ਸੰਗਤਾਂ ਨੂੰ ਸਹੂਲਤਾਂ ਦੇਣ ਅਤੇ ਪੰਥਕ ਜਾਇਦਾਦਾਂ ਦੀ ਰਾਖੀ ਲਈ ਕਮੇਟੀ ਬਣੇਗੀ- ਸਿਰਸਾ
ਨਵੀਂ ਦਿੱਲੀ, 1 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਗੁੁਰਮਤਿ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਅਤੇ ਢਾਡੀ ਪ੍ਰਸੰਗਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤਾਂ ਦਾ ਜ਼ਿਕਰ ਕਰਦੇ ਹੋਏ ਸਾਂਝੀਵਾਲਤਾ, ਭਰਾਤਰੀ ਭਾਵ, ਊਚ ਨੀਚ ਅਤੇ ਜਾਤ ਪਾਤ ਦੇ ਵਿਤਕਰੇ ਤੋਂ ਗੁਰਮਤਿ ਦੀ ਰੋਸ਼ਨੀ ਵਿੱਚ ਸਮਾਜ ਨੂੰ ਸਿੱਧੇ ਰਸਤੇ ਲਿਆਉਣ ਦਾ ਚਾਨਣ ਮੁਨਾਰਾ ਦੱਸਿਆ। ਸਮਾਜਿਕ ਬੁਰਾਈਆਂ, ਵਿਧਵਾਵਾਂ ਦੇ ਪੁਨਰ ਵਿਆਹ ਦੇ ਪ੍ਰੋੜਤਾ ਸਣੇ ਕੰਨਿਆ ਭਰੂਣ ਹੱਤਿਆ ਬਾਰੇ ਬਾਣੀ ਵਿੱਚ ਦਿੱਤੇ ਗਏ ਫੁਰਮਾਨਾਂ ਨੂੰ ਅੱਜ ਦੇ ਯੁੱਗ ਵਿੱਚ ਵੀ ਜੀ.ਕੇ. ਨੇ ਪ੍ਰਸਾਗਿਕ ਹੋਣ ਦਾ ਦਾਅਵਾ ਕੀਤਾ। ਮੌਜੂਦਾ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ, ਵਿਦਿਆ ਦੇ ਪੱਧਰ ਨੂੰ ਉ-ਚਾ ਚੁੱਕਣ, ਪੰਥਕ ਮਰਿਆਦਾਵਾਂ ਦੀ ਰਾਖੀ, ਬਾਲਾ ਸਾਹਿਬ ਹਸਪਤਾਲ, ਆਰਥਿਕ ਪੱਖੋਂ ਕਮਜੋਰ ਬੱਚਿਆਂ ਨੂੰ ਸਰਕਾਰੀ ਵਜੀਫਾ ਸਕੀਮਾਂ ਦਾ ਫਾਇਦਾ ਦੇਣ ਲਈ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ, ਸਕੂਲਾਂ ਦੇ ਸਟਾਫ ਨੂੰ ਛੇਵਾਂ ਪੇਅ ਕਮਿਸ਼ਨ ਦੇਣ ਸਣੇ ਕਈ ਮਸਲਿਆਂ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣੂ ਕਰਵਾਇਆ।
ਗੁਰਦੁਆਰਾ ਮੋਤੀ ਬਾਗ ਸਾਹਿਬ ਦੇ ਸਾਹਮਣੇ ਵਾਲੀ ਰੋਡ ਦਾ ਨਾਮ ਗੁਰੂ ਗੋਬਿੰਦ ਸਿੰਘ ਮਾਰਗ ਰੱਖਣ ਦੀ ਜਾਣਕਾਰੀ ਸੰਗਤਾਂ ਨੂੰ ਦਿੰਦੇ ਹੋਏ ਜੀ.ਕੇ. ਬਾਬਾ ਬੰਦਾ ਸਿੰਘ ਬਹਾਦਰ ਦੀ 300 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਮੇਟੀ ਵੱਲੋਂ ਜੋਗਾ ਬਾਈ ਵਿਖੇ ਸ਼ਾਨਦਾਰ ਯਾਦਗਾਰ 2016 ਤੱਕ ਬਣਾਉਣ ਦਾ ਵੀ ਐਲਾਨ ਕੀਤਾ। ਗੁਰਦੁਆਰਾ ਬੰਗਲਾ ਸਾਹਿਬ ਦੇ ਬਾਬਾ ਖੜਕ ਸਿੰਘ ਮਾਰਗ ‘ਤੇ ਦਰਸ਼ਨੀ ਡਿਉਢੀ ਦੀ ਉਸਾਰੀ ਛੇਤੀ ਮੁਕੰਮਲ ਕਰਾਉਣ ਦੇ ਨਾਲ ਹੀ ਸਾਬਤ ਸੂਰਤ ਸਿੱਖ ਬੀਬੀਆਂ ਨੂੰ ਦੁਪਹੀਆ ਵਾਹਨ ‘ਤੇ ਸਵਾਰੀ ਕਰਨ ਵਾਸਤੇ ਪਹਿਚਾਣ ਪੱਤਰ ਦੇਣ ਦੀ ਵੀ ਜੀ.ਕੇ. ਨੇ ਘੋਸ਼ਣਾ ਕੀਤੀ।ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ‘ਤੇ ਸੁਝਾਅ ਜਾਂ ਸ਼ਿਕਾਇਤ ਦਰਜ ਕਰਾਉਣ ਲਈ ਵੀ ਸੰਗਤਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। ਹਰਿਆਣਾ ਵਿਖੇ ਵੱਖਰੀ ਗੁਰਦੁਆਰਾ ਕਮੇਟੀ ਦੇ ਮਸਲੇ ‘ਤੇ ਬੋਲਦੇ ਹੋਏ ਸਿਰਸਾ ਨੇ ਸ਼ਹੀਦੀਆਂ ਦੇ ਕੇ ਬਣੀ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀਆਂ ਰਚੀਆਂ ਜਾ ਰਹੀਆਂ ਸਾਜਿਸ਼ਾਂ ਨੂੰ ਮੰਦਭਾਗਾ ਦੱਸਿਆ।ਹਰਿਆਣਾ ਕਮੇਟੀ ਦੇ ਬਣਨ ਨਾਲ ਸਿੱਖਾਂ ਦੀ ਤਾਕਤ ਖੇਰੂੰ-ਖੇਰੂੰ ਹੋਣ ਦਾ ਵੀ ਸਿਰਸਾ ਨੇ ਖਦਸਾ ਜਿਤਾਇਆ। ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ਵਿਚ ਪਿਛਲੀ ਕਮੇਟੀ ‘ਤੇ 22-23 ਕਰੋੜ ਦਾ ਕੋਈ ਹਿਸਾਬ ਨਾ ਦੇਣ ਦਾ ਦੋਸ਼ ਲਗਾਉਂਦੇ ਹੋਏ ਸਿਰਸਾ ਨੇ ਪੁਰਾਣੇ ਪ੍ਰਬੰਧਕਾਂ ‘ਤੇ 420 ਦਾ ਠੱਗੀ ਦਾ ਮੁਕੱਦਮਾ ਦਰਜ ਹੋਣ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ। ਸਿਰਸਾ ਨੇ ਪ੍ਰਬੰਧ ਵਿੱਚ ਸੁਧਾਰ ਸਣੇ ਬਾਲਾ ਸਾਹਿਬ ਹਸਪਤਾਲ ਨੂੰ ਕਾਨੂੰਨੀ ਪਚੜੇ ਵਿੱਚੋਂ ਕੱਢਕੇ ਛੇਤੀ ਸ਼ੁਰੂ ਹੋਣ ਦੀ ਵੀ ਆਸ ਜਿਤਾਈ।
ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਣੇ ਕਈ ਪੰਥਕ ਹਸਤੀਆਂ ਦਾ ਕਮੇਟੀ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਤੇ ਕਮੇਟੀ ਮੈਂਬਰ ਗੁਰਬਚਨ ਸਿੰਘ ਚੀਮਾ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਏ ਅੰਮ੍ਰਿਤ ਸੰਚਾਰ ਦੌਰਾਨ ਅਨੇਕਾਂ ਪ੍ਰਾਣੀ ਗੁਰੂ ਵਾਲੇ ਬਣੇ।ਕਮੇਟੀ ਦੇ ਜੂਨੀਅਰ ਮੀਤ ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਉਂਕਾਰ ਸਿੰਘ ਥਾਪਰ, ਗੁਰਦੁਆਰਾ ਮੋਤੀ ਬਾਗ ਦੇ ਚੇਅਰਮੈਨ ਕੁਲਦੀਪ ਸਿੰਘ ਸਾਹਨੀ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਬੀਬੀ ਧੀਰਜ ਕੌਰ, ਗੁਰਦੇਵ ਸਿੰਘ ਭੋਲਾ, ਰਵੇਲ ਸਿੰਘ, ਗੁਰਵਿੰਦਰਪਾਲ ਸਿੰਘ, ਜਸਬੀਰ ਸਿੰਘ ਜੱਸੀ ਤੇ ਦਰਸ਼ਨ ਸਿੰਘ ਅਤੇ ਅਕਾਲ ਆਗੂ ਗੁਰਮੀਤ ਸਿੰਘ ਫੈਡਰੇਸ਼ਨ ਨੇ ਹਾਜ਼ਰੀ ਭਰਦੇ ਹੋਏ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ।