ਅੰਮ੍ਰਿਤਸਰ, 27 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਹਲਕਾ ਪੂਰਬੀ ਦੇ ਕਿਸਾਨਾਂ ਨੂੰ
ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕਰਦੇ ਐਲਾਨ ਕੀਤਾ ਹੈ ਕਿ ਕਰਜ਼ਾ ਮੁਆਫੀ ਦੇ ਤੀਸਰੇ ਗੇੜ ਵਿਚ ਪੰਜਾਬ ਦੇ ਕਰੀਬ ਡੇਢ ਲੱਖ ਕਿਸਾਨਾਂ ਦਾ 1009 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਵੱਲੋਂ ਮੁਆਫ ਕੀਤਾ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਣ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਕਰਦੇ ਸਵਾ ਚਾਰ ਲੱਖ ਕਿਸਾਨਾਂ ਦਾ 3452 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੇ ਇਸ ਮੁਆਫੀ ਰੂਪੀ ਹੱਲਾਸ਼ੇਰੀ ਨੂੰ ਕਬੂਲਦੇ ਹੋਏ ਪੰਜਾਬ ਦੇ ਅਨਾਜ਼ ਭੰਡਾਰ ਵਿਚ 3 ਫੀਸਦੀ ਦਾ ਵਾਧਾ ਵੀ ਦਰਜ ਕੀਤਾ ਹੈ।
ਸਿਧੂ ਨੇ ਅੱਜ ਹਲਕਾ ਪੂਰਬੀ ਦੇ 45 ਕਿਸਾਨਾਂ ਨੂੰ 37 ਲੱਖ ਰੁਪਏ ਦੀ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਤਕਸੀਮ ਕੀਤੇ।ਉਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ 11663 ਕਿਸਾਨਾਂ ਦਾ 82.70 ਕਰੋੜ ਰੁਪਏ ਕਰਜ਼ਾ ਮੁਆਫ ਕੀਤਾ ਜਾ ਚੁੱਕ ਹੈ ਅਤੇ ਹੁਣ ਪੰਜ ਏਕੜ ਤੱਕ ਦੀ ਮਾਲਕੀ ਵਾਲੇ 5174 ਕਿਸਾਨਾਂ ਦਾ 41.30 ਕਰੋੜ ਰੁਪਏ ਮੁਆਫ ਕੀਤੇ ਜਾ ਰਹੇ ਹਨ। ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੋਲਦੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਭਲੇ ਲਈ ਕੁੱਝ ਨਹੀਂ ਕੀਤਾ, ਜਿਸ ਕਾਰਨ ਕਿਸਾਨ ਦੀ ਹਾਲਤ ਪਤਲੀ ਹੁੰਦੀ ਗਈ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੰਦੇ ਆਪਣੇ ਵਾਅਦੇ ਨੂੰ ਪੂਰਾ ਕਰ ਵਿਖਾਇਆ ਹੈ।ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਆਪਣੀ ਆਮਦਨ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਅਤੇ ਅੱਗੇ ਜੋ ਪੈਸਾ ਅਖੌਤੀ ਨੇਤਾਵਾਂ ਦੀ ਜੋਬ ਵਿਚ ਜਾਂਦਾ ਸੀ, ਉਹ ਹੁਣ ਸਰਕਾਰ ਦੇ ਖਜ਼ਾਨੇ ਵਿਚ ਜਾ ਰਿਹਾ ਹੈ।ਉਨਾਂ ਦੱਸਿਆ ਕਿ ਪਹਿਲਾਂ ਸਾਰੇ ਪੰਜਾਬ ਦੀ ਇਸ਼ਤਹਾਰ ਆਮਦਨ ਕੇਵਲ 18 ਕਰੋੜ ਰੁਪਏ ਸੀ, ਜਦਕਿ ਅਸੀਂ ਇਕੱਲੇ ਲੁਧਿਆਣੇ ਵਿਚੋਂ ਹੀ 32 ਕਰੋੜ ਰੁਪਏ ਕਮਾ ਲਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਵਿਕਾਸ ਹੀਰਾ, ਜੁਇੰਟ ਰਜਿਸਟਰਾਰ ਭੁਪਿੰਦਰ ਸਿੰਘ ਵਾਲੀਆ, ਨਵਦੀਪ ਸਿੰਘ ਹੁੰਦਲ, ਮਾਸਟਰ ਹਰਪਾਲ ਸਿੰਘ ਵੇਰਕਾ, ਜਿਲ੍ਹਾ ਮੈਨੇਦਰ ਹਰਜਿੰਦਰ ਸਿੰਘ ਸੰਧੂ, ਹਰਮੋਹਿੰਦਰ ਸਿੰਘ ਮੈਨੇਜਰ ਵੇਰਕਾ, ਅਮਰਦੀਪ ਸਿੰਘ ਹੁੰਦਲ, ਗਗਨਦੀਪ ਕੌਰ ਏ.ਆਰ, ਨਰਿੰਦਰ ਕੁਮਾਰ ਏ.ਆਰ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media