ਔਜਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਨੂੰ 2 ਲੱਖ ਦੇਣ ਦਾ ਐਲਾਨ
ਅੰਮ੍ਰਿਤਸਰ, 1 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪੜ੍ਹਦੀਆਂ +1 ਅਤੇ +2 ਦੀਆਂ ਲੜਕੀਆਂ ਨੂੰ 40 ਕਰੋੜ ਰੁਪਏ ਦੀ ਰਾਸ਼ੀ ਨਾਲ 1 ਲੱਖ 38 ਹਜ਼ਾਰ ਸਾਈਕਲ ਵੰਡੇ ਜਾਣਗੇ ਅਤੇ ਅੰਮ੍ਰਿਤਸਰ ਜਿਲੇ੍ਹ ਵਿੱਚ ਵਿਦਿਆਰਥਣਾਂ ਨੂੰ 11085 ਸਾਈਕਲ ਦਿੱਤੇ ਜਾਣਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਓਮ ਪ੍ਰਕਾਸ਼ ਸੋਨੀ ਸਿਖਿਆ ਮੰਤਰੀ ਪੰਜਾਬ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ ਮਾਈ ਭਾਗੋ ਸਕੀਮ ਤਹਿਤ 940 ਲੜਕੀਆਂ ਨੂੰ ਸਾਈਕਲ ਵੰਡਣ ਦੀ ਸ਼ੁਰੂਆਤ ਸਮੇਂ ਕੀਤਾ।ਸੋਨੀ ਨੇ ਕਿਹਾ ਕਿ ਲੜਕੀਆਂ ਨੂੰ ਵਿਦਿਆ ਪ੍ਰਤੀ ਰੁਚਿਤ ਕਰਨਾ ਸਰਕਾਰ ਦੀ ਪ੍ਰਥਾਮਿਕਤਾ ਹੈ ਅਤੇ ਉਨ੍ਹਾਂ ਕਿਹਾ ਕਿ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਸਾਈਕਲ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਈਕਲ ਦੇਣ ਦਾ ਮੁੱਖ ਮੰਤਵ ਲੜਕੀਆਂ ਨੂੰ ਉਚੇਰੀ ਸਿਖਿਆ ਨਾਲ ਜੋੜਣਾ ਹੈ ਤਾਂ ਜੋ ਉਹ ਸਕੂਲ ਦੀ ਪੜ੍ਹਾਈ ਮੁਕੰਮਲ ਕਰਨ ਉਪਰੰਤ ਆਪਣੇ ਚੋਣਵੇਂ ਖੇਤਰ ਵਿੱਚ ਆਪਣੀ ਪੜ੍ਹਾਈ ਜਾਰੀ ਰੱਖ ਸਕਣ ਅਤੇ ਸਮਾਜ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।
ਸਿਖਿਆ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ 2300 ਤੋਂ ਜਿਆਦਾ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦਿੱਤਾ ਗਿਆ ਹੈ ਅਤੇ 31 ਮਾਰਚ ਤੱਕ 4000 ਤੋਂ ਵੱਧ ਸਕੂਲਾਂ ਨੂੰ ਸਮਾਰਟ ਸਕੂਲ ਦਾ ਦਰਜਾ ਦੇ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ 23 ਕਰੋੜ ਰੁਪਏ ਦਾ ਫਰਨੀਚਰ ਭੇਜਿਆ ਜਾ ਰਿਹਾ ਹੈ ਅਤੇ ਅਗਲੇ ਸੈਸ਼ਨ ਦੌਰਾਨ ਬੱਚਿਆਂ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਮੁਫ਼ਤ ਕਿਤਾਬਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਸਿਖਿਆ ਮੰਤਰੀ ਨੇ ਦੱਸਿਆ ਕਿ ਪਿਛਲੇ 10 ਸਾਲ ਦੌਰਾਨ ਸਿਖਿਆ ਦਾ ਗ੍ਰਾਫ ਕਾਫੀ ਡਿੱਗ ਚੁੱਕਾ ਸੀ, ਪਰ ਹੁਣ ਸਾਡੀ ਸਰਕਾਰ ਵੇਲੇ ਸਿਖਿਆ ਦਾ ਗ੍ਰਾਫ ਉਪਰ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਿਖਿਆ ਵਜੋਂ ਪ੍ਰਾਈਵੇਟ ਸਕੂਲਾਂ ਤੋਂ ਅੱਗੇ ਲਿਜਾਇਆ ਜਾਵੇਗਾ।ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਕਲਾਸਾਂ ਵੀ ਸ਼ੁਰੂ ਕਰਵਾ ਦਿੱਤੀਆਂ ਗਈਆਂ ਹਨ।ਸਿਖਿਆ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ ਸੈਸ਼ਨ ਦੌਰਾਨ 1000 ਤੋਂ ਵੱਧ ਸਕੂਲਾਂ ਦੀਆਂ ਇਮਾਰਤਾਂ ਜੋ ਖਸਤਾ ਹਾਲਤ ਵਿੱਚ ਹਨ ਦੀ ਦਿੱਖ ਨੂੰ ਸੰਵਾਰਿਆ ਜਾਵੇਗਾ।
ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਨੇ ਬੱਚਿਆਂ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਸਭ ਤੋਂ ਉਤਮ ਦਾਨ ਵਿਦਿਆ ਦਾ ਦਾਨ ਹੈ।ਉਨ੍ਹਾਂ ਕਿਹਾ ਕਿ ਸਮਾਜ ਤਾਂ ਹੀ ਤਰੱਕੀ ਕਰ ਸਕਦਾ ਹੈ, ਜੇਕਰ ਲੜਕੀਆਂ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਜਾਵੇ ਅਤੇ ਲੜਕੀਆਂ ਪੜੀ੍ਹਆਂ ਲਿਖੀਆਂ ਹੋਣ।ਔਜਲਾ ਨੇ ਸਕੂਲ ਦੇ ਹਾਲ ਦੀ ਮੁਰੰਮਤ ਲਈ 2 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਸੁਨੀਲ ਦੱਤੀ ਹਲਕਾ ਵਿਧਾਇਕ ਉਤਰੀ ਨੇ ਅਧਿਆਪਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਉਹ ਵਾਧੂ ਕਲਾਸਾਂ ਲਗਾ ਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਜੋ ਕਿ ਬਹੁਤ ਹੀ ਵਧੀਆ ਕਦਮ ਹੈ।ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਕਿਹਾ ਅਤੇ ਮੁੱਖ ਮਹਿਮਾਨ ਵਲੋਂ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਵੀ ਕੀਤੀ ਗਈ।
ਸਮਾਗਮ ਨੂੰ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਸਲਵਿੰਦਰ ਸਿੰਘ ਸਮਰਾ ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਵਿਜੈ ਉਮਟ ਕੌਂਸਲਰ, ਸ੍ਰੀਮਤੀ ਹਰਦੀਪ ਕੌਰ ਜਿਲ੍ਹਾ ਪ੍ਰੋਗਰਾਮ ਅਫਸਰ, ਨਰਿੰਦਰ ਤੁੰਗ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।
Punjab Post Daily Online Newspaper & Print Media