ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ 11 ਜਨਵਰੀ ਨੂੰ – ਸਾਹਨੀ
ਬਠਿੰਡਾ, 9 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਬਠਿੰਡਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਮੈਂਬਰਾਂ ਅਤੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਸਰਪੰਚਾਂ ਤੇ ਪੰਚਾਂ ਨੰੂ 11 ਜਨਵਰੀ ਨੂੰ ਸਹੁੰ ਚੁਕਾਈ ਜਾ ਰਹੀ ਹੈ।ਮੁਲਤਾਨੀਆ ਰੋਡ ’ਤੇ ਸਥਿਤ ਸਕਾਈ ਲੈਂਡ ਰਿਜ਼ੌਰਟ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੌਜੀ ਵਿਜੇ ਇੰਦਰ ਸਿੰਗਲਾ ਇਨ੍ਹਾਂ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਇਸ ਸਮਾਗਮ ਦੇੇ ਪ੍ਰਬੰਧਾਂ ਸਬੰਧੀ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।ਸ਼੍ਰੀਮਤੀ ਸਾਹਨੀ ਨੇ ਦੱਸਿਆ ਕਿ ਸਮਾਗਮ ਦੌਰਾਨ 16 ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ, 148 ਪੰਚਾਇਤ ਸੰਮਤੀ ਮੈਂਬਰਾਂ, 308 ਸਰਪੰਚਾਂ ਅਤੇ 2419 ਪੰਚਾਂ ਨੂੰ ਸਹੁੰ ਚੁਕਾਈ ਜਾਣੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਸਮਾਗਮ ਵਾਲੀ ਥਾਂ ਦੀ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲੱਬਧਤਾ ਅਤੇ ਵੱਡੀ ਗਿਣਤੀ ਵਿੱਚ ਪਹੁੰਚਣ ਵਾਲੇ ਮੈਂਬਰਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੇ ਸਹਿਯੋਗੀਆਂ ਦੇ ਬੈਠਣ ਦੇ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ।ਮੀਟਿੰਗ ਦੌਰਾਨ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਹਰਜਿੰਦਰ ਸਿੰਘ ਜੱਸਲ ਅਤੇ ਐਕਸੀਅਨ ਲੋਕ ਨਿਰਮਾਣ ਵਿਭਾਗ ਇੰਦਰਜੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਸਮੂਹ ਬਲਾਕਾਂ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹਾਜ਼ਰ ਸਨ।
Punjab Post Daily Online Newspaper & Print Media