ਜਲੰਧਰ, 25 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ, ਜਹਾਜ਼ਰਾਨੀ ਤੇ ਜਲ ਸੰਸਾਧਨ, ਨਦੀ ਵਿਕਾਸ ਅਤੇ
ਗੰਗਾ ਕਾਇਆਕਲਪ ਮੰਤਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਵਿੱਚ ਫਗਵਾੜਾ ਵਿਖੇ ਐਨ.ਐੱ.ਚ-44 `ਤੇ ਐਲੀਵੇਟਿਡ ਸਟ੍ਰਕਚਰ ਅਤੇ ਵਾਹਨਾਂ ਦੇ ਅੰਡਰਪਾਸ (ਵੀ.ਯੂ.ਪੀ) ਦਾ ਨੀਂਹ ਪੱਥਰ ਰੱਖਿਆ। 6 ਲੇਨ ਦੇ ਇਸ ਪ੍ਰੋਜੈਕਟ ਦੀ ਲੰਬਾਈ 2.555 ਕਿਲੋਮੀਟਰ ਹੈ।ਜਿਸ ਨੂੰ 165 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਜਾਵੇਗਾ।ਇਸ ਪ੍ਰੋਜੈਕਟ ਨਾਲ ਸਥਾਨਕ ਉਪਭੋਗਤਾ ਅਤੇ ਸੁਰੱਖਿਅਤ ਯਾਤਰਾ ਦੀ ਸਹੂਲਤ ਲਈ ਦੋਵੇਂ ਪਾਸੇ ਸਰਵਿਸ ਰੋਡ ਦੇ ਮਾਧਿਅਮ ਨਾਲ ਸਥਾਨਕ ਅਬਾਦੀ ਨੂੰ ਲਾਭ ਹੋਵੇਗਾ।ਇਹ ਪ੍ਰਦੂਸ਼ਣ ਅਤੇ ਸੜਕ ਦੁਰਘਟਨਾਵਾਂ ਨੂੰ ਵੀ ਘੱਟ ਕਰੇਗਾ।
ਇਕ ਇਕੱਠ ਨੂੰ ਸੰਬੋਧਨ ਕਰਦਿਆਂ ਗਡਕਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਅਤੇ ਚੰਗੀ ਗੁਣਵਤਾ ਵਾਲਾ ਕੰਮ ਉਨ੍ਹਾਂ ਦੇ ਮੰਤਰਾਲੇ ਦਾ ਫੋਕਸ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਸੜਕ ਦਾ ਠੇਕਾ ਲੈਣ ਲਈ ਕਿਸੇ ਨੂੰ ਦਿੱਲੀ ਨਹੀਂ ਆਉਣਾ ਪੈਂਦਾ ਕਿਉਂਕਿ ਪੂਰੀ ਪ੍ਰਣਾਲੀ ਆਨਲਾਈਨ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਵਿੱਚ ਇੱਕ ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਚਲ ਰਹੇ ਹਨ ਜਿਨ੍ਹਾਂ ਵਿੱਚੋਂ 60 ਹਜ਼ਾਰ ਕਰੋੜ ਰੁਪਏ ਦੇ ਰੋਡ ਪ੍ਰੋਜੈਕਟ ਹਨ ਅਤੇ 40 ਹਜ਼ਾਰ ਕਰੋੜ ਰੁਪਏ ਦੇ ਸਿੰਚਾਈ ਪ੍ਰੋਜੈਕਟ ਹਨ।ਗਡਕਰੀ ਨੇ ਕਿਹਾ ਕਿ ਸਰਕਾਰ ਸੀਮਿੰਟ ਕੰਕਰੀਟ ਸੜਕਾਂ `ਤੇ ਜ਼ੋਰ ਦੇ ਰਹੀ ਹੈ ਕਿਉਂਕਿ ਇਨ੍ਹਾਂ ਸੜਕਾਂ ਦਾ ਜੀਵਨ ਕਾਲ ਉੱਚ ਗੁਣਵੱਤਾ ਵਾਲਾ ਹੈ।ਫਗਵਾੜਾ ਦੇ ਐਲੀਵੇਟਿਡ ਸਟਰੱਕਚਰ ਅਤੇ ਵਾਹਨਾਂ ਦੇ ਅੰਡਰਪਾਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਲੰਬਿਤ ਮੰਗ ਸੀ ਜੋ ਅੱਜ ਪੂਰੀ ਹੋਈ ਹੈ ਅਤੇ ਅਗਲੇ ਇੱਕ ਮਹੀਨੇ ਵਿੱਚ ਕੰਮ ਸ਼ੁਰੂ ਹੋ ਜਾਵੇਗਾ, ਜੋ ਇੱਕ ਸਾਲ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਨਿਤਿਨ ਗਡਕਰੀ ਨੇ ਕਿਹਾ ਕਿ ਪੰਜਾਬ ਵਿੱਚ ਸਾਲ 2014 ਤੱਕ ਰਾਸ਼ਟਰੀ ਰਾਜਮਾਰਗਾਂ ਦੀ ਲੰਬਾਈ 1739 ਕਿਲੋਮੀਟਰ ਸੀ, ਜਿਸ ਨੂੰ 2018 ਤੱਕ ਵਧਾ ਕੇ 3,778 ਕਿਲੋਮੀਟਰ ਕਰ ਦਿੱਤਾ ਗਿਆ ਹੈ।ਉਨ੍ਹਾਂ ਅੱਗੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ 21 ਵੱਡੇ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਗਿਆ ਹੈ।ਜਿਨ੍ਹਾਂ ਦੀ ਕੁੱੱਲ ਲਾਗਤ 10,500 ਕਰੋੜ ਰੁਪਏ ਹੈ।ਇਸ ਦੇ ਤਹਿਤ 1,250 ਕਿਲੋਮੀਟਰ ਐਨ.ਐਚ ਦਾ ਨਿਰਮਾਣ ਕੀਤਾ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ 845 ਕਿਲੋਮੀਟਰ ਨੈਸ਼ਨਲ ਹਾਈਵੇ `ਤੇ 13,400 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਚਲ ਰਿਹਾ ਹੈ ਅਤੇ ਇਹ 2019-20 ਤੱਕ ਪੂਰਾ ਹੋ ਜਾਵੇਗਾ।ਉਨ੍ਹਾਂ ਐਲਾਨ ਕੀਤਾ ਕਿ ਸੇਤੂ ਭਾਰਤਮ ਯੋਜਨਾ ਦੇ ਤਹਿਤ ਦਸ ਓਆਰਬੀ ਦਾ ਨਿਰਮਾਣ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਬਰਨਾਲਾ, ਨੰਗਲ, ਬਠਿੰਡਾ, ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ, ਜਲਾਲਾਬਾਦ ਅਤੇ ਕੋਟਕਪੁਰਾ ਸ਼ਾਮਲ ਹਨ।
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ, ਸ਼੍ਰੀ ਵਿਜੇ ਸਾਂਪਲਾ ਨੇ ਪੰਜਾਬ ਵਿੱਚ ਵੱਖ-ਵੱਖ ਸੜਕ ਅਤੇ ਸਿੰਚਾਈ ਪ੍ਰੋਜੈਕਟ ਲਾਗੂ ਕਰਨ ਵਾਸਤੇ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿੱਚ ਨੈਸ਼ਨਲ ਹਾਈਵੇ `ਤੇ ਇੱਕ ਵੱਡੀ ਅੜਚਣ ਸੀ ਜੋ ਫਗਵਾੜਾ ਸ਼ਹਿਰ ਵਿੱਚ ਐਲੀਵੇਟਿਡ ਰੋਡ ਦੇ ਮੁਕੰਮਲ ਹੋਣ ਤੋਂ ਬਾਅਦ ਦੂਰ ਹੋ ਜਾਵੇਗੀ।ਉਨ੍ਹਾਂ ਆਸ ਪ੍ਰਗਟ ਕੀਤੀ ਕਿ ਕੁੱਝ ਹੋਰ ਸਮੱਸਿਆਵਾਂ ਦਾ ਸਮਾਧਾਨ ਵੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਨੇੜਲੇ ਭਵਿੱਖ ਵਿੱਚ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਇਸ ਐਲੀਵੇਟਿਡ ਰੋਡ ਦਾ ਨੀਂਹ ਪੱਥਰ ਰੱਖਣ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਹਾਈਵੇ `ਤੇ ਕਰੀਬ 6 ਅਜਿਹੇ ਪੁਆਇੰਟ ਹਨ ਜਿਨ੍ਹਾਂ ਨੂੰ ਮੁਕੰਮਲ ਕੀਤਾ ਜਾ ਸਕਦਾ ਹੈ।ਇਸ ਅਵਸਰ `ਤੇ ਰਾਜ ਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਜੀ.ਐਨ.ਏ ਯੂਨੀਵਰਸਿਟੀ ਫਗਵਾੜਾ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਨਿਤਿਨ ਗਡਕਰੀ ਨੇ ਜੈਵਿਕ ਈਂਧਣ ਦੇ ਖੇਤਰ ਵਿੱਚ ਖੋਜ `ਤੇ ਬਲ ਦਿੱਤਾ।ਉਨ੍ਹਾਂ ਕਿਹਾ ਕਿ ਵਿਦਿਆਰਥੀ ਰਾਸ਼ਟਰ ਦਾ ਭਵਿੱਖ ਹਨ ਅਤੇ ਉਨ੍ਹਾਂ ਦੀਆਂ ਇਨੋਵੇਸ਼ਨਾਂ ਯਕੀਨੀ ਤੌਰ `ਤੇ ਜਨਸਧਾਰਨ ਦੀ ਮਦਦ ਕਰਨਗੀਆਂ।ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਮੇਕ ਇਨ ਇੰਡੀਆ ਮੇਡ ਇਨ ਇੰਡੀਆ `ਤੇ ਜ਼ੋਰ ਦੇ ਰਹੀ ਹੈ ਅਤੇ ਹਰੇਕ ਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media