ਧੂਰੀ, 30 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਰੀ ਕਲਾਂ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਸੁਰਿੰਦਰ ਕੌਰ ਦੀ ਅਗੁਵਾਈ
ਹੇਠ ਸਕੂਲ ਦਾ ਸਾਲਾਨਾ ਸਮਾਰੋਹ ਕਰਵਾਇਆ ਗਿਆ। ਇਸ ਸਾਲਾਨਾ ਸਮਾਰੋਹ ਵਿੱਚ ਘਨੌਰੀ ਕਲਾਂ ਦੀ ਨਵੀ ਬਣੀ ਪੰਚਾਇਤ ਦੇ ਮੁਖੀ ਸਰਪੰਚ ਗੁਰਜੰਟ ਸਿੰਘ ਹੈਪੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਪਰਸਨ ਸ਼੍ਰੀਮਤੀ ਰੇਸ਼ਮ ਕੌਰ, ਰੁਪਿੰਦਰ ਕੌਰ, ਪੰਚਾਇਤ ਮੈਂਬਰ ਜਗਰਾਜ ਸਿੰਘ ਜੱਗਾ, ਡਾ. ਜਗਜੀਤ ਸਿੰਘ, ਗੁਰਦੇਵ ਸਿੰਘ, ਸਗਨਦੀਪ ਸਿੰਘ, ਸੁਬੇਦਾਰ ਜੀਤ ਸਿੰਘ ਤੇ ਮਾਸਟਰ ਕੁਲਵੰਤ ਸਿੰਘ ਆਦਿ ਵੀ ਹਾਜ਼ਰ ਸਨ।
ਸਮਾਗਮ ਦੀ ਸ਼ੁਰੂਆਤ ਸੁਖਵਿੰਦਰ ਰਾਣੀ ਐਂਡ ਪਾਰਟੀ ਵੱਲੋਂ ਧਾਰਮਿਕ ਗੀਤ ‘ਈਸ਼ਵਰ ਅੱਲਾ’ ਨਾਲ ਕੀਤੀ ਗਈ। ਉਸ ਤੋਂ ਬਾਅਦ ਸਿਮਰਜੀਤ ਕੌਰ ਐਂਡ ਪਾਰਟੀ ਵਲੋਂ ‘ਸਿੱਧੀ ਸਾਦੀ ਕੁੜੀ` ਉੱਪਰ ਕੋਰੀਉਗਰਾਫੀ ਪੇਸ਼ ਕੀਤੀ ਗਈ।ਸਮਾਗਮ ਦੌਰਾਨ ਵਿਦਿਆਰਥੀਆਂ ਨੇ `ਸਾਨੂੰ ਮਾਣ ਪੰਜਾਬੀ ਹੋਣ ਦਾ’,`ਬਾਪੂ ਤੇਰੀ ਧੀ’,`ਪੰਜਾਬਣੇ ਸੌਕੀਣ ਕੁੜੀਏ’,`ਜੁੱਤੀ ਪਟਿਆਲੇ ਦੀ’ਆਦਿ ਗੀਤ ਤੇ ਆਪਣੀ ਕਲਾ ਦੇ ਜ਼ੋਹਰ ਵਿਖਾਏ। ਅੰਗਰੇਜ਼ ਸਿੰਘ ਵੱਲੋਂ ‘ਵਤਨਾਂ ਦੀ ਯਾਦ` ਗੀਤ ਦੀ ਖੂਬਸੂਰਤ ਪੇਸ਼ਕਾਰੀ ਕੀਤੀ।ਹਰਕ੍ਰਿਸ਼ਨ ਐਂਡ ਪਾਰਟੀ ਵੱਲੋਂ ‘ਬੇਟੀ ਪੜਾਉ,ਬੇਟੀ ਬਚਾਉ’ ਥੀਮ ਉਪਰ ਨਾਟਕ ਪੇਸ਼ ਕੀਤਾ ਗਿਆ।ਮੈਡਮ ਨਵਦੀਪ ਰਾਣੀ ਨੇ ਪੰਜਾਬੀ ਸੱਭਿਆਚਾਰ ਬਾਰੇ ਬੱਚਿਆਂ ਨੂੰ ਵਿਸਥਾਰ ਵਿੱਚ ਦੱਸਿਆ। ਸੂਬੇਦਾਰ ਜੀਤ ਸਿੰਘ ਅਤੇ ਮਾਸਟਰ ਕੁਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਅਨੁਸ਼ਾਸ਼ਤ ਜੀਵਨ ਜਿਉਂਣ ਦੀ ਪ੍ਰੇਰਨਾ ਦਿੱਤੀ।ਸਰਪੰਚ ਗੁਰਜੰਟ ਸਿੰਘ ਨੇ ਆਪਣੇ ਭਾਸ਼ਨ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਆਪਣੇ ਜੀਵਨ ਦਾ ਨਿਸ਼ਾਨਾ ਮਿੱਥ ਕੇ ਉਸ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਕੁੱਝ ਕੁ ਅਤਿ ਗਰੀਬ ਬੱਚੇ ਜੋ ਆਪਣੀ ਫੀਸ ਨਹੀ ਭਰ ਸਕਦੇ, ਦੀ ਆਪਣੇ ਵੱਲੋਂ ਫੀਸ ਭਰਨ ਦਾ ਐਲਾਨ ਵੀ ਕੀਤਾ। ਉਹਨਾਂ ਸਕੂਲ ਨੂੰ ਹੋਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਸਕੂਲ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ, ਕਮਲਜੀਤ ਕੌਰ, ਸਿਮਰਨਜੀਤ ਕੌਰ ਤੇ ਰਮਨਦੀਪ ਕੌਰ ਜਿਨਾਂ ਨੇ ‘ਖੇਲੋ ਇੰਡੀਆ’ ਤਹਿਤ ਪੂਨੇ ਵਿਖੇ ਹੋਏ ਅੰਡਰ-17 ਖੋ-ਖੋ ਮੁਕਾਬਲਿਆਂ ਵਿੱਚ ਕਾਂਸੀ ਦਾ ਤਮਗਾ ਜਿੱਤਿਆ, ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਮੌਕੇ ਮਾਣਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋਂ ਵੀ ਇਹਨਾਂ ਲੜਕੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ।ਸਮਾਰੋਹ ਵਿੱਚ ਸਨਮਾਨਿਤ ਹੋਣ ਵਾਲੀਆਂ ਸਖਸ਼ੀਅਤਾਂ ਵਿੱਚ ਬਲਵੀਰ ਸਿੰਘ ਪੀ.ਟੀ ਆਈ ਤੇ ਕੋਚ ਗੁਰਬਿੰਦਰ ਸਿੰਘ ਨੂੰ ਵੀ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ, ਪੰਚਾਇਤ ਮੈਂਬਰਜ਼ ਤੇ ਪ੍ਰਿੰਸੀਪਲ ਵੱਲੋਂ ਮੈਡਲ ਪਾਏ ਗਏ ਅਤੇ ਇਨਾਮ ਤਕਸੀਮ ਕੀਤੇ ਗਏ।ਸਮੂਹ ਸਟਾਫ ਵੱਲੋਂ ਮੁੱਖ ਮਹਿਮਾਨ ਗੁਰਜੰਟ ਸਿੰਘ ਤੇ ਸ਼ੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੀ ਪਿ੍ਰੰਸੀਪਲ ਵੱਲੋਂ ਸਟਾਫ ਮੈਂਬਰਜ਼ ਅਤੇ ਪਿੰਡ ਦੇ ਦਾਨੀ ਸੱਜਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਸਕੂਲ ਪ੍ਰਿੰਸੀਪਲ ਵੱਲੋਂ ਪੜੀ ਗਈ ਸਕੂਲ ਦੀ ਸਾਲਾਨਾ ਰਿਪੋਰਟ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਤੇ ਚਾਣਨਾ ਪਾਇਆ ਅਤੇ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਸਮੂਹ ਸਟਾਫ ਦਾ ਧੰਨਵਾਦ ਵੀ ਕੀਤਾ।ਭੰਗੜਾ ਤੇ ਗਿੱਧਾ ਸਮਾਰੋਹ ਦਾ ਸਿਖ਼ਰ ਹੋ ਨਿਬੜਿਆ।ਸਟੇਜ਼ ਦੀ ਭੂਮਿਕਾ ਸੁਖਵਿੰਦਰ ਸਿੰਘ ਅਤੇ ਮਨੋਜ ਸ਼ਰਮਾ ਨੇ ਬਾਖੂਬੀ ਨਿਭਾਈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media