ਰੋਬ-ਰਬਾਬ ਵਾਲੇ ਵਿਆਹਾਂ ‘ਤੇ ਵੱਧਦੇ ਖਰਚੇ ਲੋਕਾਂ ਨੂੰ ਬਣਾ ਰਹੇ ਕਰਜਾਈ – ਪੀ.ਸੀ. ਪੀ. ਸੀ
ਅੰਮ੍ਰਿਤਸਰ, 1 ਸਤੰਬਰ (ਪ੍ਰੀਤਮ ਸਿੰਘ)-ਪੰਜਾਬ ਵਿੱਚ ਵਿਆਹਾਂ ਤੇ ਖੁਸ਼ੀ ਦੇ ਮੌਕਿਆਂ ‘ਤੇ ਹੱਦੋਂ ਵੱਧਦੇ ਖਰਚਿਆਂ ਅਤੇ ਦੁਨਿਆਵੀਂ ਮਹਿੰਗੀਆਂ ਰਸਮਾਂ ਦੀ ਬਹੁਤਾਤ ਦੁਆਰਾ ਵਿਗੜ ਰਹੇ ਸਮਾਜਿਕ ਸੰਤੁਲਨ ‘ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ, ਨਵ-ਸੰਗਠਿਤ ਪੰਜਾਬ ਕਾਕਸ ਫ਼ਾਰ ਪਬਲਿਕ ਕਾਜ (ਪੀ. ਸੀ. ਪੀ. ਸੀ.) ਨੇ ਸੂਬੇ ਵਿੱਚ ਇਸ ਸਬੰਧੀ ਰੋਕਥਾਮ ਲਈ ਸੂਬਾ ਸਰਕਾਰ ਪਾਸੋਂ ਨਵਾਂ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ।ਇਸ ਸਮਾਜਿਕ ਸੰਸਥਾ ਨੇ ਪਾਕਿਸਤਾਨੀ ਪੰਜਾਬ ਦਾ ਹਵਾਲਾ ਦਿੰਦਿਆ ਕਿਹਾ ਕਿ ਉੱਥੇ ਖਰਚੀਲੇ ਵਿਆਹਾਂ ‘ਤੇ ਮਹਿੰਗੀਆਂ ਰਸਮਾਂ ‘ਤੇ ਕਾਨੂੰਨੀ ਤੌਰ ‘ਤੇ ਪਾਬੰਧੀ ਹੈ। ਸੰਸਥਾ ਦੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ, ਸਮੂੰਹ ਰਾਜਨੀਤਿਕ ਪਾਰਟੀਆਂ, ਧਾਰਮਿਕ, ਸਮਾਜਿਕ ਤੇ ਗੈਰ-ਸਰਕਾਰੀ ਸੰਸਥਾਵਾਂ ਨੂੰ ਅਪੀਲ ਕਰਦਿਆ ਇਹ ਮੰਗ ਕੀਤੀ ਕਿ ਪੰਜਾਬ ਵਿੱਚ ਅਜਿਹਾ ਕਾਨੂੰਨ ਬਣਾਇਆ ਜਾਵੇ, ਜੋ ਇਨ੍ਹਾਂ ਵੱਡੇ-ਵੱਡੇ ਮਹਿੰਗੇ ਪ੍ਰੋਗਰਾਮਾਂ ‘ਤੇ ਰੋਕ ਲਗਾ ਸਕੇ।
ਸੰਸਥਾ ਦੀ ਮੁੱਖੀ, ਸਮਾਜ ਸੇਵਿਕਾ ਸ੍ਰੀਮਤੀ ਤੇਜਿੰਦਰ ਕੌਰ ਛੀਨਾ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਪੀ. ਸੀ. ਪੀ. ਸੀ. ਦਾ ਗਠਨ ਇਸੇ ਟੀਚੇ ਦੀ ਪ੍ਰਾਪਤੀ ਲਈ ਕੀਤਾ ਗਿਆ ਹੈ। ਜਿਸ ਵਿੱਚ ਇਹ ਮਤਾ ਪਾਸ ਹੋਇਆ ਹੈ ਕਿ ਇਕ ਲੋਕ ਲਹਿਰ ਪੈਦਾ ਕਰਕੇ ਸਰਕਾਰ ਅਤੇ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਕਾਨੂੰਨ ਬਣਾਉਣ ਲਈ ਸੰਘਰਸ਼ ਵਿੱਢਿਆ ਜਾਵੇ। ਉਨ੍ਹਾਂ ਕਿਹਾ ਕਿ ਖਰਚੀਲੇ ਵਿਆਹਾਂ ਅਤੇ ਵੱਧਦੀਆਂ ਰਸਮਾਂ ਕਾਰਨ ਸਮਾਜਿਕ ਸੰਤੁਲਨ ਵਿਗੜ ਰਿਹਾ ਹੈ, ਜਿਸ ਦੇ ਠੋਸ ਹੱਲ ਲਈ ਉਚਿੱਤ ਕਦਮ ਉਠਾਉਣੇ ਜਰੂਰੀ ਹਨ।ਸ੍ਰੀਮਤੀ ਛੀਨਾ ਨੇ ਕਿਹਾ ਕਿ ਸਮਾਜ ਦਾ ਹਰ ਵਿਅਕਤੀ ਇਸ ਵੱਧਦੀ ਦਲਦਲ ਵਿੱਚ ਧੱਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚਾਹੇ ਅਮੀਰ ਹੋਵੇ ਜਾਂ ਗਰੀਬ, ਹਰ ਕੋਈ ਵਿਆਹਾਂ ‘ਤੇ ਵੱਧਦੇ ਖਰਚਿਆਂ ਤੋਂ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਪੰਜਾਬ ਵਿੱਚ 2003 ਵਿੱਚ ਇਕ ਕਾਨੂੰਨ ਦਾ ਗਠਨ ਹੋਇਆ ਸੀ ਜਿਸ ਸਦਕਾ ਉੱਥੇ ਮਹਿੰਗਿਆਂ ਵਿਆਹਾਂ, ਬੇਲੋੜੀਆਂ ਰਸਮਾਂ ਅਤੇ ਬਹੁਤ ਇਕੱਠ ਹੋਣ ਵਾਲੀਆਂ ਪਾਰਟੀਆ ‘ਤੇ ਰੋਕ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੂੰਹ ਵਿਧਾਇਕ ਜੋ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਨੂੰ ਅਪੀਲ ਕਰਨਗੇ ਕਿ ਉਹ ਅਜਿਹਾ ਕਾਨੂੰਨ ਪੰਜਾਬ ਵਿੱਚ ਬਣਾਉਣ ਲਈ ਅੱਗੇ ਆਉਣ।
ਸੰਸਥਾ ਦੀ ਸਥਾਨਕ ਆਰਟ ਗੈਲਰੀ ਵਿਖੇ ਪਲੇਠੀ ਦੀ ਹੋਈ ਬੈਠਕ ਵਿੱਚ ਇਸ ਕਾਕਸ ਦੇ ਸਮੂੰਹ ਅਹੁਦੇਦਾਰ ਜਿਨ੍ਹਾਂ ਵਿੱਚ ਐੱਸ. ਐੱਸ. ਪੀ. ਵਿਜੀਲੈਂਸ ਅੰਮ੍ਰਿਤਸਰ ਸ: ਐੱਸ. ਐੱਸ. ਮਾਨ, ਪਾਸਪੋਰਟ ਅਫ਼ਸਰ, ਅੰਮ੍ਰਿਤਸਰ ਸ: ਜੇ. ਐੱਸ. ਸੋਢੀ, ਪ੍ਰਿੰਸੀਪਲ ਡਾ. ਸਰਬਜੀਤ ਕੌਰ ਬਰਾੜ, ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਸ: ਸੁਖਦੀਪ ਸਿੰਘ ਸਿੱਧੂ, ਟੀ. ਵੀ. ਪੱਤਰਕਾਰ ਰਵਿੰਦਰ ਸਿੰਘ ਰੋਬਿਨ, ਅਧਿਆਪਕ ਅਤੇ ਪੱਤਰਕਾਰ ਸੁਖਜਿੰਦਰ ਸਿੰਘ ਹੇਰ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਡੀ. ਐੱਸ. ਰਟੌਲ, ਪ੍ਰੋ: ਸਤਨਾਮ ਸਿੰਘ, ਕਮਰਜੀਤ ਸਿੰਘ, ਸ਼ਿਵਦੇਵ ਸਿੰਘ, ਸ਼ਮਸ਼ੇਰ ਸਿੰਘ, ਹਰਦੀਪ ਸਿੰਘ, ਮੰਗਦੇਵ ਸਿੰਘ, ਪੱਤਰਕਾਰ ਹਰਪ੍ਰੀਤ ਸਿੰਘ ਆਦਿ ਸ਼ਾਮਿਲ ਹੋਏ।ਉਨ੍ਹਾਂ ਨੇ ਕਿਹਾ ਕਿ ਇਸ ਕਾਨੂੰਨ ਨੂੰ ਬਣਾਉਣ ਲਈ ਜਦੋਂ-ਜਹਿਦ ਦੇ ਸਿਲਸਿਲੇ ਵਿੱਚ ਇਕ ਦਸਤਖ਼ਤ ਮੁਹਿੰਮ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਜਲਦ ਹੀ ਨਵੇਂ ਬਣਾਏ ਜਾ ਰਹੇ ਕਾਨੂੰਨ ਦਾ ਇਕ ਡਰਾਫ਼ਟ ਕਾਨੂੰਨੀ ਮਾਹਿਰਾਂ ਪਾਸੋਂ ਤਿਆਰ ਕਰਵਾਕੇ ਸਰਕਾਰ ਭੇਜਣਗੇ। ਜਿਸ ਵਿੱਚ ਵਿਆਹਾਂ ‘ਤੇ ‘ਇਕ ਪਕਵਾਨ’ ਜਿਸ ਵਿੱਚ ਇਕ ਸ਼ਾਕਾਹਾਰੀ, ਮਾਸਾਹਾਰੀ, ਚੌਲ, ਰੈਹਤਾ ਅਤੇ ਸਲਾਦ ਵਾਲਾ ਖਾਣਾ ਪਰੋਸਣ ਦਾ ਪ੍ਰਸਤਾਵ ਕੀਤਾ ਜਾਵੇਗਾ। ਇਸੇ ਦੌਰਾਨ ਵਿਆਹਾਂ ਤੇ ਪਾਰਟੀਆਂ ਵਿੱਚ ਦੋਹਾਂ ਭਾਵ ਲੜਕੇ ਤੇ ਲੜਕੀਆਂ ਦੇ ਪਰਿਵਾਰਾਂ ਵੱਲੋਂ 300 ਤੋਂ ਘੱਟ ਮਹਿਮਾਨ ਸੱਦ ਦੀ ਪਾਬੰਧੀ ਹੋਵੇਗੀ।
ਐੱਸ. ਐੱਸ. ਮਾਨ, ਜੇ. ਐੱਸ. ਸੋਢੀ ਅਤੇ ਡਾ. ਬਰਾੜ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕਾਨੂੰਨ ਦੇ ਬਣਨ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਇਹ ਅਖ਼ਤਿਆਰ ਹੋਵੇਗਾ ਕਿ ਉਹ ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰ ਸਕਣ ਅਤੇ ਜੁਰਮਾਨਾ ਜਾਂ ਸਜ਼ਾ ਦੇਣ ਸਬੰਧੀ ਪੈਰਵਾਈ ਕਰਨ।