੀਪੂਰਨ, ਉਦਮੀ ਭਾਈਚਾਰੇ ਦੇ ਤੌਰ ’ਤੇ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੌਮ ਦੇ ਵਿਕਾਸ ਅਤੇ ਤਰੱਕੀ ’ਚ ਉਨ੍ਹਾਂ ਦਾ ਯੋਗਦਾਨ ਅਹਿਮ ਹੈ।
    ਵਫ਼ਦ ਨੇ ਮੋਦੀ ਨੂੰ ਬੁੱਕੇ ਪੇਸ਼ ਕੀਤੇ ਅਤੇ ਸਿੱਖ ਇਤਿਹਾਸ, ਸੱਭਿਆਚਾਰ ’ਤੇ ਕਿਤਾਬਾਂ ਦਾ ਸੈਟ ਅਤੇ ਖਾਲਸਾ ਕਾਲਜ ਦੀ ਤਸਵੀਰ ਸਨਮਾਨ ਵਜੋਂ ਭੇਟ ਕੀਤੀ।
 

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply