ਬਠਿੰਡਾ, 30 ਜਨਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਮੌੜ ਖ਼ੂਨੀ ਬੰਬ ਕਾਂਡ ਦੇ ਦੋਸ਼ੀ ਡੇਰਾ ਪ੍ਰੇਮੀਆਂ ਦੀਆਂ ਪੁਲਿਸ ਵੱਲੋਂ ਜਾਰੀ ਤਸਵੀਰਾਂ ’ਤੇ ਦਲ ਖ਼ਾਲਸਾ ਨੇ ਆਪਣਾ ਪ੍ਰਤੀਕਰਮ ਦਿੰਦਿਆ ਕਿਹਾ ਕਿ ਪੁਲਿਸ ਨੇ ਹੁਣ ਤੱਕ ਡੇਰਾ ਤੇ ਸੱਤਾ ਵਿੱਚ ਬੈਠੇ ਇਸ ਦੇ ਹਮਾਇਤੀਆਂ ਨੇ ਇਸ ਖ਼ੂਨੀ ਕਾਰਵਾਈ ਨੂੰ ਅਲਮਾਰੀਆਂ
ਵਿੱਚ ਦੱਬੀ ਰੱਖਿਆ, ਪਰ ਹੁਣ ਦਬਾਅ ਵੱਧਣ ਮਗਰੋਂ ਪੁਲਿਸ ਨੂੰ ਅਜਿਹਾ ਕਰਨਾ ਪਿਆ।ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਬਠਿੰਡਾ, ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਜੀਵਨ ਸਿੰਘ ਗਿੱਲ ਕਲਾਂ, ਨੌਜਵਾਨ ਆਗੂ ਪਰਨਜੀਤ ਸਿੰਘ ਜੱਗੀ ਕੋਟ ਫ਼ੱਤਾ ਨੇ ਮੰਗ ਕੀਤੀ ਕਿ ਇਸ ਭਿਆਨਕ ਤੇ ਖ਼ੂਨੀ ਬੰਬ ਕਾਂਡ ਲਈ ਮੁੱਖ ਜਿੰਮੇਵਾਰ ਦੋਸ਼ੀ ਡੇਰਾ ਮੁੱਖੀ ਗੁਰਮੀਤ ‘ਰਾਮ ਰਹੀਮ’ ਤੇ ਹਨੀਪ੍ਰੀਤ ਨੂੰ ਪੁਲਿਸ ਰਿਮਾਂਡ ’ਤੇ ਲਿਆ ਕੇ ਤਫ਼ਤੀਸ਼ ਕੀਤੀ ਜਾਵੇ, ਕਿਉਂਕਿ ਸਾਰੇ ਖ਼ੂਨੀ ਕਾਰੇ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਡੇਰੇ ਵਿੱਚ ਹੀ ਤਿਆਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਖ਼ੂਨੀ ਵਰਤਾਰੇ ਲਈ ਉਸ ਵੇਲੇ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਬਰਗਾੜੀ ਕਾਂਡ ਦਾ ਦੋਸ਼ੀ ਉਸ ਵੇਲੇ ਪੰਜਾਬ ਪੁਲਿਸ ਦਾ ਮੁਖੀ ਸੁਮੇਧ ਸੈਣੀ, ਡੇਰਾ ਸਿਰਸਾ ਦਾ ਕੁੜਮ ਤੇ ਸਾਬਕਾ ਕਾਂਗਰਸੀ ਵਿਧਾਇਕ ਹਰਮੰਦਰ ਜੱਸੀ ਅਤੇ ਉਸ ਦੇ ਜੁਆਈ ਤੇ ਡੇਰਾ ਮੁੱਖੀ ਦੇ ਪੁੱਤਰ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਨਾ ਕੇਵਲ ਇਹ ਖ਼ੂਨੀ ਸਾਜਿਸ਼ ਨੰਗੀ ਸਕੇ ਸਗੋਂ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿੱਤੀਆਂ ਜਾ ਸਕਣ।
ਦਲ ਖ਼ਾਲਸਾ ਦੇ ਆਗੂਆਂ ਨੇ ਦੱਸਿਆ ਕਿ ਪੰਜਾਬ ਦੀ ਦੁਸ਼ਮਣ ਦਿੱਲੀ ਆਪਣੇ ਪਿਆਦਿਆਂ ਨੂੰ ਚੋਣਾਂ ਜਿਤਾਉਣ ਲਈ ਵੋਟਾਂ ਵੇਲੇ ਪੰਜਾਬ ਵਿੱਚ ਅਜਿਹੇ ਭਿਆਨਕ ਖ਼ੂਨੀ ਕਾਂਡ ਕਰਵਾ ਦਿੰਦੀ ਹੈ।ਜਿਸ ਵਿੱਚ ਨਾ ਕੇਵਲ ਬੇਦੋਸੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪੈਦੇ ਹਨ ਸਗੋਂ ਸਿੱਖਾਂ ਨੂੰ ‘ਅੱਤਵਾਦ’ ਦੇ ਨਾਂ ’ਤੇ ਬਦਨਾਮ ਕਰਕੇ ਕੁੱਟਣ ਤੇ ਮਾਰਨ ਦਾ ਢੰਗ ਵੀ ਅਪਣਾਇਆ ਜਾਂਦਾ ਹੈ।ਉਹਨਾਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਲਈ ਦਿੱਲੀ, ਸਿੱਖੀ ਦੇ ਦੁਸ਼ਮਣ ਡੇਰੇ ਵਾਲੇ ਸਾਧ, ਪੰਜਾਬ ਵਿੱਚ ਬਾਦਲ ਪਿਓ ਪੁੱਤ, ਮੌਜੂਦਾ ਮੁੱਖ ਮੰਤਰੀ ਆਦਿ ਸਭ ਭੂਮਿਕਾ ਨਿਭਾਅ ਰਹੇ ਹਨ।
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ 31 ਜਨਵਰੀ 2017 ਨੂੰ ਉਸ ਵੇਲੇ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਮੌੜ ਮੰਡੀ ਵਿੱਚ ਕਰਵਾਏ ਬੰਬ ਧਮਾਕੇ ਵਿੱਚ 4 ਮਾਸੂਮ ਬੱਚਿਆਂ, ਦੋ ਪਿਓ-ਧੀਅ ਸਮੇਤ 7 ਨਿਰਦੋਸ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ ਤੇ ਇੱਕ ਜਖ਼ਮੀ ਨੌਜਵਾਨ ਮੰਜ਼ੇ ਵਿੱਚ ਪਿਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media