ਖੂਨ ਦਾਨ ਲੋੜਵੰਦ ਮਰੀਜ਼ਾਂ ਨੂੰ ਔਖੇ ਵੇਲੇ ਨਵੀਂ ਜ਼ਿੰਦਗੀ ਪ੍ਰਦਾਨ ਕਰਦਾ ਹੈ – ਛੀਨਾ
ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਲਾਅ ਵਿਖੇ ਬਲੱਡ ਡੋਨੇਸ਼ਨ ਕੈਂਪ ਦਾ ਉਦਘਾਟਨ ਕਰਦਿਆਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਵਿਦਿਆਰਥੀਆਂ ਨੂੰ ਸੰਬੋਧਨ ’ਚ ਕਿਹਾ ਕਿ ਖੂਨ ਦਾਨ ਕਰਨ ਨਾਲ ਔਖੇ ਵੇਲੇ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਦਾ ਹੈ।ਇਸ ਲਈ ਅਜਿਹੇ ਸੇਵਾ ਭਾਵਨਾ ਵਾਲੇ ਕਾਰਜਾਂ ਲਈ ਹਰੇਕ ਇਨਸਾਨ ਨੂੰ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਐਨ.ਐਸ.ਐਸ ਵਿੰਗ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਬਲੱਡ ਬੈਂਕ ਨਾਲ ਮਿਲ ਕੇ ਖ਼ੂਨਦਾਨ ਕੈਂਪ ਬਿਕਰਮਜੀਤ ਸਿੰਘ ਨਾਲੇਜ਼ ਵਿਲਾ ਇੰਟੀਗ੍ਰੇਟਿਡ ਐਜ਼ੂਕੇਸ਼ਨ ਐਂਡ ਵੈਲਫ਼ੇਅਰ ਸੋਸਾਇਟੀ ਦੇ ਸਮਰਥਨ ਨਾਲ ਲਗਾਇਆ ਗਿਆ।ਖ਼ੂਨਦਾਨ ਕੈਂਪ ਤੋਂ ਪਹਿਲਾਂ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਇਸਦਾ ਅਗਾਜ਼ ਕੀਤਾ ਗਿਆ, ਜਿਸ ਲੜਕਿਆਂ ਦੇ ਨਾਲ-ਨਾਲ ਲੜਕੀਆਂ ਨੇ ਵੀ ਖ਼ੂਨ ਦਾਨ ਕਰਨ ’ਚ ਬਰਾਬਰ ਦਾ ਯੋਗਦਾਨ ਪਾਇਆ। 
ਛੀਨਾ ਨੇ ਕਿਹਾ ਕਿ ਇਕ-ਇਕ ਕਰਕੇ ਇਕੱਠੇ ਹੋਏ ਖੂਨ ਦੇ ਕਤਰੇ ਨਾਲ ਕਈ ਅਨੋਮਲ ਜਿੰਦੜੀਆਂ ਬਚਾਈਆਂ ਜਾ ਸਕਣਗੀਆਂ।ਉਨ੍ਹਾਂ ਕਿਹਾ ਕਿ ਖ਼ੂਨਦਾਨ ਕਰਨਾ ਇਕ ਪੁੰਨ ਹੈ ਜੋ ਕਿ ਜਰੂਰਤਮੰਦ ਮਰੀਜਾਂ ਲਈ ਨਾ ਸਿਰਫ਼ ਵਰਦਾਨ ਬਣਦਾ, ਸਗੋਂ ਸਾਡੀ ਸਮਾਜ ਪ੍ਰਤੀ ਸੱਚੀ ਪ੍ਰਤੀਬੱਧਤਾ ਨੂੰ ਵੀ ਦਰਸਾਉਂਦਾ ਹੈ।ਉਨ੍ਹਾਂ ਵਿਦਿਆਰਥੀਆਂ ਨੂੰ ਖ਼ੂਨਦਾਨ ਕਰਨ ’ਤੇ ਪ੍ਰੇਰਿਤ ਕਰਦਿਆਂ ਕਿਹਾ ਕਿ ਖ਼ੂਨ ਦਾਨ ਕਰਨ ਸਮੇਂ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੁੰਦੀ ਤੇ ਨਾ ਹੀ ਇਸ ਨਾਲ ਸਰੀਰ ’ਤੇ ਕਿਸੇ ਤਰ੍ਹਾਂ ਦਾ ਕੋਈ ਗ਼ਲਤ ਪ੍ਰਭਾਵ ਪੈਂਦਾ ਹੈ, ਇਸ ਲਈ ਹਰੇਕ ਵਿਅਕਤੀ ਨੂੰ ਇਸਦਾ ਹਿੱਸਾ ਬਣਨਾ ਚਾਹੀਦਾ ਹੈ।
ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਵਿਦਿਆਰਥੀਆਂ ਦੇ ਖੂਨਦਾਨ ਪ੍ਰਤੀ ਉਤਸ਼ਾਹ ਨੂੰ ਸਲਾਹਉਂਦਿਆਂ ਕਿਹਾ ਕਿ ਡਾ. ਅਨਿਲ ਮਹਾਜਨ, ਬਲੱਡ ਬੈਂਕ, ਗੁਰੂ ਨਾਨਕ ਦੇਵ ਹਸਪਤਾਲ ਅਤੇ ਸ੍ਰੀ ਰਵੀ ਕਾਂਤ ਮਹਾਜਨ ਨੇ ਇਸ ਬਲੱਡ ਬੈਂਕ ਨੂੂੰ ਸੁਪਰਵਾਈਜ਼ ਕੀਤਾ ਅਤੇ ਬਿਕਰਮਜੀਤ ਸਿੰਘ ਨੇ ਕੈਂਪ ਦੀ ਦੇਖ ਰੇਖ ਕੀਤੀ। ਕਾਲਜ ਦੇ ਐਨ.ਐਸ.ਐਸ ਵਿੰਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਗੁਨੀਸ਼ਾ ਸਲੂਜਾ ਅਤੇ ਐਨ.ਐਸ.ਐਸ ਵਲੰਟੀਅਰਾਂ ਵੱਲੋਂ ਲਗਾਏ ਗਏ ਕੈਂਪ ਦੌਰਾਨ 100 ਤੋਂ ਵੱਧ ਵਿਦਿਆਰਥੀਆਂ ਨੇ ਖ਼ੂਨਦਾਨ ਕਰਕੇ ਸਮਾਜ ਸੇਵਾ ’ਚ ਅਹਿਮ ਯੋਗਦਾਨ ਪਾਇਆ।
ਡਾ. ਅਨਿਲ ਮਹਾਜਨ ਨੇ ਕਿਹਾ ਕਿ ਦਾਨੀਆਂ ਦਾ ਖ਼ੂਨ ਬਿਮਾਰੀ ਨਾਲ ਪੀੜਤ ਬੱਚਿਆਂ, ਕੈਂਸਰ, ਪਿੰਗਲਵਾੜੇ ਦੇ ਬੇਸਹਾਰਾ, ਗਰਭਵਤੀ ਔਰਤਾਂ ਅਤੇ ਸੜਕ ਹਾਦਸੇ ਦੌਰਾਨ ਜਖ਼ਮੀ ਹੋਏ ਵਿਅਕਤੀਆਂ ਦੀ ਸਹੂਲਤ ਲਈ ਇਕੱਠਾ ਕੀਤਾ ਗਿਆ ਹੈ, ਸਰਕਾਰੀ ਬਲੱਡ ਬੈਂਕ ’ਚ ਭੇਜਿਆ ਜਾਵੇਗਾ। ਖ਼ੂਨਦਾਨ ਕੈਂਪ ਮੌਕੇ ਪ੍ਰੋ: ਸੀਮਾ ਰਾਣੀ, ਪ੍ਰੋ: ਰਸ਼ੀਮਾ ਚੰਗੋਤਰਾ, ਪ੍ਰੋ: ਮੋਹਿਤ ਸੈਣੀ ਅਤੇ ਰਣਜੀਤ ਸਿੰਘ ਆਦਿ ਮੌਜ਼ੂਦ ਸਨ।
Punjab Post Daily Online Newspaper & Print Media