ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਚ ਕੀਤੀ ਪਤੰਗਬਾਜ਼ੀ
ਬਠਿੰਡਾ, 5 ਫਰਵਰੀ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਥਾਨਕ ਬਹੁਮੰਤਵੀ ਸਟੇਡੀਅਮ ਵਿੱਚ ਚਲ ਰਿਹਾ ਦੋ ਦਿਨਾ ‘ਬਠਿੰਡਾ ਕਾਈਟ ਫ਼ੈਸਟੀਵਲ ਐਂਡ
ਫ਼ੇਟ-2019’ ਜਾਹੋ-ਜਲਾਲ ਨਾਲ ਸੰਪੰਨ ਹੋ ਗਿਆ।ਪਤੰਗ ਮੇਲੇ ਦੇ ਦੋਵੇਂ ਦਿਨ ਭਾਰੀ ਗਿਣਤੀ ਵਿੱਚ ਬੱਚਿਆਂ, ਔਰਤਾਂ, ਬਜ਼ੁਰਗਾਂ ਦੂਰੋਂ-ਨੇੜਿਉਂ ਲੋਕਾਂ ਨੇ ਹਾਜ਼ਰੀ ਦੋਰਾਨ ਨਿਵੇਕਲੇ ਪਤੰਗ ਮੇਲੇ ਵਿੱਚ ਸ਼ਾਮਲ ਹੋ ਕੇ ਚਾਰ ਚੰਨ ਲਾਏ।ਮੇਲੇ ਵਿੱਚ ਉਚੇਚੇ ਤੌਰ ’ਤੇ ਪਹੁੰਚੇ ਪੰਜਾਬ ਦੇ ਵਿੱਤ ਤੇ ਯੋਜਨਾਬੰਦੀ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵੀ ਇਸ ਅਨੋਖੇ ਮੇਲੇ ਦਾ ਅਨੰਦ ਮਾਣਿਆ ਅਤੇ ਪਤੰਗਬਾਜ਼ੀ ਦਾ ਨਜ਼ਾਰਾ ਲਿਆ।
ਇਸ ਦੌਰਾਨ ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ, ‘‘ਆਪਸੀ ਭਾਈਚਾਰਾ ਕਾਇਮ ਰੱਖਣ ਵਿੱਚ ਸਹਾਈ ਹੁੰਦੇ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਇੱਕ ਪੁਲ ਦਾ ਕੰਮ ਕਰਦੇ ਹਨ।’’ ਪਾਕਿਸਤਾਨ ਦੇ ਲਾਹੌਰ ਸਣੇ ਜ਼ਿਲ੍ਹਾ ਬਠਿੰਡਾ ਦੇ ਵਾਸੀਆਂ ਵੱਲੋਂ ਧੂਮ-ਧੜੱਕੇ ਨਾਲ ਮਨਾਈ ਜਾਂਦੀ ਬਸੰਤ ਪੰਚਮੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਜ਼ਿਲ੍ਹਾ ਪ੍ਰਸ਼ਾਸਨ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।ਉਤਰੀ ਭਾਰਤ ਵਿੱਚੋਂ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਵੱਲੋਂ ਅਜਿਹਾ ਵਿਲੱਖਣ ਪਤੰਗ ਮੇਲਾ ਆਪਣੇ ਵਿਰਸੇ ਨਾਲ ਸਾਂਝ ਪੱਕੀ ਕਰਨ ਵੱਲ ਇੱਕ ਹੋਰ ਕਦਮ ਪੁੱਟਣ ਦੇ ਤੁਲ ਹੈ।’’ ਉਨ੍ਹਾਂ ਡਿਪਟੀ ਕਮਿਸ਼ਨਰ ਪ੍ਰਨੀਤ ਨੂੰ ਭਵਿੱਖ ਵਿੱਚ ਵੀ ਇਹ ਪਤੰਗ ਮੇਲਾ ਨਿਰੰਤਰ ਜਾਰੀ ਰੱਖਣ ਦੀ ਅਪੀਲ ਕੀਤੀ।
ਗੁਬਾਰੇ ਉਡਾ ਕੇ ਸ਼ਾਮ ਦੇ ਸਮਾਗਮਾਂ ਦੀ ਸ਼ੁਰੂਆਤ ਕਰਨ ਪਿੱਛੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਤੰਗਬਾਜ਼ੀ ਵਿੱਚ ਪਹਿਲੇ ਸਥਾਨ ’ਤੇ ਆਏ ਦਸਮੇਸ਼ ਸਕੂਲ ਦੇ ਵਿਸ਼ਾਲ ਕੁਮਾਰ, ਦੂਜੇ ਸਥਾਨ ’ਤੇ ਆਏ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਮੋਹਿਤ ਗਰੋਵਰ ਅਤੇ ਤੀਜੇ ਸਥਾਨ ’ਤੇ ਰਹੇ ਸੇਂਟ ਜ਼ੇਵੀਅਰ ਸਕੂਲ ਦੇ ਧਰੂਵ ਸਿੰਗਲਾ ਨੂੰ ਕ੍ਰਮਵਾਰ 5100, 2100 ਅਤੇ 1100 ਰੁਪਏ ਦੇ ਨਕਦ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ।ਉਨ੍ਹਾਂ ਮਾਸਟਰ ਸ਼ੈੱਫ਼ ਬਠਿੰਡਾ ਵਿੱਚ ਪਕਵਾਨ ਬਣਾਉਣ ’ਚ ਪਹਿਲੇ ਸਥਾਨ ’ਤੇ ਰਹੀ ਪ੍ਰੀਤੀ ਗੋਇਲ, ਦੂਜੇ ਸਥਾਨ ’ਤੇ ਆਈ ਰਿਤੂ ਗਰਗ ਅਤੇ ਤੀਜੇ ਸਥਾਨ ’ਤੇ ਰਹੀ ਸੁਖਪਾਲ ਕੌਰ ਨੂੰ ਵੀ ਯਾਦਗਾਰੀ ਚਿੰਨ੍ਹ ਅਤੇ ਪ੍ਰਮਾਣ ਪੱਤਰ ਦੇ ਕੇ ਨਿਵਾਜਿਆ।
ਮਹੰਤ ਗੁਰਬੰਤਾ ਦਾਸ ਡੈਫ਼ ਐਂਡ ਡੰਬ ਸਕੂਲ ਦੇ ਬੱਚਿਆਂ ਨੂੰ 10 ਲੱਖ ਦੇਣ ਦਾ ਐਲਾਨ
ਮਹੰਤ ਗੁਰਬੰਤਾ ਦਾਸ ਡੈਫ਼ ਐਂਡ ਡੰਬ ਸਕੂਲ ਦੇ ਵਿਦਿਆਰਥੀਆਂ ਵੱਲੋਂ ਮੇਲੇ ਦੌਰਾਨ ਚੰਗਾ ਨਾਮਣਾ ਖੱਟਣ ਤੋਂ ਖ਼ੁਸ਼ ਹੋ ਕੇ ਵਿੱਤ ਮੰਤਰੀ ਬਾਦਲ ਨੇ ਬੱਚਿਆਂ ਨੂੰ 10 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਪ੍ਰਨੀਤ, ਐਸ.ਐਸ.ਪੀ ਡਾ. ਨਾਨਕ ਸਿੰਘ, ਡਿਪਟੀ ਕਮਿਸ਼ਨਰ ਦੀ ਧਰਮ ਪਤਨੀ ਤੇ ਰੈੱਡ ਕਰਾਸ ਦੀ ਚੇਅਰਪਰਸਨ ਸ਼੍ਰੀਮਤੀ ਅਨੀਤਾ ਭਾਰਦਵਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਅਤੇ ਸਹਾਇਕ ਕਮਿਸ਼ਨਰ (ਜ) ਬਬਨਦੀਪ ਸਿੰਘ ਵਾਲੀਆ ਨੇ ਵੀ ਪਤੰਗ ਉਡਾ ਕੇ ਪਤੰਗਾਂ ਦੀਆਂ ਕਲਾਬਾਜ਼ੀਆਂ ਦਾ ਨਜ਼ਾਰਾ ਮਾਣਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਐਲਾਨ ਕੀਤਾ, ‘‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’’ ਵਿੱਚ ਪਹੁੰਚੇ ਲੋਕਾਂ ਅਤੇ ਖ਼ਾਸਕਰ ਬੱਚਿਆਂ ਦਾ ਉਤਸ਼ਾਹ ਵੇਖ ਕੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਸ ਮੇਲੇ ਨੂੰ ਹਰ ਸਾਲ ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਅਤੇ ਅਗਲੀ ਵਾਰ ਹੋਰ ਵੀ ਵਧੀਆ ਤਰੀਕੇ ਨਾਲ ਇਹ ਪਤੰਗ ਮੇਲਾ ਕਰਵਾ ਕੇ ਨਵਾਂ ਮੁਕਾਮ ਸਥਾਪਤ ਕੀਤਾ ਜਾਵੇਗਾ।’’ ਡਿਪਟੀ ਕਮਿਸ਼ਨਰ ਪ੍ਰਨੀਤ ਨੇ ਰੰਗੋਲੀ, ਪੱਥਰਸਾਜ਼ੀ, ਕੋਲਾਜ, ਲਾਈਵ ਪੇਂਟਿੰਗ, ਖ਼ਜ਼ਾਨਾ ਲੱਭਣ, ਵੁੱਡਨ ਰਿੰਗ ਅਤੇ ਕਚਰੇ ਤੋਂ ਵਧੀਆ ਵਸਤਾਂ ਬਣਾਉਣ ਆਦਿ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ।‘‘ਬਠਿੰਡਾ ਕਾਈਟ ਫ਼ੈਸਟੀਵਲ ਐਂਡ ਫ਼ੇਟ-2019’’ ਦੀ ਸਮਾਪਤੀ ਮੌਕੇ ਸ਼ਾਮ ਵੇਲੇ ‘ਗੋਨਿਆਣੇ ਆਲੇ’ ਅੰਮਿ੍ਰਤ ਮਾਨ ਵਲੋਂ ਆਪਣੇ ਗੀਤਾਂ ‘ਤੇ ਲੋਕਾਂ ਨੂੰ ਨੱਚਣ ਲਾਇਆ।ਇਸੇ ਤਰ੍ਹਾਂ ਪੂਰਾ ਦਿਨ ਭੰਗੜਾ, ਗਿੱਧੇ, ਦਿੱਲੀ ਦਾ ਮਸ਼ਹੂਰ ਲਾਈਵ ਡੀ.ਜੇ ਤੇ ਮਿਊਜ਼ੀਕਲ ਬੈਂਡ ‘ਰੌਣਕ’ ਅਤੇ ਵੱਖ-ਵੱਖ ਸੂਬਿਆਂ ਤੋਂ ਪਹੁੰਚੇ ਕਲਾਕਾਰਾਂ, ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ।ਇਸ ਦੌਰਾਨ ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ, ਐਸ.ਡੀ.ਐਮ ਫੂਲ ਖ਼ੁਸ਼ਦਿਲ ਸਿੰਘ, ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਅਸ਼ੋਕ ਪ੍ਰਧਾਨ, ਪਵਨ ਮਾਨੀ, ਰਾਜਨ ਗਰਗ, ਕੇ.ਕੇ ਅਗਰਵਾਲ ਅਤੇ ਹੋਰ ਆਗੂ ਹਾਜ਼ਰ ਸਨ।
Punjab Post Daily Online Newspaper & Print Media