ਮੁੱਖ ਮੰਤਰੀ ਨੇ ਘਰ-ਘਰ ਰੋਜ਼ਗਾਰ ਸਕੀਮ ਤਹਿਤ ਹੋਰ ਉਪਰਾਲੇ ਵਿੱਢਣ ਲਈ ਕਿਹਾ
ਚੰਡੀਗੜ੍ਹ, 18 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਤੇ ਦੂਰਦਰਸ਼ੀ ਅਗਵਾਈ ਵਿੱਚ ਚਲਾਈ ਜਾ ਰਹੀ ‘
ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ’ ਸਕੀਮ ਨੂੰ ਭਰਪੂਰ ਹੁਲਾਰਾ ਮਿਲਿਆ ਹੈ, ਕਿਉਂ ਜੋ ਇਸ ਸਕੀਮ ਤਹਿਤ ਹੁਣ ਤੱਕ 14,298 ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ ਵਿੱਚ ਰੋਜ਼ਗਾਰ ਮਿਲ ਚੁੱਕਾ ਹੈ।ਇਸ ਦੇ ਨਾਲ ਹੀ ਸੂਬੇ ਵਿੱਚ ਆਯੋਜਿਤ ਕਰਵਾਏ ਜਾ ਰਹੇ ਮੈਗਾ ਰੋਜ਼ਗਾਰ ਮੇਲਿਆਂ ਦੇ ਪਹਿਲੇ ਪੰਜ ਦਿਨਾਂ ਦੌਰਾਨ 1429 ਨੌਜਵਾਨ ਸਵੈ-ਰੋਜ਼ਗਾਰ ਦੀ ਸਹੂਲਤ ਲੈਣ ਵਿੱਚ ਕਾਮਯਾਬ ਹੋਏ।
ਸੂਬੇ ਦੇ 20 ਜ਼ਿਲ੍ਹਿਆਂ ਅੰਮ੍ਰਿਤਸਰ, ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ, ਹੁਸ਼ਿਆਰਪੁਰ,ਕਪੂਰਥਲਾ, ਲੁਧਿਆਣਾ, ਪਠਾਨਕੋਟ, ਸੰਗਰੂਰ, ਐਸ.ਏ.ਐਸ ਨਗਰ (ਮੋਹਾਲੀ), ਸਮੇਤ ਬਰਨਾਲਾ, ਮੋਗਾ, ਮੁਕਤਸਰ ਸਾਹਿਬ, ਤਰਨ ਤਾਰਨ, ਗੁਰਦਾਸਪੁਰ, ਮਾਨਸਾ, ਫਤਹਿਗੜ੍ਹ ਸਾਹਿਬ, ਰੂਪਨਗਰ, ਜਲੰਧਰ ਵਿੱਚ 13 ਤੋਂ 17 ਫਰਵਰੀ ਤੱਕ ਆਯੋਜਿਤ ਕਰਵਾਏ ਗਏ ਰੋਜ਼ਗਾਰ ਮੇਲਿਆਂ ਵਿੱਚ ਪਹੰੁਚੇ 30,993 ਨੌਜਵਾਨਾਂ ਵਿੱਚੋਂ 3973 ਨੂੰ ਰੋਜ਼ਗਾਰ ਲਈ ਚੁਣਿਆ ਗਿਆ।
ਸੂਬੇ ਦੇ 22 ਜ਼ਿਲ੍ਹਿਆਂ ਦੀਆਂ 53 ਵੱਖ-ਵੱਖ ਥਾਵਾਂ ’ਤੇ 22 ਫਰਵਰੀ ਤੱਕ ਆਯੋਜਤ ਕਰਵਾਏ ਜਾ ਰਹੇ ਇਨ੍ਹਾਂ 10 ਦਿਨਾ ਰੋਜ਼ਗਾਰ ਮੇਲਿਆਂ ਦੌਰਾਨ ਪਹਿਲੇ ਪੰਜ ਦਿਨਾਂ ਵਿੱਚ ਹੀ ਭਾਗ ਲੈਣ ਵਾਲਿਆਂ ਵਿੱਚੋਂ ਕਰੀਬ 50 ਫੀਸਦ ਨੌਜਵਾਨਾਂ ਦੀ ਚੋਣ ਹੋਈ ਹੈ। ਇਨ੍ਹਾਂ ਰੋਜ਼ਗਾਰ ਮੇਲਿਆਂ ਤੋਂ ਮਿਲੇ ਭਰਪੂਰ ਹੁੰਘਾਰੇ ’ਤੇ ਖੁਸ਼ੀ ਪ੍ਰਗਟਾਉਂਦਿਆਂ ਮੁੱਖ ਮੰਤਰੀ ਨੇ ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਨੂੰ ਨੌਜਵਾਨਾਂ ਲਈ ਰੋਜ਼ਗਾਰ ਮੁਹੱਈਆ ਕਰਾਉਣ ਵਾਲੇ ਅਜਿਹੇ ਹੋਰ ੳਪਰਾਲੇ ਕਰਨ ਲਈ ਵੀ ਕਿਹਾ ਹੈ।
ਰੋਜ਼ਗਾਰ ਉੱਤਪਤੀ ਤੇ ਸਿਖਲਾਈ ਵਿਭਾਗ ਵੱਲੋਂ ਸੂਬੇ ਦੇ 5 ਲੱਖ ਤੋਂ ਵੱਧ ਨੌਜਾਵਨਾਂ ਨੂੰ ਰੋਜ਼ਗਾਰ ਦਿਵਾਉਣ (ਰੋਜ਼ਾਨਾ 700 ਨੌਕਰੀਆਂ) ਦੀਆਂ ਸ਼ਾਨਦਾਰ ਕੋਸ਼ਿਸ਼ਾਂ ਸਮੇਤ ਸਵੈ-ਰੋਜ਼ਗਾਰ ਲਈ ਬੈਂਕਾਂ ਵੱਲੋਂ ਦਿੱਤੀ ਜਾ ਰਹੀ ਕਰਜ਼ੇ ਦੀ ਸਹੂਲਤ ਦੀ ਸ਼ਲਾਘਾ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਵਿਭਾਗਾਂ ਨੂੰ ਅਪੀਲ ਕੀਤੀ।
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਹੋਰ ਰੋਜ਼ਗਾਰ ਅਤੇ ਉੱਦਮੀ ਰਾਹ ਖੋਜਣ ਲਈ ਅਧਾਰਟੀਆਂ ਨੂੰ ਨਿਰਦੇਸ਼ ਵੀ ਦਿੱਤੇ।
ਜ਼ਿਕਰਯੋਗ ਹੈ ਕਿ ਇਸ ਸਕੀਮ ਤਹਿਤ ਹੁਣ ਤੱਕ 5.34 ਲੱਖ ਨੌਜਵਾਨਾਂ ਨੂੰ ਲਾਭ ਮਿਲਿਆ ਹੈ ਜਿਨ੍ਹਾਂ ਵਿੱਚੋਂ 37542 ਨੂੰ ਸਰਕਾਰੀ ਖੇਤਰ ਵਿੱਚ ਅਤੇ 1.55 ਲੱਖ ਨੌਜਵਾਨਾਂ ਨੂੰ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਦਿੱਤੀ ਗਈ ਹੈ, ਜਦਕਿ ਸਵੈ-ਰੋਜ਼ਗਾਰ ਸਕੀਮਾਂ ਤਹਿਤ 3.35 ਲੱਖ ਨੌਜਵਾਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਚੁੁੱਕੀ ਹੈ। ਸਾਰੇ ਜ਼ਿਲ੍ਹਿਆਂ ਦੇ ਡਿਸਟਿ੍ਰਕਟ ਬਿਊਰੋ ਆਫ ਇੰਪਲਾਏਮੈਂਟ ਐਂਡ ਇੰਟਰਪ੍ਰਾਈਜ਼ਜ਼ (ਡੀਬੀਈਈਸ) ਹੁਣ ਨੌਕਰੀ ਲੈਣ ਵਾਲਿਆਂ ਲਈ ਨੋਡਲ ਕੇਂਦਰ ਬਣਦੇ ਜਾ ਰਹੇ ਹਨ।
ਇਸ ਲਾਹੇਵੰਦ ਸਕੀਮ ਤੋਂ ਲਾਹਾ ਲੈਣ ਲਈ ਰੋਜ਼ਗਾਰ ਪ੍ਰਾਪਤ ਕਰਨ ਦੇ ਇਛੁੱਕ ਨੌਜਵਾਨ ਵੈਵਸਾਈਟ ’ਤੇ ਜਾ ਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ।ਜਿੱਥੇ ਕਿ ਇੰਟਰਵਿਊ ਦੇ ਸਥਾਨ ਅਤੇ ਮਿਤੀ ਮੁਤਾਬਕ ਖਾਲੀ ਆਸਾਮੀਆਂ ਦਾ ਵਿਵਰਣ ਮੌਜੂਦ ਹੈ। ਇਸੇ ਤਰ੍ਹਾਂ ਨੌਕਰੀ ਲੈਣ ਦੇ ਇਛੁੱਕ ਅਤੇ ਸਬੰਧਤ ਜ਼ਿਲ੍ਹੇ ਦੇ ਰੋਜ਼ਗ਼ਾਰ ਦਫਤਰ ਤੋਂ ਵੀ ਜਾਣਕਾਰੀ ਲੈ ਸਕਦੇ ਹਨ।ਜੇਕਰ ਬੇਰੁਜ਼ਗਾਰ ਨੌਜਵਾਨ ਸਿੱਧੇ ਮੇਲੇ ਵਾਲੀ ਥਾਂ ਤੇ ਪਹੰੁਚ ਜਾਂਦੇ ਹਨ ਤਾਂ ਮੌਕੇ ’ਤੇ ਇੰਟਰਵਿਊ ਦੇ ਸਕਦੇ ਹਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media