ਸ਼੍ਰੋਮਣੀ ਕਮੇਟੀ ਵੱਲੋਂ ਬੱਸਾਂ ਤੇ ਰਿਹਾਇਸ਼ ਦੇ ਕੀਤੇ ਗਏ ਵਿਸ਼ੇਸ਼ ਪ੍ਰਬੰਧ
ਅੰਮ੍ਰਿਤਸਰ, 27 ਫ਼ਰਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਮੱਧ ਪ੍ਰਦੇਸ਼ ਦੇ ਵੱਖ-ਵੱਖ ਪਿੰਡਾਂ ’ਚ ਵਿਚ ਵੱਸਦੇ ਸਿਕਲੀਗਰ ਸਿੱਖਾਂ ਦੇ ਇਕ ਜਥੇ ਨੇ ਅੱਜ ਸੱਚਖੰਡ
ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ।ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉਪਰਾਲੇ ਨਾਲ ਵੱਖ-ਵੱਖ ਗੁਰ-ਅਸਥਾਨਾਂ ਦੇ ਦਰਸ਼ਨ ਕਰਨ ਪੰਜਾਬ ਪੁੱਜੇ ਸਿਕਲੀਗਰ ਸਿੱਖਾਂ ਦੇ ਇਸ ਜਥੇ ਵਿਚ 170 ਮੈਂਬਰ ਸ਼ਾਮਲ ਹਨ।ਆਪਣੀ 8 ਦਿਨਾਂ ਯਾਤਰਾ ਦੇ ਪਹਿਲੇ ਦਿਨ ਜਥੇ ਵਿਚ ਸ਼ਾਮਲ ਸੰਗਤ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਸਥਾਨਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕੀਤੇ ਗਏ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਰਲ ਸਕੱਤਰ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਮੀਤ ਸਕੱਤਰ ਸਤਿੰਦਰ ਸਿੰਘ ਨੇ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਨੁਮਾਇੰਦਿਆਂ ਅਤੇ ਸਿਕਲੀਗਰ ਸਿੱਖ ਸੰਗਤ ਦੇ ਆਗੂਆਂ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਜਥੇਦਾਰ ਕਰਮੂੰਵਾਲਾ ਨੇ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸੰਗਤ ਨੂੰ ਜੀ-ਆਇਆਂ ਕਿਹਾ।ਉਨ੍ਹਾਂ ਕਿਹਾ ਕਿ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਦੀ ਮਦਦ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਅਤੇ ਸ਼੍ਰੋਮਣੀ ਕਮੇਟੀ ਦੀ ਮਨਸ਼ਾ ਹੈ ਕਿ ਇਨ੍ਹਾਂ ਦੇ ਬੱਚਿਆਂ ਨੂੰ ਵਿਦਿਆ ਦੀਆਂ ਸਹੂਲਤਾਂ ਦੇ ਕੇ ਸਵੈ-ਨਿਰਭਰ ਕੀਤਾ ਜਾਵੇ।ਇਸੇ ਤਹਿਤ ਹੀ ਵੱਡੀ ਗਿਣਤੀ ਸਿਕਲੀਗਰ ਸਿੱਖ ਬੱਚਿਆਂ ਦੀਆਂ ਫੀਸਾਂ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੀਆਂ ਜਾਂਦੀਆਂ ਹਨ।ਡਾ. ਰੂਪ ਸਿੰਘ ਨੇ ਕਿਹਾ ਕਿ ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉੱਦਮ ਨਾਲ ਸਿਕਲੀਗਰ ਸੰਗਤ ਗੁਰ-ਅਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਇਤਿਹਾਸ ਅਤੇ ਵਿਰਾਸਤ ਤੋਂ ਜਾਣੂ ਹੋ ਸਕੇਗੀ।ਉਨ੍ਹਾਂ ਦੱਸਿਆ ਕਿ ਇਸ ਜਥੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਰਿਹਾਇਸ਼ ਅਤੇ ਵੱਖ-ਵੱਖ ਗੁਰਧਾਮਾਂ ਦੇ ਦਰਸ਼ਨਾਂ ਲਈ ਬੱਸਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਸਿੱਖ ਕੌਂਸਲ ਆਫ ਸਕਾਟਲੈਂਡ ਦੇ ਮੁੱਖ ਸੇਵਾਦਾਰ ਸੁਲੱਖਣ ਸਿੰਘ ਸਮਰਾ ਤੇ ਜਨਰਲ ਸਕੱਤਰ ਗੁਰਦੀਪ ਸਿੰਘ ਸਮਰਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸੰਸਥਾ ਸੰਨ 2002 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਉਦੋਂ ਤੋਂ ਲੈ ਕੇ ਸਿਕਲੀਗਰ ਸਿੱਖਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕੌਂਸਲ ਵੱਲੋਂ ਸਮੇਂ ਸਮੇਂ ਜਿਥੇ ਸਿਕਲੀਗਰ ਸੰਗਤ ਨੂੰ ਗੁਰਧਾਮਾਂ ਦੇ ਦਰਸ਼ਨ ਕਰਵਾਏ ਜਾਂਦੇ ਹਨ, ਉਥੇ ਹੀ ਅੱਖਾਂ ਦੇ ਕੈਂਪ ਅਤੇ ਬੱਚਿਆਂ ਦੀ ਪੜ੍ਹਾਈ ਲਈ ਵੀ ਕਾਰਜ ਕੀਤਾ ਜਾ ਰਿਹਾ ਹੈ।ਸਿਕਲੀਗਰ ਸੰਗਤ ਵਿਚ ਸ਼ਾਮਲ ਗਿਆਨੀ ਤਕਦੀਰ ਸਿੰਘ ਨੇ ਆਪਣੇ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਜਥੇ ’ਚ ਸ਼ਾਮਲ ਬਹੁਤ ਸਾਰੀ ਸੰਗਤ ਪਹਿਲੀ ਵਾਰ ਗੁਰ-ਅਸਥਾਨਾਂ ਦੇ ਦਰਸ਼ਨ ਕਰਕੇ ਆਪਣੇ ਇਤਿਹਾਸ ਤੋਂ ਜਾਣੂ ਹੋ ਰਹੀ ਹੈ।ਇਸ ਮੌਕੇ ਕੌਂਸਲ ਦੇ ਪ੍ਰਾਜੈਕਟ ਮੈਨੇਜਰ ਤਰਨਦੀਪ ਸਿੰਘ ਫਗਵਾੜਾ, ਭਾਈ ਸੰਜੀਵਨ ਸਿੰਘ, ਭਾਈ ਬਲਵੰਤ ਸਿੰਘ ਐਨੋਕੋਟ ਪ੍ਰਚਾਰਕ, ਗਿਆਨੀ ਦੀਵਾਨ ਸਿੰਘ, ਭਾਈ ਰੋਸ਼ਨ ਸਿੰਘ, ਬਾਬੂ ਸਿੰਘ, ਮਨਜੀਤ ਸਿੰਘ ਆਦਿ ਮੌਜੂਦ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media