Tuesday, March 3, 2026

ਨਵਜੋਤ ਸਿੰਘ ਸਿੱਧੂ ਵੱਲੋਂ ਬੀ.ਆਰ.ਟੀ.ਐਸ ਪ੍ਰਾਜੈਕਟ ਦੀ ਮੁਕੰਮਲ ਰੂਪ `ਚ ਸ਼ੁਰੂਆਤ

ਹਰੇਕ 4 ਮਿੰਟ ਬਾਅਦ ਰੂਟ ’ਤੇ ਆਵੇਗੀ ਲਗਜ਼ਰੀ ਬੱਸ – ਤਿੰਨ ਮਹੀਨੇ ਲਈ ਸਫਰ ਮੁਫ਼ਤ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਬੀ.ਆਰ.ਟੀ.ਐਸ ਪ੍ਰਾਜੈਕਟ (ਬੱਸ ਰੈਪਿਡ ਟਰਾਂਜਿਟ ਸਿਸਟਮ) PUNJ2801201909ਦੀ ਮੁਕੰਮਲ ਰੂਪ ਵਿਚ ਸ਼ੁਰੂਆਤ ਸਥਾਨਕ ਸਰਕਾਰਾਂ ਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕਰ ਦਿੱਤੀ ਗਈ ਹੈ।ਇਸ ਵਿਚ ਦੋ ਰੂਟਾਂ ’ਤੇ ਚੱਲਣ ਵਾਲੀਆਂ 93 ਏ.ਸੀ ਬੱਸਾਂ ਅਤੇ ਵਿਸ਼ਵ ਪੱਧਰੀ ਮੈਟਰੋ ਬੱਸ ਟਰਮੀਨਲ ਸ਼ਾਮਿਲ ਹੈ। ਕਰੀਬ 545 ਕਰੋੜ ਰੁਪਏ ਦਾ ਇਹ ਪ੍ਰਾਜੈਕਟ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਸਾਂਝੀ ਭਾਈਵਾਲੀ ਨਾਲ ਹੋਂਦ ਵਿਚ ਆਇਆ ਹੈ ਅਤੇ ਹੁਣ ਤੱਕ ਇਹ ਭਾਰਤ ਦੇ 12 ਸ਼ਹਿਰਾਂ, ਜਿਸ ਵਿਚ ਅਹਿਮਦਾਬਾਦ, ਜੈਪੁਰ, ਸੂਰਤ, ਪੂਨਾ, ਰਾਜਕੋਟ, ਵਿਜੈਵਾੜਾ, ਇੰਦੌਰ, ਭੁਬਨੇਸ਼ਵਰ, ਜੈਪੁਰ, ਵਿਸ਼ਾਖਾਪਟਨਮ, ਭੋਪਾਲ ਅਤੇ ਹੁਬਲੀ ਵਿਚ ਚੱਲ ਰਿਹਾ ਹੈ।
     ਉਨਾਂ ਐਲਾਨ ਕੀਤਾ ਕਿ ਇਹ ਬੱਸਾਂ ਅੱਜ ਤੋਂ ਤਿੰਨ ਮਹੀਨੇ ਤੱਕ ਹਰੇਕ ਯਾਤਰੀ ਨੂੰ ਮੁਫ਼ਤ ਸਫਰ ਕਰਵਾਉਣਗੀਆਂ।ਇਸ ਸਮੇਂ ਮਗਰੋਂ ਸਕੂਲੀ ਬੱਚੇ ਮੁਫ਼ਤ, ਕਾਲਜ ਵਿਦਿਆਰਥੀ 66 ਫੀਸਦੀ ਰਿਆਇਤ, ਸਿਨੀਅਰ ਸਿਟੀਜਨ ਅਤੇ ਦਿਵਿਆਂਗ 50 ਫੀਸਦੀ ਰਿਆਇਤ ਨਾਲ ਸਫਰ ਦੀ ਸਹੂਲਤ ਲੈ ਸਕਣਗੇ।ਯਾਤਰੀ 25 ਰੁਪਏ ਦਾ ਕਾਰਡ ਬਣਾ ਕੇ ਇਕ ਦਿਨ ਵਿਚ ਬਿਨਾਂ ਕਿਸੇ ਸੀਮਾ ਦੇ ਸਫਰ ਕਰ ਸਕਣਗੇ।
         ਨਵਜੋਤ ਸਿੰਘ ਸਿੱਧੂ ਨੇ ਇਸ ਪ੍ਰਾਜੈਕਟ ਦੀ ਸ਼ੁਰੂਆਤ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਕਿ ਸਾਡੀ ਸਰਕਾਰ ਦਾ ਕੰਮ ਪੁਰਾਣੇ ਚੱਲਦੇ ਪ੍ਰਾਜੈਕਟ ਵਿਰੋਧ ਭਾਵਨਾ ਨਾਲ ਬੰਦ ਕਰਨਾ ਨਹੀਂ, ਬਲਕਿ ਰਾਜ ਦੇ ਲੋਕਾਂ ਦੁਆਰਾ ਸ਼ੁਰੂ ਕੀਤੇ ਕੰਮਾਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣਾ ਹੈ ਅਤੇ ਇਸ ਪ੍ਰਾਜੈਕਟ ਵੀ ਅਸੀਂ ਇਸ ਆਸ ਨਾਲ ਨੇਪਰੇ ਚਾੜਿਆ ਹੈ, ਕਿ ਲੋਕਾਂ ਦਾ ਪੈਸਾ ਬਰਬਾਦ ਨਾ ਹੋਵੇ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਘ ਦੀ ਇੱਛਾ ਸੀ ਕਿ ਇਕ ਵਾਰ ਇਸ ਪ੍ਰਾਜੈਕਟ ਨੂੰ ਮੁਕੰਮਲ ਰੂਪ ਵਿਚ ਚਾਲੂ ਕਰਕੇ ਵੇਖਿਆ ਜਾਣਾ ਚਾਹੀਦਾ ਹੈ ਅਤੇ ਅੱਜ ਉਨਾਂ ਦੀ ਇੱਛਾ ਅਨੁਸਾਰ ਅਸੀਂ ਇਸ ਨੂੰ ਚਾਲੂ ਕੀਤਾ ਹੈ।
          ਉਨਾਂ ਐਲਾਨ ਕੀਤਾ ਕਿ 31 ਕਿਲੋਮੀਟਰ ਦੇ ਰੂਟ, ਜਿਸ ਵਿਚ ਇੰਡੀਆ ਗੇਟ ਤੋਂ ਵੇਰਕਾ, ਵੇਰਕਾ ਤੋਂ ਅੰਮਿ੍ਰਤਸਰ ਐਂਟਰੀ ਗੇਟ ਅਤੇ ਇੰਡੀਆ ਗੇਟ ਤੋਂ ਅੰਮ੍ਰਿਤਸਰ ਐਂਟਰੀ ਗੇਟ ਸ਼ਾਮਿਲ ਹੈ, ਤੱਕ ਅੱਜ ਤੋਂ 97 ਬੱਸਾਂ ਦਾ ਕਾਫਲਾ ਚਾਲੂ ਕਰ ਦਿੱਤਾ ਗਿਆ ਹੈ ਅਤੇ ਹਰੇਕ ਰੂਟ ’ਤੇ ਚਾਰ ਮਿੰਟ ਬਾਅਦ  ਬੱਸ ਸਰਵਿਸ ਹੋਵੇਗੀ।ਉਨਾਂ ਦੱਸਿਆ ਕਿ ਇਸ ਰੂਟ ਉਤੇ ਬਣੇ 47 ਬੱਸ ਅੱਡਿਆਂ ਵਿਚ ਲੱਗੀਆਂ ਸਕੀਰਨਾਂ ’ਤੇ ਬੱਸ ਦੀ ਆਮਦ ਨਾਲੋ-ਨਾਲ ਵੇਖੀ ਜਾ ਸਕੇਗੀ। ਇਸ ਤੋਂ ਇਲਾਵਾ ਹਰੇਕ ਬੱਸ ਵਿਚ ਕੈਮਰੇ, ਜੀ.ਪੀ.ਐਸ, ਆਟੋਮੈਟਿਕ ਦਰਵਾਜੇ, ਵਾਤਾਅਨਕੂਲ ਆਦਿ ਦੀ ਸਹੂਲਤ ਦਿੱਤੀ ਹੋਈ ਹੈ, ਜੋ ਕਿ ਸਾਫ ਤੇ ਸੁਰੱਖਿਅਤ ਸਫਰ ਲਈ ਜ਼ਰੂਰੀ ਹੈ।
     ਸਿੱਧੂ ਨੇ ਇਸ ਮੌਕੇ ਬਸ ਟਿਕਟ ਲਈ ਬਣੇ ਐਪ ਦੀ ਸ਼ੁਰੂਆਤ ਵੀ ਕੀਤੀ ਅਤੇ ਦੱਸਿਆ ਕਿ ਸਮਾਰਟ ਕਾਰਡ ਜ਼ਰੀਏ ਸਫਰ ਕਰਨ ਵਾਲੇ ਯਾਤਰੀ ਨੂੰ 20 ਫੀਸਦੀ ਦੀ ਛੋਟ ਦਿੱਤੀ ਜਾਵੇਗੀ।ਉਨਾਂ ਦੱਸਿਆ ਕਿ ਇਹ ਬੱਸਾਂ ਦਾ ਪਹਿਲਾ ਪੜਾਅ ਹੈ ਅਤੇ ਇਨਾਂ ਬੱਸਾਂ ਲਈ ਸ਼ਹਿਰ ਵਿਚ 5 ਨਵੇਂ ਪੁੱਲ ਕਰੀਬ 150 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਹਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਓ.ਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵ, ਕਾਰਪੋਰੇਸ਼ਨ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ, ਵਿਧਾਇਕ ਰਾਜ ਕੁਮਾਰ ਵੇਰਕਾ, ਵਿਧਾਇਕ ਸੁਨੀਲ ਦੱਤੀ, ਪੀ.ਆਈ.ਡੀ.ਬੀ ਦੇ ਐਮ,ਡੀ ਵੀ.ਐਨ ਯਾਦੇ, ਐਸ.ਡੀ.ਐਮ ਵਿਕਾਸ ਹੀਰਾ, ਜੀ.ਐਮ ਆਰ.ਐਸ ਬੱਲ, ਸੀ.ਈ.ਓ ਇੰਦਰਜੀਤ ਸਿੰਘ ਚਾਵਲਾ, ਐਕਸੀਅਨ ਜਸਬੀਰ ਸਿੰਘ ਸੋਢੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply