ਧੂਰੀ, 8 ਫਰਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਸ.ਡੀ.ਐਮ ਧੂਰੀ ਦੀਪਕ ਰੁਹੇਲਾ ਵੱਲੋਂ ਧੂਰੀ ਸਬ ਡਵੀਜ਼ਨ ਵਿੱਚ ਵੱਧ ਰਹੀ ਟਰੈਫਿਕ ਸਮੱਸਿਆ ਅਤੇ ਰੋਡ ਸੇਫਟੀ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਵਾਉਣ ਸਬੰਧੀ ਨਗਰ ਕੌਂਸਲ ਅਤੇ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ।ਜਿਸ ਵਿੱਚ ਨਾਇਬ ਤਹਿਸੀਲਦਾਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ।ਐਸ.ਡੀ.ਐਮ ਦੀਪਕ ਰੁਹੇਲਾ ਨੇ ਟਰੈਫਿਕ ਸੱਮਸਿਆ ਦੇ ਹੱਲ ਲਈ ਨਗਰ ਕੌਂਸਲ ਧੂਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚੋਂ ਦੁਕਾਨਦਾਰਾਂ ਵੱਲੋਂ ਦੁਕਾਨਾਂ ਅੱਗੇ ਕੀਤੀ ਗਈ ਕਬਜ਼ੇ ਹਟਾਏ ਜਾਣ, ਰੇਹੜੀ ਵਾਲਿਆਂ ਲਈ ਇੱਕ ਨਿਸ਼ਚਿਤ ਜਗਾ੍ਹ ਰੱਖੀ ਜਾਵੇ, ਦੁਕਾਨਾਂ ਅੱਗੇ 3-3 ਫੁੱਟ ਜਗਾ੍ਹ ਛੱਡ ਕੇ ਪੀਲੀ ਪੱਟੀ ਲਗਾਈ ਜਾਵੇ, ਅਵਾਰਾ ਪਸ਼ੂਆਂ ਨੂੰ ਸ਼ਹਿਰ ਵਿੱਚੋਂ ਬਾਹਰ ਕੱਢਣ ਲਈ ਕਾਰਵਾਈ ਕੀਤੀ ਜਾਵੇ ਅਤੇ ਕੱਕੜਵਾਲ ਚੌਂਕ ਵਿੱਚ ਲਗਾਈਆਂ ਟਰੈਫਿਕ ਲਾਈਟਾਂ ਨੂੰ ਠੀਕ ਢੰਗ ਨਾਲ ਚਲਾਇਆ ਜਾਵੇ।
ਉਹਨਾਂ ਟਰੈਫਿਕ ਅਤੇ ਪੁਲਿਸ ਨੂੰ ਕਿਹਾ ਕਿ ਉਹ ਧੂਰੀ ਅਤੇ ਸ਼ੇਰਪੁਰ ਵਿਖੇ ਟਰੈਫਿਕ ਸਮੱਸਿਆ ਦੇ ਹੱਲ ਲਈ ਨਿਯਮਿਤ ਤੌਰ `ਤੇ ਵਾਹਨਾਂ ਦੀ ਚੈਕਿੰਗ ਕਰਨ।ਹੈਲਮਟ ਨਾ ਪਾਉਣ ਵਾਲੇ ਦੋ-ਪਹੀਆ ਵਾਹਨ ਚਾਲਕਾਂ ਅਤੇ ਪਰੈਸ਼ਰ ਹਾਰਨਾਂ ਦੀ ਵਰਤੋਂ ਜਾਂ ਵਾਹਨ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣ।ਉਹਨਾਂ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਬੱਸਾਂ/ ਵੈਨਾਂ ਦੀ ਨਿਯਮਿਤ ਚੈਕਿੰਗ ਕਰਨ ਦੇ ਆਦੇਸ਼ ਵੀ ਕੀਤੇ।ਉਹਨਾਂ ਕਿਹਾ ਕਿ ਤੂੜੀ ਵਾਲੀਆਂ ਟਰਾਲੀਆਂ ਜੋ ਕਿ ਵੱਡੇ ਹਾਦਸੇ ਦਾ ਕਾਰਨ ਬਣਦੀਆਂ ਹਨ, ਦੇ ਵੀ ਚਲਾਨ ਕੱਟੇ ਜਾਣ।ਉਹਨਾਂ ਕਾਲਜਾਂ ਤੋਂ ਆਏ ਨੁਮਾਇੰਦਿਆਂ ਨੂੰ ਕਿਹਾ ਕਿ ਉਹਨਾਂ ਵੱਲੋਂ ਆਪਣੇ-ਆਪਣੇ ਕਾਲਜਾਂ ਵਿੱਚ ਹਰ ਮਹੀਨੇ ਟਰੈਫਿਕ ਜਾਗਰੂਕਤਾ ਕੈਂਪ ਲਗਾਇਆ ਜਾਵੇ ਅਤੇ ਨੌਜਵਾਨਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਵੇ।ਇਸ ਤੋਂ ਇਲਾਵਾ ਐਸ.ਡੀ.ਓ ਬੀ.ਐਂਡ.ਆਰ ਨੂੰ ਵੀ ਹਦਾਇਤ ਕੀਤੀ ਗਈ ਕਿ ਜੇਕਰ ਕਿਸੇ ਸੜਕ `ਤੇ ਖੱਡੇ ਪਏ ਹੋਏ ਹਨ ਤਾਂ ਉਹਨਾਂ ਨੂੰ ਲੁੱਕ ਅਤੇ ਬਜ਼ਰੀ ਨਾਲ ਭਰਵਾਇਆ ਜਾਵੇ ਤਾਂ ਜੋ ਹਾਦਸੇ ਟਾਲੇ ਜਾ ਸਕਣ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media