ਅੰਮ੍ਰਿਤਸਰ 11 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਮੀ ਸੜਕ ਸੁਰੱਖਿਆ ਹਫਤੇ ਦੇ ਆਖਰੀ ਦਿਨ ਟ੍ਰੈਫਿਕ ਪੁੁਲਿਸ ਵਲੋਂ ਵੱਖ-ਵੱਖ ਗਤੀਵਿਧੀਆਂ ਕਰਕੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣ ਦਾ ਹੋਕਾ ਦਿੱਤਾ।ਟ੍ਰੈਫਿਕ ਐਜੂਕੈਸ਼ਨ ਸੈਲ ਦੇ ਇੰਸਪੈਕਟਰ ਪਰਮਜੀਤ ਸਿੰਘ, ਏ.ਐਸ.ਆਈ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਦੀ ਟੀਮ ਵਲੋਂ ਨਾਵਲਟੀ ਚੌਕ ਵਿੱਚ ਵਾਹਣ ਚਾਲਕਾਂ ਅਤੇ ਰਾਹਗੀਰਾਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਪੈਂਫਲੈਟ ਵੰਡੇ। ਗਏ। ਟ੍ਰੈਫਿਕ ਪੁਲਿਸ ਨੇ ਇੱਕ ਨਿਵੇਕਲਾ ਕਦਮ ਚੁਕਦਿਆਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਾਲੇ ਵਾਹਣ ਚਾਲਕਾਂ ਨੂੰ ਸਨਮਾਨ ਵਜੋਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਨੂੰਨ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਗੁਲਾਬ ਦੇ ਫੁੱਲ ਭੇਂਟ ਕੀਤੇ।ਕੈਂਟਰ ਯੂਨੀਅਨ ਰਾਮ ਤਲਾਈ ਚੌਕ ਵਿਖੇ ਕੈਂਟਰਾ ਅਤੇ ਬੱਸ ਸਟੈਂਡ ਵਿਖੇ ਆਟੋ `ਤੇ ਰਿਫਲੈਕਟਰ ਚਿਪਕਾਏ ਗਏ।

ਵੱਖ-ਵੱਖ ਚੌਕਾਂ ਵਿੱਚ ਟ੍ਰੈਫਿਕ ਕਰਮਚਾਰੀਆਂ ਵਲੋ ਟ੍ਰੈਫਿਕ ਨਿਯਮਾਂ ਸਬੰਧੀ ਪੈਂਫਲੈਟ ਵੰਡੇ ਗਏ ਅਤੇ ਵਾਹਣ ਚਾਲਕਾਂ ਨੂੰ ਪੈਦਲ ਯਾਤਰੀਆਂ ਦੀ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।ਦਿਲਬਾਗ ਸਿੰਘ ਏ.ਡੀ.ਸੀ.ਪੀ ਟ੍ਰੈਫਿਕ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਵਲੋਂ ਇਹ ਹਫਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਕੀਤਾ ਜਾਂਦਾ ਹੈ ਅਤੇ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।
Punjab Post Daily Online Newspaper & Print Media