ਧੂਰੀ, 30 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਪਾਠਸ਼ਾਲਾ ਮੁਹੱਲੇ ਵਿੱਚ ਪਿਛਲ਼ੇ 3 ਦਿਨਾਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਨਾਲ
ਪਾਠਸ਼ਾਲਾ ਮੁੱਹਲੇ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ।ਜਿਸ ਨੂੰ ਲੈ ਕੇ ਮੁਹੱਲੇ ਦੇ ਰਹਿਣ ਵਾਲੇ ਕਾਮ. ਗੁਰਦਿਆਲ ਨਿਰਮਾਣ, ਮਨੋਜ ਕੁਮਾਰ ਲਿੱਪੀ, ਅਕਾਲੀ ਆਗੂ ਗਿਆਨ ਸਿੰਘ ਬਾਵਾ, ਨਿਰੰਕਾਰੀ ਮੁਖੀ ਵਿਨੋਦ ਕੁਮਾਰ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਧੂਰੀ ਅੰਦਰ ਲੋਕਾਂ ਨੂੰ ਦਿਨੋਂ-ਦਿਨ ਫੈਲ਼ ਰਹੇ ਸਵਾਈਨ ਫਲੂ ਦੇ ਕਹਿਰ ਤੋਂ ਬਚਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਪੂਰੀ ਸਰਗਰਮੀ ਨਾਲ ਜੁਟਣ ਦੀ ਲੋੜ ਹੈ ਅਤੇ ਪਾਠਸ਼ਾਲਾ ਮੁਹੱਲੇ ਵਿੱਚ ਘਰ-ਘਰ ਜਾ ਕੇ ਇਸ ਬਿਮਾਰੀ ਦੇ ਮੁੱਖ ਲੱਛਣਾਂ ਤੋਂ ਪੀੜਤ ਵਿਅਕਤੀਆਂ ਦੇ ਟੈਸਟ ਜਾਂਚ ਲਈ ਭੇਜਣ ਦੀ ਵੀ ਲੋੜ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲ਼ੇ 3 ਦਿਨਾਂ ਅੰਦਰ ਜਸਪਾਲ ਸਿੰਘ ਨਿਰੰਕਾਰੀ ਟੇਲਰ ਮਾਸਟਰ ਅਤੇ ਰਾਮਪਾਲ ਜਿੰਦਲ ਦੀ ਸਵਾਈਨ ਫਲੂ ਨਾਲ ਮੌਤ ਹੋ ਜਾਣ ਨਾਲ ਜਿੱਥੇ ਸ਼ਹਿਰ ਅੰਦਰ ਸੋਗ ਦਾ ਮਾਹੌਲ ਹੈ, ਉੱਥੇ ਹੀ ਲੋਕਾਂ ਵਿੱਚ ਡਰ ਦਾ ਮਾਹੌਲ ਵੀ ਬਣਿਆ ਹੋਇਆ ਹੈ।
ਜਾਣਕਾਰੀ ਅਨੁਸਾਰ ਪਾਠਸ਼ਾਲਾ ਮੁੱਹਲੇ ਦੇ ਰਹਿਣ ਵਾਲੇ ਜਸਪਾਲ ਸਿੰਘ ਜੋ ਕਿ ਟੇਲਰ ਮਾਸਟਰ ਦਾ ਕੰਮ ਕਰਦਾ ਸੀ, ਦੀ ਬੀਤੀ 25 ਜਨਵਰੀ ਨੂੰ ਅਚਾਨਕ ਤਬੀਅਤ ਖਰਾਬ ਹੋਣ `ਤੇ ਉਸ ਨੂੰ 26 ਜਨਵਰੀ ਨੂੰ ਇਲਾਜ਼ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ, ਜਿਥੇ ਅਗਲੇ ਦਿਨ 27 ਜਨਵਰੀ ਨੂੰ ਉਸ ਦੀ ਮੌਤ ਹੋ ਗਈ।ਇਸੇ ਤਰਾਂ੍ਹ ਪਾਠਸ਼ਾਲਾ ਮੁਹੱਲੇ ਦੇ ਦੂਸਰੇ ਵਸਨੀਕ ਰਾਮਪਾਲ ਜਿੰਦਲ ਜੋ ਕਿ ਡੀ.ਐਮ.ਸੀ ਲੁਧਿਆਣਾ ਵਿਖੇ ਪਿਛਲੇ ਕਈ ਦਿਨਾਂ ਤੋਂ ਜੇਰੇ ਇਲਾਜ਼ ਸੀ, ਦੀ ਮੌਤ ਵੀ ਅੱਜ 29 ਜਨਵਰੀ ਨੂੰ ਹੋ ਗਈ।ਸਿਵਲ ਹਸਪਤਾਲ ਧੂਰੀ ਵਿਖੇ ਤਾਇਨਾਤ ਮੈਡੀਕਲ ਸਪੈਸ਼ਲਿਸਟ ਡਾ. ਪਰਗਟ ਸਿੰਘ ਨੇ ਇਹ ਦੋ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹਨਾਂ ਦੋਵੇਂ ਵਿਅਕਤੀਆਂ ਦੇ ਸਵਾਈਨ ਫਲੂ ਹੋਣ ਬਾਰੇ ਭਾਵੇਂ ਸਾਡੇ ਪਾਸ ਅਜੇ ਕੋਈ ਅਧਿਕਾਰਤ ਰਿਪੋਰਟ ਨਹੀਂ ਪਹੁੰਚੀ ਹੈ, ਪ੍ਰੰਤੂ ਪਰਿਵਾਰਿਕ ਮੈਂਬਰਾਂ ਨਾਲ ਹੋਏ ਸੰਪਰਕ ਤੋਂ ਇਹਨਾਂ ਮ੍ਰਿਤਕ ਵਿਅਕਤੀਆਂ ਨੂੰ ਸਵਾਈਨ ਫਲੂ ਹੋਣ ਦੀ ਸ਼ੰਕਾ ਪ੍ਰਗਟ ਕੀਤੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਮ੍ਰਿਤਕਾਂ ਦੇ ਜਿਹੜੇ ਵਾਰਸ ਉਕਤ ਮਰੀਜ਼ਾਂ ਦੇ ਸੰਪਰਕ ਹੇਠ ਰਹੇ ਸਨ, ਨੂੰ ਸਵਾਈਨ ਫਲੂ ਤੋਂ ਬਚਣ ਵਾਲੀ ਦਵਾਈ ਦੇ ਦਿੱਤੀ ਗਈ ਹੈ।ਇਸ ਦੇ ਨਾਲ ਹੀ ਪਾਠਸ਼ਾਲਾ ਮੁਹੱਲੇ ਦੇ ਨਾਲ-ਨਾਲ ਧੂਰੀ ਸ਼ਹਿਰ ਵਿਖੇ ਸਿਹਤ ਵਿਭਾਗ ਵੱਲੋਂ ਬਣੀਆਂ ਟੀਮਾਂ ਲੋਕਾਂ ਅੰਦਰ ਸਵਾਈਨ ਫਲੂ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਲੱਗੀਆਂ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਆਸ਼ਾ ਵਰਕਰਾਂ ਨੂੰ ਵੀ ਆਪਣੇ-ਆਪਣੇ ਏਰੀਏ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਕਿਹਾ ਗਿਆ ਹੈ।
ਸਵਾਈਨ ਫਲ਼ੂ ਦੇ ਲੱਛਣ ਅਤੇ ਬਚਣ ਦੇ ਉਪਾਅ
ਡਾ. ਪਰਗਟ ਸਿੰਘ ਨੇ ਸਵਾਈਨ ਫਲੂ ਦੇ ਮੁੱਖ ਲੱਛਣਾਂ ਅਤੇ ਬਚਾਓ ਬਾਰੇ ਦੱਸਦਿਆਂ ਕਿਹਾ ਕਿ ਤੇਜ਼ ਬੁਖਾਰ, ਖਾਂਸੀ, ਜੁਕਾਮ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ ਆਦਿ ਹੋਣ `ਤੇ ਸਬੰਧਤ ਵਿਅਕਤੀ ਨੂੰ ਤੁਰੰਤ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਸਵਾਈਨ ਫਲੂ ਤੋਂ ਬਚਣ ਲਈ ਕਿਸੇ ਮਰੀਜ਼ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਆਦਿ ਤੋਂ ਗੁਰੇਜ਼ ਕਰਨ ਦੇ ਨਾਲ-ਨਾਲ ਆਮ ਵਿਅਕਤੀਆਂ ਨੂੰ ਭੀੜ ਵਾਲੀਆਂ ਥਾਂਵਾਂ `ਤੇ ਜਾਣ ਤੋਂ ਬਚਣਾ ਚਾਹੀਦਾ ਹੈ।ਉਹਨਾਂ ਦੱਸਿਆ ਕਿ ਆਮ ਵਿਅਕਤੀਆਂ ਨੂੰ ਆਪਣਾ ਮੂੰਹ ਢੱਕ ਕੇ ਰੱਖਣ ਦੀ ਸਲਾਹ ਵੀ ਦਿੱਤੀ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media