`ਬਾਹਰਲੀਆਂ ਧਰਤੀਆਂ ਦਾ ਕੱਚ ਸੱਚ` `ਤੇ ਛੇੜਿਆ ਸੰਵਾਦ
ਅੰਮ੍ਰਿਤਸਰ, 6 ਫਰਵਰੀ (ਪੰਜਾਬ ਪੋਸਟ-ਦੀਪ ਦਵਿੰਦਰ) – ਅੰਮ੍ਰਿਤਸਰ ਸਾਹਿਤ ਚਿੰਤਨ ਮੰਚ ਅਤੇ ਪੰਜਾਬੀ ਸਾਹਿਤ ਸੰਗਮ ਵਲੋਂ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ
ਲਾਇਬ੍ਰੇਰੀ `ਚ ਵਿਦੇਸ਼ੋਂ ਪਰਤੇ ਸ਼ਾਇਰ ਮਲਵਿੰਦਰ ਨਾਲ ਸੰਵਾਦ ਰਚਾਇਆ ਗਿਆ।ਸਰਬਜੀਤ ਸੰਧੂ ਦੇ ਸਵਾਗਤੀ ਸ਼ਬਦਾਂ ਰਾਹੀਂ ਸ਼ੁਰੂ ਹੋਏ ਇਸ ਸਮਾਗਮ ਦੀ ਰੂਪ ਰੇਖਾ ਇੰਦਰ ਸਿੰਘ ਮਾਨ ਨੇ ਸਾਂਝੀ ਕੀਤੀ।ਉਪਰੰਤ ਮਲਵਿੰਦਰ ਹੁਰਾਂ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਕਨੇਡਾ ਵਰਗੇ ਵਿਕਸਤ ਅਤੇ ਅਮਨ ਪੰਸਦ ਮੁਲਕ ਵਿਚਲੇ ਜਨਜੀਵਨ ਦੀ ਨਜਰ ਸਾਨੀ ਕਰਦਿਆਂ ਮਹਿਸੂਸ ਕੀਤਾ ਕਿ ਕੰਮਕਾਜ ਦੀ ਭਾਲ ਵਿਚ ਬੰਦਾ ਕਿਤੇ ਵੀ ਚੱਲਿਆ ਜਾਵੇ, ਭੂੰ-ਹੇਰਵਾ ਉਸਨੂੰ ਆਪਣਿਆਂ ਨਾਲੋਂ ਟੁੱਟਣ ਨਹੀਂ ਦੇਂਦਾ।ਸੰਵਾਦ ਨੂੰ ਅੱਗੇ ਤੋਰਦਿਆਂ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਵੇਖਾ-ਵੇਖੀ ਵਿਦੇਸ਼ ਨੂੰ ਭੱਜਣ ਦੀ ਹੋੜ ਨੂੰ ਠੱਲ ਪਾਉਣ ਲਈ ਸਰਕਾਰਾਂ ਨੂੰ ਆਰਥਿਕ ਵਸੀਲੇ ਪੈਦਾ ਕਰਨੇ ਚਾਹੀਦੇ ਹਨ।ਨਿਰਮਲ ਅਰਪਣ ਤੇ ਅਰਤਿੰਦਰ ਸੰਧੂ ਨੇ ਕਿਹਾ ਕਿ ਬੇਸ਼ਕ ਬੱਚੇ ਉਧਰ ਚੰਗਾ ਕਮਾਉਂਦੇ ਹੰਢਾਉਂਦੇ ਨੇ, ਪਰ ਪਿੱਛੇ ਮਾਪੇ ਇਕਲਾਪਾ ਭੋਗਦੇ ਨੇ।ਡਾ. ਇਕਬਾਲ ਕੌਰ ਸੌਂਧ ਤੇ ਡਾ. ਮੋਹਨ ਨੇ ਕਿਹਾ ਕੇ ਮਨੁੱਖ ਕਿਤੇ ਵੀ ਜਾ ਵਸੇ ਸਾਹਿਤ ਉਸ ਨੂੰ ਪਿਛੇ ਨਾਲ ਜੋੜੀ ਰੱਖਦਾ ਹੈ।ਹਰਪਾਲ ਸੰਧਾਵਾਲੀਆ, ਇੰਦਰੇਸ਼ਮੀਤ ਤੇ ਧਰਵਿੰਦਰ ਔਲਖ ਨੇ ਅਜਿਹੇ ਸੰਵਾਦ ਰਚਾਈ ਰਖਣ ਦੀ ਹਾਮੀ ਭਰੀ।
ਕਵਿਤਾ ਪਾਠ ਵਿਚ ਕਲਿਆਣ ਅਮ੍ਰਿਤਸਰੀ, ਜਗਤਾਰ ਗਿੱਲ, ਜਸਵੰਤ ਧਾਪ, ਰਾਜਵਿੰਦਰ ਰਾਜ, ਹਰਭਜਨ ਖੇਮਕਰਨੀ, ਮਨਮੋਹਨ ਬਾਸਰਕੇ, ਰਾਜਵੰਤ ਬਾਜਵਾ, ਸਤਿੰਦਰ ਓਠੀ, ਹਰੀ ਸਿੰਘ ਗਰੀਬ ਨੇ ਹਿੱਸਾ ਲਿਆ।ਡਾ. ਪ੍ਰਭਜੋਤ ਕੌਰ ਨੇ ਅੰਤ `ਚ ਧੰਨਵਾਦ ਕੀਤਾ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media