Saturday, September 26, 2026

ਮਨਰੇਗਾ ਅਧੀਨ ਰੋਜਗਾਰ ਪੈਦਾ ਕਰਨ `ਚ ਜ਼ਿਲ੍ਹਾ ਅੰਮ੍ਰਿਤਸਰ ਮਾਝੇ ਵਿਚੋਂ ਅੱਵਲ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਹਾਤਮਾ ਗਾਂਧੀ ਰਾਸ਼ਟਰੀ ਦਿਹਾਤੀ ਰੋਜ਼ਗਾਰ ਗਾਰੰਟੀ ਸਕੀਮ (ਮਨਰੇਗਾ) ਅਧੀਨ ਜ਼ਿਲ੍ਹੇ ਦੇ ਦਿਹਾਤੀ ਖੇਤਰ ਵਿਚ ਰੋਜ਼ਗਾਰ ਪੈਦਾ ਕਰਨ ਵਿੱਚ ਅੰਮ੍ਰਿਤਸਰ ਜ਼ਿਲ੍ਹਾ ਮਾਝੇ ਵਿਚੋਂ ਅੱਵਲ ਅਤੇ ਰਾਜ ਭਰ ਵਿਚੋਂ 12ਵੇਂ ਸਥਾਨ `ਤੇ ਰਿਹਾ ਹੈ ਅਤੇ ਇਸ ਸਕੀਮ ਅਧੀਨ 6.86 ਲੱਖ ਦਿਨ ਰੋਜ਼ਗਾਰ ਜ਼ਿਲ੍ਹੇ ਵਿਚ ਦੇ ਕੇ 23.82:20.82„ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਕਤ ਪ੍ਰਗਟਾਵਾ ਕਰਦੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਅਜਿਹਾ ਹਾਲ ਹੀ ਵਿਚ ਤਬਦੀਲ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਵਿੰਦਰ ਸਿੰਘ ਵੱਲੋਂ ਕੀਤੀ ਮਿਹਨਤ ਸਦਕਾ ਸੰਭਵ ਹੋਇਆ ਹੈ, ਜਿੰਨਾ ਨੇ ਰਾਜ ਭਰ ਵਿਚੋਂ ਇਸ ਸਕੀਮ ਵਿਚ ਪਿੱਛੇ ਚੱਲ ਰਹੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮੋਹਰੀ ਜ਼ਿਲ੍ਹਿਆਂ ਵਿਚ ਲਿਆ ਖੜਾ ਕੀਤਾ।  ਢਿਲੋਂ ਨੇ ਦੱਸਿਆ ਕਿ ਸਾਲ 2016 ਵਿਚ ਅੰਮ੍ਰਿਤਸਰ ਜਿਲ੍ਹਾ ਇਸ ਸਕੀਮ ਵਿਚ ਸਭ ਤੋਂ ਪਿੱਛੇ ਚੱਲ ਰਿਹਾ ਸੀ, ਪਰ ਸੰਘਾ ਦੀ ਅਗਵਾਈ ਹੇਠ ਇਸ ਸਕੀਮ ਨੂੰ ਪਿੰਡ-ਪਿੰਡ ਸ਼ੁਰੂ ਕਰਕੇ 1.11 ਲੱਖ ਜਾਬ ਕਾਰਡ ਬਣਾ ਕੇ 22800 ਪਰਿਵਾਰਾਂ ਵਿਚ ਰੋਜ਼ਗਾਰ ਦਿੱਤਾ ਗਿਆ।ਉਨਾਂ ਦੱਸਿਆ ਕਿ ਸਾਲ 2007-08 ਵਿਚ ਸ਼ੁਰੂ ਹੋਈ ਇਸ ਸਕੀਮ ਅਧੀਨ ਪਹਿਲੀ ਵਾਰ ਹੈ ਕਿ ਜਿਲ੍ਹੇ ਨੇ ਇੰਨਾ ਰੋਜ਼ਗਾਰ ਦਿਹਾਤੀ ਖੇਤਰ ਵਿਚ ਦਿੱਤਾ।ਉਨਾਂ ਦੱਸਿਆ ਕਿ ਇਸ ਸਕੀਮ ਅਧੀਨ 24 ਪਾਰਕਾਂ ਦਾ ਨਿਰਮਾਣ ਪਿੰਡਾਂ ਵਿਚ ਕੀਤਾ ਦਾ ਚੁੱਕਾ ਹੈ ਅਤੇ 30 ਦਾ ਕੰਮ ਪ੍ਰਗਤੀ ਅਧੀਨ ਹੈ।ਇਸ ਤੋਂ ਇਲਾਵਾ ਸਕੂਲਾਂ ਵਿੱਚ 153 ਖੇਡ ਦੇ ਮੈਦਾਨ, 321 ਪਸ਼ੂ ਸ਼ੈਡ ਅਤੇ 9 ਮੱਛੀ ਫਾਰਮਾਂ ਦਾ ਨਿਰਮਾਣ ਇਸ ਸਕੀਮ ਅਧੀਨ ਕੀਤਾ ਗਿਆ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਸਬੰਧੀ ਹਰੇਕ ਪਿੰਡ ਵਿੱਚ ਸਰਕਾਰ ਵਲੋਂ ਜੋ 550 ਬੂਟੇ ਲਗਾਉਣ ਦਾ ਟੀਚਾ ਦਿੱਤਾ ਗਿਆ ਹੈ, ਉਸ ਲਈ ਬੂਟੇ ਤਿਆਰ ਕਰਨ ਵਾਸਤੇ 15 ਨਰਸਰੀਆਂ ਵੀ ਇਸ ਸਕੀਮ ਅਧੀਨ ਚੱਲ ਰਹੀਆਂ ਹਨ।  ਢਿਲੋਂ ਨੇ ਮਨਰੇਗਾ ਦੀ ਇਸ ਪ੍ਰਗਤੀ ਉਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਅਸੀਂ ਇਸ ਸਕੀਮ ਨੂੰ ਹੋਰ ਬਲ ਦਈਏ ਅਤੇ ਹੋਰ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਦੇ ਕੇ ਪਿੰਡਾਂ ਦੇ ਵਿਕਾਸ ਵਿਚ ਵੱਧ ਤੋਂ ਵੱਧ ਯੋਗਦਾਨ ਪਾਈਏ।

Check Also

ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …

Leave a Reply