ਮੇਲੇ ਦੌਰਾਨ ਮਸ਼ਹੂਰ ਖਾਣੇ ਦੇ ਲਗਾਏ ਜਾਣਗੇ ਸਟਾਲ
ਅੰਮ੍ਰਿਤਸਰ, 11 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲ੍ਹਾ ਵਾਸੀਆਂ ਨਾਲ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਨ ਲਈ ਅੱਜ ਜਿਲ੍ਹੇ ਵਿਚ ਪ੍ਰਸ਼ਾਸਨ ਵੱਲੋਂ
ਲੋਹੜੀ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਸ਼ਾਮਿਲ ਹੋਣ ਲਈ ਸਾਰੇ ਜਿਲ੍ਹਾ ਵਾਸੀਆਂ ਨੂੰ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ।ਰਣਜੀਤ ਐਵੀਨਿੳੂ ਦੇ ਪਾਈਟੈਕਸ ਮੇਲਾ ਗਰਾਉਂਡ ਵਿਚ 12 ਜਨਵਰੀ, ਦਿਨ ਸ਼ਨੀਵਾਰ ਨੂੰ ਕਰੀਬ 10 ਤੋਂ ਸ਼ਾਮ 3 ਵਜੇ ਤੱਕ ਕਰਵਾਏ ਜਾ ਰਹੇ ਇਸ ਮੇਲੇ ਵਿਚ ਜਿੱਥੇ ਲੋਹੜੀ ਦਾ ਮੁੱਖ ਆਕਰਸ਼ਨ ਪੰਤਗਾਂ ਦੇ ਮੁਕਾਬਲੇ ਕਰਵਾਏ ਜਾਣਗੇ, ਉਥੇ ਭੁੱਗਾ ਬਾਲ ਕੇ ਲੋਹੜੀ ਦੀ ਖੁਸ਼ੀ ਸਾਂਝੀ ਕੀਤੀ ਜਾਵੇਗੀ।ਸੰਘਾ ਨੇ ਦੱਸਿਆ ਕਿ ਇਸ ਦੌਰਾਨ ਸ਼ਹਿਰ ਦੇ ਮਸ਼ਹੂਰ ਖਾਣੇ ਦੇ ਸਟਾਲ ਵੀ ਲਗਾਏ ਜਾਣਗੇ।
ਸੰਘਾ ਨੇ ਲੋਹੜੀ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲੈਂਦੇ ਹੋਏ ਦੱਸਿਆ ਕਿ ਇਸ ਦੌਰਾਨ ਅੰਮਿ੍ਰਤਸਰ ਦੇ ਮਸ਼ਹੂਰ ਸਟਾਲ ਜਿਵੇਂ ਕਿ ਅਹੁਜਾ ਲੱਸੀ ਵਾਲਾ, ਲਵਲੀ ਚਾਂਪ, ਐਸ.ਐਸ ਟਰੇਡਰਜ਼, ਭਰਾਵਾਂ ਦਾ ਢਾਬਾ, ਰਮੇਸ਼ ਸ਼ਰਮਾ ਜਲੇਬੀ ਵਾਲਾ, ਮੱਖਣ ਫਿਸ਼, ਅਸ਼ੋਕੀ ਕੁਲਚੇ ਵਾਲਾ, ਰਾਜਨਾਥ ਚਾਟ ਭੰਡਾਰ, ਬੀਰਾ ਚਿੱਕਨ, ਏ-ਵਨ ਕੁਲਫਾ, ਬਿ੍ਰਜਵਾਸੀ ਚਾਟ ਭੰਡਾਰ ਅਤੇ ਬਾਂਸਲ ਸਵੀਟਸ ਵਲੋਂ ਸਟਾਲ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਸ਼ਹਿਰ ਦੀ ਰਵਾਇਤੀ ਪਤੰਗਬਾਜੀ, ਜੋ ਕਿ ਸਾਰੇ ਪੰਜਾਬ ਵਿਚ ਮਸ਼ਹੂਰ ਹੈ, ਦੇ ਹੁਨਰਮੰਦਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੇਲਾ ਉਲੀਕਿਆ ਗਿਆ ਹੈ, ਜਿਸ ਵਿਚ ਮੁਕਾਬਲੇ ਦੌਰਾਨ ਪਹਿਲੇ ਸਥਾਨ ’ਤੇ ਰਹਿਣ ਵਾਲੇ ਪਤੰਗਬਾਜ਼ ਨੂੰ 11 ਹਜ਼ਾਰ ਰੁਪਏ ਅਤੇ ਦੂਜੇ ਸਥਾਨ `ਤੇ ਰਹਿਣ ਵਾਲੇ ਨੂੰ 5 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਹ ਪਤੰਗ ਕੇਵਲ ਤੇ ਕੇਵਲ ਦੇਸੀ ਡੋਰ ਨਾਲ ਹੀ ਉਡਾਏ ਜਾ ਸਕਣਗੇ ਅਤੇ ਚੀਨੀ ਡੋਰ ’ਤੇ ਮੁਕੰਮਲ ਪਾਬੰਦੀ ਰਹੇਗੀ।
ਮੇਲੇ ਵਿਚ ਗਿੱਧਾ, ਭੰਗੜਾ, ਲੋਕ ਗੀਤਾਂ ਦੀ ਪੇਸ਼ਕਾਰੀ, ਪੰਜਾਬ ਪੁਲਿਸ ਦੇ ਬੈਂਡ ਦੀਆਂ ਰੌਣਕਾਂ, ਨਾਟਕ ਅਤੇ ਖਾਣ-ਪੀਣ ਦੇ ਸਟਾਲ ਮੁੱਖ ਆਕਰਸ਼ਣ ਰਹਿਣਗੇ।ਸੰਘਾ ਨੇ ਕਿਸੇ ਵੀ ਤਰਾਂ ਦੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ, ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਪੰਜਾਬੀ ਵਿਰਸੇ ਨਾਲ ਸਬੰਧਤ ਕੋਈ ਵੀ ਪੇਸ਼ਕਾਰੀ ਦਾ ਮੁਜ਼ਾਹਰਾ ਇਸ ਮੌਕੇ ਕਰ ਸਕਦੇ ਹਨ।ਉਨਾਂ ਦੱਸਿਆ ਕਿ ਪ੍ਰੋਗਰਾਮ ਪੂਰੀ ਤਰਾਂ ਮੇਲੇ ਰੂਪ ਵਿਚ ਹੋਵੇਗਾ ਅਤੇ ਇੱਥੇ ਪੇਸ਼ਕਾਰੀ ਕਰਨ ਵਾਲੇ ਚੰਗੇ ਕਲਾਕਰਾਂ ਅਤੇ ਸੰਸਥਾਵਾਂ ਨੂੰ ਇਸ ਵਾਰ ਦੇ ਗਣਤੰਤਰ ਦਿਵਸ ਸਮਾਗਮ ਮੌਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ।ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਵਾਲ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ਼ਿਵਰਾਜ ਸਿੰਘ ਬੱਲ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media