ਟਾਊਨ ਹਾਲ ਪਾਰਕਿੰਗ ਦੀ ਸਮਰੱਥਾ ਵਧਾਉਣ ਲਈ ਵੇਖਿਆ ਮੌਕਾ
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀ ਵੱਡੀ ਗਿਣਤੀ ਸੰਗਤਦੀ ਸਹੂਲਤ ਲਈ ਕਾਰ ਪਾਰਕਿੰਗ, ਟੂਰਿਜ਼ਮ ਪੁਲਿਸ ਦੀ ਤਾਇਨਾਤੀ, ਸਫਾਈ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਅਤੇ ਸੈਰ ਸਪਾਟਾ ਵਿਭਾਗ ਦਾ ਵਿਸੇਸ਼ ਸੈਲ ਸਥਾਪਿਤ ਕਰਨ ਲਈ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਤਜਿੰਦਰਪਾਲ ਸਿੰਘ ਸੰਧੂ ਮੁੱਖ ਪ੍ਰਬੰਧਕ ਗਲਿਆਰਾ, ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ ਅਤੇ ਏ.ਡੀ.ਸੀ.ਪੀ ਸਿਟੀ-1 ਜਗਜੀਤ ਸਿੰਘ ਵਾਲੀਆ ਨੇ ਵਿਸਥਾਰ ਮੌਕੇ ’ਤੇ ਜਾ ਕੇ ਵਿਉਂਤਬੰਦੀ ਉਲੀਕੀ।
ਵਾਲੀਆ ਨੇ ਦੱਸਿਆ ਕਿ ਸਭ ਤੋਂ ਵੱਡੀ ਸਮੱਸਿਆ ਵਾਹਨਾਂ ਦੀ ਆਉਂਦੀ ਹੈ, ਕਿਉਂਕਿ ਸਾਰਾਗੜੀ ਤੇ ਕੇਸਰੀ ਬਾਗ ਪਾਰਕਿੰਗ ਭਰ ਜਾਣ ਕਾਰਨ ਲੋਕ ਸੜਕ ’ਤੇ ਵਾਹਨ ਲਗਾਉਣ ਲਈ ਮਜਬੂਰ ਹੋ ਜਾਂਦੇ ਹਨ।ਸੰਘਾ ਨੇ ਵਾਹਨਾਂ ਦੀ ਪਾਰਕਿੰਗ ਲਈ ਸਾਰਾਗੜੀ ਅਤੇ ਕੇਸਰੀ ਬਾਗ ਕਾਰ ਪਾਰਕਿੰਗ ਦੀ ਸਮਰੱਥਾ ਵਧਾਉਣ ਲਈ ਮੌਕਾ ਵੇਖਿਆ ਅਤੇ ਐਕਸੀਅਨ ਗਲਿਆਰਾ ਪ੍ਰਿਤਪਾਲ ਸਿੰਘ ਨੂੰ ਕਿਹਾ ਕਿ ਉਹ ਦੋਵਾਂ ਪਾਰਕਿੰਗਾਂ ਦੀ ਸਮਰੱਥਾ ਵਧਾਉਣ ਤੇ ਕੇਸਰੀ ਬਾਗ ਪਾਰਕਿੰਗ ਨੂੰ ਵੀ ਐਲੀਵੇਟਿਡ ਰੋਡ ਨਾਲ ਜੋੜਨ ਲਈ ਵਿਉਂਤਬੰਦੀ ਕਰਨ।
ਐਕਸੀਅਨ ਨੇ ਦੱਸਿਆ ਕਿ ਇਸ ਮੌਕੇ ਸਾਰਾਗੜੀ ਕਾਰ ਪਾਰਕਿੰਗ ਵਿਚ 1212 ਕਾਰਾਂ ਦੀ ਪਾਰਕਿੰਗ ਹੁੰਦੀ ਹੈ ਅਤੇ ਇਸ ਦੀ ਇਕ ਮੰਜਿਲ ਹੋਰ ਵਧਾ ਕੇ ਕਰੀਬ 300 ਕਾਰਾਂ ਦੀ ਪਾਰਕਿੰਗ ਹੋਰ ਵਧਾਈ ਜਾ ਸਕਦੀ ਹੈ।ਐਕਸੀਅਨ ਗਲਿਆਰਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਮੌਜੂਦਾ ਸਮੇਂ ਇਸ ਦੀਆਂ ਚਾਰ ਮੰਜਿਲਾਂ ਕੰਮ ਕਰ ਰਹੀਆਂ ਹਨ ਅਤੇ ਇਸਦੇ ਢਾਂਚੇ ਅਨੁਸਾਰ ਪਾਰਕਿੰਗ ਨੂੰ ਡੇਢ ਮੰਜਿਲ ਤੱਕ ਹੋਰ ਵਧਾ ਸਕਣ ਦੀ ਸਮਰੱਥਾ ਹੈ।
ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀਮਤੀ ਕੋਮਲ ਮਿੱਤਲ, ਜੋ ਕਿ ਗਲਿਆਰਾ ਕਮੇਟੀ ਵਿਚ ਵੀ ਮੈਂਬਰ ਹਨ, ਨੇ ਦੱਸਿਆ ਕਿ ਸਮਾਰਟ ਸਿਟੀ ਵਿਚ ਕੈਂਰੋ ਮਾਰਕੀਟ ਵਿਖੇ ਵੀ ਵੱਡੀ ਕਾਰ ਪਾਰਕਿੰਗ ਬਣਾਈ ਜਾ ਰਹੀ ਹੈ, ਜੋ ਕਿ ਸ਼ਰਧਾਲੂਆਂ ਦੇ ਨਾਲ-ਨਾਲ ਹਾਲ ਗੇਟ ਬਾਜ਼ਾਰ ਆਉਣ ਵਾਲੇ ਖਰੀਦਾਰਾਂ ਤੇ ਵਪਾਰੀਆਂ ਦੀ ਲੋੜ ਪੂਰੀ ਕਰ ਸਕੇਗੀ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪਾਰਕਿੰਗ ਵਿਚ ਸੈਲਾਨੀਆਂ ਦੀ ਸਹੂਲਤ ਲਈ ਅੰਤਰਰਾਸ਼ਟਰੀ ਮਾਪਦੰਡਾਂ ਦੇ ਸਾਇਨ ਬੋਰਡ ਲਗਾਉਣ ਤੇ ਸਫਾਈ ਦਾ ਧਿਆਨ ਰੱਖਣ ਦੀ ਹਦਾਇਤ ਵੀ ਕੀਤੀ।ਸੰਘਾ ਨੇ ਇਸ ਤੋਂ ਇਲਾਵਾ ਵਿਰਾਸਤੀ ਗਲੀ ਦੀ ਸਾਫ-ਸਫਾਈ, ਸਜਾਵਟੀ ਬੂਟਿਆਂ ਦੀ ਸਾਂਭ-ਸੰਭਾਲ ਤੇ ਲੱਗੀਆਂ ਲਾਇਟਾਂ ਦੇ ਨਾ ਜਗਣ ਲਈ ਇਸ ਦੀ ਸੰਭਾਲ ਕਰ ਰਹੀ ਏਜੰਸੀ ਨੂੰ ਤਲਬ ਕੀਤਾ ਤੇ ਹਦਾਇਤ ਕੀਤੀ ਕਿ ਇਕ ਹਫਤੇ ਦੇ ਵਿਚ-ਵਿਚ ਇਹ ਸਾਰੇ ਕੰਮ ਕਰਕੇ ਰਿਪੋਰਟ ਦਿੱਤੀ ਜਾਵੇ।ਸੰਘਾ ਨੇ ਪਾਰਕਿੰਗ ਦੇ ਨੇੜੇ ਟੂਰਜ਼ਿਮ ਪੁਲਿਸ ਤੇ ਸੈਰ-ਸਪਾਟਾ ਵਿਭਾਗ ਲਈ ਵਿਸ਼ੇਸ਼ ਸੈਲ ਬਨਾਉਣ ਵਾਸਤੇ ਸਥਾਨ ਵੀ ਵੇਖਿਆ।ਸੰਘਾ ਨੇ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਗੁਰੂ ਨਗਰੀ ਆਉਂਦੇ ਸ਼ਰਧਾਲੂਆਂ ਦੀ ਸਹੂਲਤ ਤੇ ਲੋੜਾਂ ਦਾ ਧਿਆਨ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਇਸ ਵਿਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Punjab Post Daily Online Newspaper & Print Media