31ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ
ਪਠਾਨਕੋਟ, 3 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ, ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ `ਤੇ ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਮਿਸ਼ਨ
ਤੰਦਰੁਸਤ ਪੰਜਾਬ ਤਹਿਤ ਮਿਤੀ 1 ਫਰਵਰੀ 2019 ਤੋਂ 15 ਫਰਵਰੀ 2019 ਤੱਕ ਚੱਲਣ ਵਾਲੇ 31ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ।
ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਅੱਜ ਤੋਂ ਪੂਰੇ ਸੂਬੇ ਅੰਦਰ ਦੰਦਾਂ ਦੀ ਸਿਹਤ ਸੰਭਾਲ ਸੰਬਧੀ 31ਵਾਂ ਡੈਂਟਲ ਸਿਹਤ ਪੰਦਰਵਾੜਾ ਸ਼ੁਰੂ ਕੀਤਾ ਗਿਆ ਹੈ, ਜਿਸ ਅਧੀਨ ਜਿਲਾ੍ਹ ਪਠਾਨਕੋਟ ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੇ ਮੁਫਤ ਚੈਕ-ਅਪ ਕੈਂਪ ਲਗਾ ਕੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਮੁਫਤ ਇਲਾਜ ਵੀ ਕੀਤਾ ਜਾਵੇਗਾ। ਇਸ ਤੋ ਇਲਾਵਾ ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ। ਇਸ ਮੌਕੇ ਉਨਾਂ ਵੱਲੋਂ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਪੈਂਫਲੈਟ ਵੀ ਜਾਰੀ ਕੀਤੇ ਗਏ। ਇਸ ਮੌਕੇ ਜਿਲਾ ਸਿਹਤ ਅਫਸਰ ਡਾ. ਤਰਸੇਮ ਸਿੰਘ, ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ, ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ, ਸੁਨੀਤਾ ਦੇਵੀ, ਕਮਲ ਕਿਸ਼ੋਰ, ਸ਼੍ਰੀਮਤੀ ਗੁਰਿੰਦਰ ਕੌਰ ਇੰਚ.ਮਾਸ ਮੀਡੀਆ, ਜਿਲਾ ਬੀ.ਸੀ.ਸੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਜਿਲਾ ਡੈਂਟਲ ਅਫਸਰ ਡਾ. ਡੌਲੀ ਅਗਲਵਾਲ ਨੇ ਕਿਹਾ ਕਿ ਦੰਦ ਵੀ ਸਾਡੇ ਸਰੀਰ ਦੇ ਬਹੁਤ ਅਹਿਮ ਅੰਗ ਹਨ ਜੋ ਕਿ ਖਾਣੇ ਨੂੰ ਚਬਾਉਣ ਦੇ ਨਾਲ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਵੀ ਬਰਕਰਾਰ ਰੱਖਦੇ ਹਨ। ਇਸ ਲਈ ਇਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਦੰਦ ਨਿਰੋਗ ਸ਼ਰੀਰ ਦੀ ਨਿਸ਼ਾਨੀ ਹੈ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਦੰਦਾਂ ਦਾ ਸਮੇਂ ਸਿਰ ਸਹੀ ਇਲਾਜ ਕਰਵਾ ਸਕਣ। ਦੰਦਾਂ ਦੀ ਸੰਭਾਲ ਲਈ ਦਿਨ ਵਿੱਚ ਦੋ ਵਾਰ ਬੁਰਸ਼ (ਸਵੇਰ ਅਤੇ ਰਾਤ ਨੂੰ ਸੋਣ ਤੋ ਪਹਿਲਾਂ) ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਉਪਰੰਤ ਦੰਦਾਂ ਉੱਤੇ ਨਰਮ ਪਲਾਕ ਦੀ ਝਿੱਲੀ ਜੰਮ ਜਾਂਦੀ ਹੈ ਜਿਸ ਨਾਲ ਕੀਟਾਣੂ ਤੇਜ਼ਾਬ ਬਣਾਉਂਦੇ ਹਨ ਅਤੇ ਦੰਦਾਂ ਵਿੱਚ ਖੋੜ ਪੈਦਾ ਹੋ ਜਾਂਦੀ ਹੈ। ਉਨਾਂ ਕਿਹਾ ਅਜਿਹਾ ਭੋਜਨ ਖਾਵੋ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ।ਸਾਨੂੰ ਖਾਣ ਵਿੱਚ ਚਿਪਚਿਪੇ ਪਦਾਰਥ, ਚਾਕਲੇਟ ਅਤੇ ਦੰਦਾਂ ਨੂੰ ਚਿਪਕਣ ਵਾਲੀਆਂ ਹੋਰ ਚੀਜਾਂ ਨੂੰ ਖਾਣ ਤੋਂ ਸਖਤ ਪਰਹੇਜ਼ ਕਰਨਾ ਚਾਹੀਦਾ ਹੈ। ਖਾਣ ’ਚ ਪੋਸ਼ਟਿਕ ਭੋਜਨ ਹਰੀਆਂ, ਸਬਜ਼ੀਆਂ, ਫਲ, ਦੁੱਧ ਆਦਿ ਲੈਣੇ ਚਾਹੀਦੇ ਹਨ ਜੋ ਦੰਦਾ ਨੂੰ ਮਜ਼ਬੂਤ ਬਣਾਉਂਦੇ ਹਨ।
ਉਨਾਂ ਕਿਹਾ ਕਿ ਹਰ 3 ਮਹੀਨੇ ਵਿੱਚ ਆਪਣਾ ਟੁਥ ਬੁਰਸ਼ ਵੀ ਬਦਲ ਦੇਣਾ ਚਾਹੀਦਾ ਹੈ ਕਿਉਕਿ ਪੁਰਾਣੇ ਟੁਥ ਬੁਰਸ਼ ਸਾਡੇ ਦੰਦਾਂ ਅਤੇ ਮਸੂੜਿਆਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ।ਉਨ੍ਹਾਂ ਕਿਹਾ ਕਿ ਸਭ ਤੋਂ ਜ਼ਰੂਰੀ ਹੈ ਕਿ ਸਿਹਤਮੰਦ ਦੰਦਾਂ ਵਾਸਤੇ ਤੰਬਾਕੂ, ਗੁਟਕਾ, ਪਾਨ ਆਦਿ ਦਾ ਸੇਵਨ ਨਾ ਕੀਤਾ ਜਾਵੇ ਕਿਉਂਕਿ ਇਸ ਨਾਲ ਮੂੰਹ, ਜੀਭ ਆਦਿ ਦਾ ਕੈਂਸਰ ਹੋ ਸਕਦਾ ਹੈ ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media