ਅੰਮ੍ਰਿਤਸਰ, 31 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਖਾਲਸਾ ਕਾਲਜ ਚੈਰੀਟੇਬਲ ਸੁਸਾਇਟੀ ਦੇ ਤਹਿਤ ਖਾਲਸਾ ਹਾਕੀ ਅਕੈਡਮੀ ਦੀਆਂ ਕਰੀਬ 4 ਖਿਡਾਰਣਾਂ ਨੂੰ ਇੰਡੀਅਨ ਨੈਸ਼ਨਲ ਹਾਕੀ (ਜੂਨੀਅਰ) ਟੀਮ ਲਈ ਚੁਣਿਆ ਗਿਆ। ਅਕੈਡਮੀ ਦੀਆਂ ਉਭਰ ਰਹੀਆਂ ਖਿਡਾਰਣਾਂ ਪ੍ਰਭਲੀਨ ਕੌਰ, ਰੀਤ, ਪ੍ਰਿਯੰਕਾ ਅਤੇ ਗਗਨਦੀਪ ਕੌਰ ਨੂੰ ਲਖਨਊ ਦੇ ਟ੍ਰੇਲ ਦੌਰਾਨ ਟੀਮ ਲਈ ਚੁਣਿਆ ਗਿਆ ਹੈ ਅਤੇ ਉਹ ਆਗਾਮੀ 4ਵੇਂ ਟੂਰਨਾਮੈਂਟ ’ਚ ਸਪੇਨ ਦੇ ਖਿਲਾਫ ਟੈਸਟ ਮੈਚ ਖੇਡਣ ਜਾ ਰਹੀਆਂ ਹਨ।
ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਲੜਕੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪ੍ਰਬੰਧਕਾਂ ਦੁਆਰਾ ਸ਼ੁਰੂ ਕੀਤੀ ਗਈ ਵਿਸ਼ਾਲ ਸਿਖਲਾਈ ਦੇ ਬਾਅਦ ਹਾਕੀ ਖਿਡਾਰਣਾਂ ਦੀ ਟੀਮ ਵੱਡੇ ਪੱਧਰ ’ਤੇ ਪ੍ਰਸ਼ੰਸਾ ਪ੍ਰਾਪਤ ਕਰ ਰਹੀ ਹੈ।ਛੀਨਾ ਨੇ ਉਕਤ ਪ੍ਰਾਪਤੀ ਲਈ ਡਾਇਰੈਕਟਰ ਖੇਡਾਂ ਡਾ. ਕੰਵਲਜੀਤ ਸਿੰਘ ਅਤੇ ਕੋਚ ਬਲਦੇਵ ਸਿੰਘ ਅਤੇ ਅਮਰਜੀਤ ਸਿੰਘ ਦੀ ਸ਼ਲਾਘਾ ਕੀਤੀ।ਛੀਨਾ ਨੇ ਕਿਹਾ ਕਿ ਮੈਨੇਜ਼ਮੈਂਟ ਵੱਲੋਂ ਪਹਿਲਾਂ ਹੀ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਖੇਡਾਂ ਅਤੇ ਹੋਸਟਲਾਂ ਲਈ ਸਥਾਪਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਮਹਿਲਾਵਾਂ ਦੇ ਖੇਡਾਂ ਨੂੰ ਉਤਸ਼ਾਹਿਤ ਕਰਨਾ ਸੁਸਾਇਟੀ ਦਾ ਮੁੱਖ ਮਕਸਦ ਹੈ। ਇਸ ਮੌਕੇ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਉੱਤਰੀ ਭਾਰਤ ’ਚ ਕੌਮੀ ਖੇਡ ਨੂੰ ਉਤਸ਼ਾਹਿਤ ਕਰਨ ਲਈ 2016 ’ਚ ਅਕੈਡਮੀ ਸਥਾਪਿਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਵਿਸ਼ੇਸ਼ ਤੌਰ ’ਤੇ ਮਹਿਲਾ ਖੇਡਾਂ ’ਤੇ ਹੈ ਅਤੇ ਇਸ ਤਰ੍ਹਾਂ ਅਕੈਡਮੀ ਦੀ ਵਿਚਾਰਧਾਰਾ ਨੂੰ ਸਮਝਿਆ ਗਿਆ।ਮੈਨੇਜਮੈਂਟ ਨੇ ਦ੍ਰੋਣਾਚਾਰੀਆ ਐਵਾਰਡ ਜੇਤੂ ਰਾਸ਼ਟਰੀ ਹਾਕੀ ਕੋਚ ਬਲਦੇਵ ਸਿੰਘ ਨੂੰ ਟੀਮ ਦਾ ਸੀਨੀਅਰ ਕੋਚ, ਜਦਕਿ ਅਮਰਜੀਤ ਸਿੰਘ ਨੂੰ ਜੂਨੀਅਰ ਕੋਚ ਨਿਯੁਕਤ ਕੀਤਾ ਗਿਆ ਹੈ। ਕੁੱਲ 55 ਖਿਡਾਰਣਾਂ ’ਚੋਂ 10 ਖਿਡਾਰਣਾਂ ਨੇ ਪਹਿਲਾਂ ਹੀ ਇਨ੍ਹਾਂ 2 ਸਾਲਾਂ ’ਚ ਵੱਖ-ਵੱਖ ਹਾਕੀ ਮੁਕਾਬਲਿਆਂ ’ਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ, ਜਦਕਿ ਪਿਛਲੇ ਸਾਲ ਖੇਲੋ ਇੰਡੀਆ ਕੌਮੀ ਟੀਮ ਦੇ ਸੰਭਾਵਿਤ ਖਿਡਾਰਣਾਂ ਦੀ ਚੋਣ ਕੀਤੀ ਗਈ ਹੈ।