ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਖਾਲਸਾ ਕਾਲਜ ਦੇ ਜੈਂਡਰ ਚੈਂਪੀਅਨਜ਼ ਕਲੱਬ ਵੱਲੋਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਸਦਕਾ
ਲਿੰਗ ਵਿਤਕਰੇ ਪ੍ਰਤੀ ਜਨਸਧਾਰਣ ਨੂੰ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਵਿਦਿਆਰਥੀਆਂ ਵੱਲੋਂ ‘ਲਿੰਗ ਸਮਾਨਤਾ’ ਵਿਸ਼ੇ ’ਤੇ ਤਿਆਰ ਨੁੱਕੜ ਨਾਟਕ ਖਾਲਸਾ ਕਾਲਜ ਚਵਿੰਡਾ ਦੇਵੀ ਅਤੇ ਪਿੰਡ ਲਹਿਰਕਾ ਵਿਖੇ ਖੇਡਿਆ ਗਿਆ।ਇਸ ਮਕਸਦ ਲਈ ਜੈਂਡਰ ਚੈਂਪੀਅਨਜ਼ ਕਲੱਬ ਦੇ ਵਿਦਿਆਰਥੀਆਂ ਨੂੰ ਬੱਸ ਰਾਹੀਂ ਰਵਾਨਾ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ’ਚ ਸਾਨੂੰ ਆਪਣੀ ਪਿਛਾਹ-ਖਿਚੂ ਸੋਚ ਨੂੰ ਬਦਲ ਕੇ ਸਮੇਂ ਦੇ ਹਾਣੀ ਬਣਨਾ ਪਵੇਗਾ।ਉਨ੍ਹਾਂ ਕਿਹਾ ਕਿ ਪੁਰਸ਼ ਅਤੇ ਇਸਤਰੀ ਦੇ ਭੇਦ ਵਾਲੀ ਪੱਖਪਾਤੀ ਦ੍ਰਿਸ਼ਟੀ ਨੂੰ ਬਦਲ ਕੇ ਜ਼ੈਡਰ ਬਰਾਬਰੀ ਨੂੰ ਅਪਣਾਉਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਲਿੰਗ ਸਮਾਨਤਾ ਦਾ ਪੈਗਾਮ ਪਿੰਡਾਂ ਤੱਕ ਪਹੁੰਚਾਉਣ ਲਈ ਲਈ ਭਰਪੂਰ ਉਪਰਾਲੇ ਕਰਨ ਦੀ ਜ਼ਰੂਰਤ ਹੈ।
ਪ੍ਰੋ. ਸੁਖਮੀਨ ਬੇਦੀ ਡੀਨ ਅਕਾਦਮਿਕ ਮਾਮਲੇ ਨੇ ਜੈਂਡਰ ਚੈਂਪੀਅਨਜ਼ ਕਲੱਬ ਦੇ ਉਪਰਾਲਿਆਂ ਦੀ ਸਰਾਹਨਾ ਕਰਦਿਆਂ ਜੈਂਡਰ ਬਰਾਬਰੀ ਨੂੰ ਵਿਹਾਰ ’ਚ ਢਾਲਣ ਦੀ ਲੋੜ ’ਤੇ ਜ਼ੋਰ ਦਿੱਤਾ।ਕਾਲਜ ਦੇ ਵਿਦਿਆਰਥੀਆਂ ਵਲੋਂ ਲਿੰਗ ਸਮਾਨਤਾ ਵਿਸ਼ੇ ’ਤੇਪ੍ਰੋ. ਦਵਿੰਦਰ ਸਿੰਘ ਦੁਆਰਾ ਲਿਖਿਆ ਅਤੇ ਸ੍ਰੀ ਅਮੈਨੂਲ ਸਿੰਘ ਦੁਆਰਾ ਨਿਰਦੇਸ਼ਤ ਭਾਵਪੂਰਤ ਨੁੱਕੜ ਨਾਟਕ ਖੇਡਿਆ ਗਿਆ ਜਿਸ ਨੂੰ ਇਲਾਕਾ ਵਾਸੀਆਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਅਤੇ ਇਸ ਉਪਰਾਲੇ ਲਈ ਕਾਲਜ ਅਤੇ ਵਿਸ਼ੇਸ਼ ਰੂਪ ’ਚ ਪ੍ਰਿੰ: ਡਾ. ਮਹਿਲ ਸਿੰਘ ਹੋਰਾਂ ਦੀ ਸ਼ਲਾਘਾ ਕੀਤੀ ਗਈ।
ਖਾਲਸਾ ਕਾਲਜ ਚਵਿਂਡਾ ਦੇਵੀ ਅਤੇ ਲਹਿਰਕਾ ਪਿੰਡ ’ਚ ਜੈਂਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਸਵਰਾਜ ਕੌਰ ਨੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਇਸਤਰੀ ਅਤੇ ਪੁਰਸ਼ ਪ੍ਰਤੀ ਪੱਖਪਾਤੀ ਸੋਚ ਨੂੰ ਬਦਲਣਾ ਪਵੇਗਾ।ਜੈਂਡਰ ਚੈਂਪੀਅਨ ਕਲੱਬ ਦੇ ਨੋਡਲ ਅਫਸਰ ਡਾ. ਪਰਮਿੰਦਰ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੈਂਡਰ ਬਰਾਬਰੀ ਦੀ ਭਾਵਨਾ ਪੈਦਾ ਕਰਨ ਲਈ ਸਾਨੂੰ ਅਚੇਤ ਮਨ ’ਚ ਬੱਝੀਆਂ ਗੰੰਢਾਂ ਖੋਲ੍ਹਣੀਆਂ ਪੈਣਗੀਆਂ।ਡਾ. ਨਵਜੋਤ ਕੌਰ ਨੇ ਕਿਹਾ ਕਿ ਲੜਕੀਆਂ ਕਿਸੇ ਗੱਲੋਂ ਘੱਟ ਨਹੀਂ ਹਨ ਸਗੋਂ ਔਰਤਾਂ ਵੱਡੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਵਧੇਰੇ ਇਮਾਨਦਾਰ ਸਾਬਤ ਹੋਈਆਂ ਹਨ।
ਖਾਲਸਾ ਕਾਲਜ ਚਵਿੰਡਾ ਦੇਵੀ ਦੇ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਅਤੇ ਪਿੰਡ ਲਹਿਰਕਾ ਦੇ ਸਰਪੰਚ ਪਰਮਜੀਤ ਸਿੰਘ, ਹੈਡਮਾਸਟਰ ਗੁਰਦਰਸ਼ਨ ਸਿੰਘ ਤੇ ਹੋਰ ਮੋਹਤਬਰ ਸ਼ਖਸੀਅਤਾਂ ਨੇ ਕਾਲਜ ਦੀ ਸਮੁੱਚੀ ਟੀਮ ਨੂੰ ਪਿੰਡਾਂ ’ਚ ਜਾ ਕੇ ਲਿੰਗ ਸਮਾਨਤਾ ਪ੍ਰਤੀ ਜਾਗਰੂਕ ਕਰਨ ਲਈ ਸਿਰੋਪੇ ਭੇਂਟ ਕਰਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਖਾਲਸਾ ਕਾਲਜ ਚਵਿੰਡਾ ਦੇਵੀ ਦਾ ਸਮੁੱਚਾ ਸਟਾਫ਼, ਪਿੰਡ ਲਹਿਰਕਾ ਦੀ ਪੰਚਾਇਤ,ਸਕੂਲ ਦਾ ਸਟਾਫ ਅਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਅਤੇ ਕਲੱਬ ਮੈਂਬਰ ਵੀ ਹਾਜ਼ਰ ਸਨ।ਪਿੰਡ ਵਾਸੀਆਂ ਵੱਲੋਂ ਕਾਲਜ ਟੀਮ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਗਿਆ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media