Friday, March 13, 2026

ਕੂੜੇ ਤੋਂ ਵੀ ਕੀਤੀ ਜਾ ਸਕਦੀ ਹੈ ਕਮਾਈ – ਡਿਪਟੀ ਕਮਿਸ਼ਨਰ

ਜਿਲ੍ਹਾ ਮਾਨਸਾ ਨੂੰ ਕੂੜਾ ਅਤੇ ਡੰਪ ਮੁਕਤ ਕੀਤਾ ਜਾਵੇਗਾ -ਅਪਨੀਤ ਰਿਆਤ
ਭੀਖੀ, 3 ਜਨਵਰੀ (ਪੰਜਾਬ ਪੋਸਟ-  ਕਮਲ ਜਿੰਦਲ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਸਾਫ਼-ਸੁਥਰਾ, ਕੂੜਾ ਮੁਕਤ ਅਤੇ ਡੰਪ ਮੁਕਤ ਬਣਾਉਣ ਲਈ PUNJ0301201811ਤਿਆਰ ਕੀਤੇ ਪ੍ਰੋਜੈਕਟ 3 ਡੀ (ਤਿੰਨ ਡਸਟਬਿਨ) ਤਹਿਤ ਮਾਨਸਾ ਦੇ ਵਾਰਡ ਨੰਬਰ 20 ਤੋਂ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਸ਼ੁਰੂਆਤ ਕੀਤੀ।ਵਾਟਰ ਵਰਕਸ ਰੋਡ ਸਥਿਤ ਗਊਸ਼ਾਲਾ ਵਿਖੇ ਹੋਏ ਸਮਾਗਮ ਦੌਰਾਨ ਉਨਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸਫਲਤਾ ਲਈ ਲੋਕਾਂ ਦੇ ਪੂਰਨ ਸਹਿਯੋਗ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਫ਼-ਸੁਥਰੇ ਵਾਤਾਵਰਨ ਵਿੱਚ ਵਿਚਰ ਕੇ ਸਿਹਤਮੰਦ ਜ਼ਿੰਦਗੀ ਬਤੀਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਇਸ ਪ੍ਰੋਜੈਕਟ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਅੱਜ ਇਸਦੀ ਸ਼ੁਰੂਆਤ 20 ਨੰਬਰ ਵਾਰਡ ਵਿਚੋਂ ਹੋ ਚੁਕੀ ਹੈ ਅਤੇ ਜਲਦੀ ਹੀ ਸ਼ਹਿਰ ਦੇ 27 ਵਾਰਡਾਂ ਅਤੇ ਉਸ ਤੋਂ ਬਾਅਦ ਜ਼ਿਲ੍ਹੇ ਨੂੰ ਕੂੜਾ ਅਤੇ ਡੰਪ ਮੁਕਤ ਬਣਾ ਦਿੱਤਾ ਜਾਵੇਗਾ।    
ਉਨ੍ਹਾਂ ਕਿਹਾ ਕਿ ਕੂੜੇ ਤੋਂ ਵੀ ਆਮਦਨ ਪੈਦਾ ਕੀਤੀ ਜਾ ਸਕਦੀ ਹੈ, ਜੇਕਰ ਇਸ ਦਾ ਪ੍ਰਯੋਗ ਸਹੀ ਦਿਸ਼ਾ ਵਿੱਚ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਗਰੀਨ ਇੰਡੀਆ ਸਰਵਿਸ ਦੇ ਪ੍ਰੋਜੈਕਟ ਡਾਇਰੈਕਟਰ ਸੀ. ਨਿਵਾਸਨ ਮਾਨਸਾ ਵਿਖੇ ਉਚੇਚੇ ਤੌਰ `ਤੇ ਪਹੁੰਚੇ ਸਨ ਅਤੇ ਉਨ੍ਹਾਂ ਵੱਲੋਂ ਜ਼ਿਲ੍ਹਾ ਮਾਨਸਾ ਨੂੰ ਕੂੜਾ ਅਤੇ ਡੰਪ ਮੁਕਤ ਕਰਨ ਲਈ ਤਿਆਰ ਨੁਕਤਿਆਂ ਸਬੰਧੀ 2 ਦਿਨਾਂ ਵਰਕਸ਼ਾਪ ਦੌਰਾਨ ਵੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਐਸ.ਡੀ.ਐਮ ਮਾਨਸਾ ਅਭਿਜੀਤ ਕਪਲਿਸ਼ ਦੀ ਅਗਵਾਈ ਹੇਠ ਨਗਰ ਕੌਂਸਲ ਵੱਲੋਂ ਤਾਇਨਾਤ ਪ੍ਰੇਰਕਾਂ ਵੱਲੋਂ ਲੋਕਾਂ ਨੂੰ ਵਾਰਡ ਨੰਬਰ 20 ਦੇ ਘਰ-ਘਰ ਵਿੱਚ ਜਾ ਕੇ ਕੂੜੇ ਦੀ ਵਰਤੋਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਹਰੇਕ ਘਰ ਨੂੰ ਚਿੱਟੇ, ਹਰੇ ਅਤੇ ਲਾਲ ਰੰਗ ਦੇ ਡਸਟਬਿਨ ਮੁਫ਼ਤ ਵੰਡੇ ਗਏ। ਉਨ੍ਹਾਂ ਕਿਹਾ ਕਿ ਜੋ ਰੇਹੜੀਆਂ ਕੂੜਾ ਚੁੱਕਣ ਲਈ ਲਗਾਈਆਂ ਗਈਆਂ ਹਨ ਉਨ੍ਹਾਂ `ਤੇ ਵੀ ਟਰੈਕਿੰਗ ਸਿਸਟਮ ਲਗਾਇਆ ਜਾਵੇਗਾ।
    ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਨੇ ਪ੍ਰੋਜੈਕਟਰ ਰਾਹੀਂ ਲੋਕਾਂ ਨੂੰ ਕੂੜੇ ਦੀ ਵਰਤੋਂ ਕਿਵੇਂ ਅਤੇ ਕਿਸ ਢੰਗ ਨਾਲ ਕਰਨੀ ਹੈ ਅਤੇ ਇਸ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਚਿੱਟੇ ਰੰਗ ਦੇ ਡਸਟਬਿਨ ਵਿੱਚ ਗਊਆਂ ਦੇ ਖਾਣ ਯੋਗ ਚੀਜ਼ਾਂ, ਹਰੇ ਰੰਗ ਦੇ ਡਸਟਬਿਨ ਵਿੱਚ ਗਿੱਲਾ ਕੂੜਾ ਜਿਸ ਤੋਂ ਖਾਦ ਬਣਾਈ ਜਾ ਸਕੇ ਅਤੇ ਲਾਲ ਰੰਗ ਦੇ ਡਸਟਬਿਨ ਵਿੱਚ ਸੁੱਕਾ ਕੂੜਾ ਪਾਉਣਾ ਚਾਹੀਦਾ ਹੈ ਜਿਸ ਨੂੰ ਮੁੜ ਵਰਤੋਂ (ਰੀਸਾਈਕਲ) ਲਈ ਤਿਆਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਗਊਆਂ ਦੇ ਚਾਰੇ ਲਈ ਚਿੱਟੇ ਰੰਗ ਦੇ ਡਸਟਬਿਨ ਦੀ ਪਹਿਲ ਮਾਨਸਾ ਵੱਲੋਂ ਹੀ ਕੀਤੀ ਗਈ ਹੈ ਅਤੇ ਇਹ ਇਸ ਪ੍ਰਕਾਰ ਦਾ ਪੂਰੇ ਦੇਸ਼ ਵਿੱਚ ਪਹਿਲਾ ਪ੍ਰੋਜੈਕਟ ਹੈ।
    ਐਸ.ਡੀ.ਐਮ ਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਹਰੇਕ ਵਾਰਡ ਵਿੱਚ ਦੇਖ-ਭਾਲ ਕਮੇਟੀਆਂ ਵੀ ਗਠਿਤ ਕੀਤੀਆਂ ਜਾਣਗੀਆਂ। ਜ਼ਿਲ੍ਹੇ ਨੂੰ ਸਾਫ਼-ਸੁਥਰਾ ਰੱਖਣ ਲਈ ਕਿਸੇ ਵੀ ਤਰ੍ਹਾਂ ਦੇ ਸੁਝਾਅ ਹੈਲਪ ਲਾਈਨ ਨੰਬਰ 01652-227408 ਅਤੇ ਵਾਟਸਅੱਪ ਨੰਬਰ 73071-53895 `ਤੇ ਦਿੱਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ ਵਿੱਚੋਂ ਕੂੜਾ ਚੱਕਣ ਲਈ ਖਾਸ ਰੇਹੜੀਆਂ (ਜਿਨ੍ਹਾਂ ਵਿੱਚ ਚਿੱਟੇ, ਹਰੇ ਅਤੇ ਲਾਲ ਰੰਗ ਦੇ ਡਸਟਬਿਨ ਹੋਣਗੇ) ਦਾ ਪ੍ਰਬੰਧ ਕੀਤਾ ਗਿਆ ਹੈ।250 ਘਰਾਂ ਜਾਂ ਦੁਕਾਨਾ ਲਈ ਇੱਕ ਰੇਹੜੀ ਲਗਾਈ ਗਈ ਹੈ, ਜੋ ਦਿਨ ਵਿੱਚ 2 ਵਾਰ ਘਰਾਂ ਜਾਂ ਦੁਕਾਨਾਂ ਤੋਂ ਕੂੜਾ ਚੁੱਕਣਗੀਆਂ।ਉਨ੍ਹਾਂ ਕਿਹਾ ਕਿ ਕੂੜੇ ਨੂੰ ਵੀ ਕਮਾਈ ਦਾ ਸਾਧਨ ਬਣਾਇਆ ਜਾ ਸਕਦਾ ਹੈ ਜੇਕਰ ਸਹੀ ਢੰਗ ਨਾਲ ਵਰਤੋਂ ਵਿੱਚ ਲਿਆਇਆ ਜਾਵੇ।ਸੁੱਕੇ ਕੂੜੇ ਨੂੰ ਸੈਗਰੀਗੇਟ (ਅਲੱਗ) ਕਰਨ ਲਈ ਸ਼ਹਿਰ ਵਿੱੱਚ 17-18 ਐਮ.ਆਰ.ਐਫ (ਮਟੀਰੀਅਲ ਰਿਕਵਰੀ ਫੈਸਿਲੀਟੀ) ਸੈਂਟਰ ਵੀ ਬਣਾਏ ਜਾਣਗੇ।
        ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੇਸ਼ ਤ੍ਰਿਪਾਠੀ, ਪ੍ਰਧਾਨ ਨਗਰ ਕੌਂਸਲ ਮਾਨਸਾ ਮਨਦੀਪ ਸਿੰਘ ਗੋਰਾ, ਸੂਚਨਾ ਤੇ ਵਿਗਿਆਨ ਅਫ਼ਸਰ ਚੰਦਰਜੀਤ ਸੈਣੀ, ਕਾਰਜ ਸਾਧਕ ਅਫਸ਼ਰ ਮਾਨਸਾ ਵਿਜੇ ਕੁਮਾਰ ਜਿੰਦਲ, ਫਾਇਰ ਅਫ਼ਸਰ ਰਾਜ ਕੁਮਾਰ, ਸਵੱਛ ਭਾਰਤ ਪ੍ਰੇਰਕ ਆਦਿਤਯ ਮਦਾਨ, ਸੁਪਰਵਾਈਜ਼ਰ ਮਹਿੰਦਰ ਸਿੰਘ ਅਤੇ ਹੈਪੀ ਜਿੰਦਲ ਤੋਂ ਇਲਾਵਾ ਐਮ.ਸੀਜ਼, ਡਾਕਟਰ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply