ਅੰਮ੍ਰਿਤਸਰ 6 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਅੰਮ੍ਰਿਤਸਰ ਸਾਹਿਤ ਉਸਤਵ 2019 ਦੇ ਉਦਘਾਟਨੀ ਸਮਾਗਮ ਦੇ ਮੁੱਖ ਵਕਤਾ ਪ੍ਰਸਿੱਧ
ਆਲੋਚਕ ਅਤੇ ਕਵੀ ਡਾ. ਮਨਮੋਹਨ ਨੇ ਸਾਹਿਤਕ ਪੱਤਰਕਾਰੀ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦਾ ਦੌਰ ਫੇਕ ਨਿਊਜ਼ ਦਾ ਦੌਰ ਹੈ।ਨਕਲੀ ਯਥਾਰਥ ਦੇ ਦੌਰ ਵਿਚ ਸਹੀ ਤੇ ਸੱਚ ਪਤਾ ਲਾਉਣਾ ਮੁਸ਼ਕਿਲ ਹੋ ਚੁੱਕਾ ਹੈ ਪਰ ਪੱਤਰਕਾਰੀ ਦੇ ਸਰੋਕਾਰ ਇਸ ਨਾਲੋਂ ਵਧੇਰੇ ਹਕੀਕੀ ਹੈ।ਅੱਜ ਸੂਚਨਾਵਾਂ ਦੇ ਹੜ੍ਹ ਅਤੇ ਮਸ਼ੀਨੀਕਰਨ ਦੇ ਯੁਗ ਵਿਚ ਸ਼ਬਦ ਸਾਧਨਾ ਹੀ ਸਮੱਸਿਆਵਾਂ ਦਾ ਹੱਲ ਹੈ।ਖ਼ਾਲਸਾ ਕਾਲਜ ਫਾਰ ਵੁਮੈਨ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਧੰਨਵਾਦ ਦਾ ਮਤਾ ਕੀਤਾ।
ਉਦਘਾਟਨੀ ਸਮਾਗਮ ਤੋਂ ਬਾਅਦ ਦੂਸਰੇ ਸਮਾਗਮ ਵਿਚ ਪੰਜਾਬੀ ਵਿੱਚ ਸਾਹਿਤਿਕ ਪੱਤਰਕਾਰੀ (ਦ੍ਰਿਸ਼ਟੀ ਅਤੇ ਅਭਿਆਸ ਪ੍ਰਕ੍ਰਿਆ) ਵਿਸ਼ੇ ‘ਤੇ ਗੋਸ਼ਟੀ ਦੌਰਾਨ ‘ਪ੍ਰਵਚਨ’ ਮੈਗਜ਼ੀਨ ਦੇ ਸੰਪਾਦਕ ਡਾ. ਰਜਨੀਸ਼ ਬਹਾਦਰ ਨੇ ਕਿਹਾ ਕਿ ਅੱਜ ਦਾ ਸਮਾਗਮ ਪਹਿਲਾ ਮੌਕਾ ਹੈ ਜਦੋਂ ਪੰਜਾਬੀ ਦੀਆਂ ਸਾਹਿਤਕ ਪੱਤਰਕਾਵਾਂ ਨੂੰ ਦਰਪੇਸ਼ ਸਮੱਸਿਆਵਾਂ, ਚੁਣੌਤੀਆਂ ਅਤੇ ਭੂਮਿਕਾ ਬਾਰੇ ਵਿਧੀਵਤ ਨਜ਼ਰੀਏ ਨਾਲ ਵਿਚਾਰ ਕੀਤੀ ਜਾ ਰਹੀ ਹੈ।‘ਆਲੋਚਨਾ’ ਦੇ ਸੰਪਾਦਕ ਡਾ. ਸੁਰਜੀਤ ਨੇ ਕਿਹਾ ਕਿ ਕੋਈ ਵੀ ਖੋਜ ਪੱਤ੍ਰਿਕਾ ਵਿਚਾਰਧਾਰਾਈ ਉਲਾਰਾਂ ਤੋਂ ਮੁਕਤ ਹੋ ਕੇ ਸੰਵਾਦ ਰੂਪ ਵਿਚ ਪੇਸ਼ ਹੋਣੀ ਚਾਹੀਦੀ ਹੈ। ‘ਕਾਵਿ ਸ਼ਾਸ਼ਤਰ’ ਦੇ ਸੰਪਾਦਕ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿਚ ਸਿਧਾਂਤਕ ਦ੍ਰਿਸ਼ਟੀਕੋਣ ਦੀ ਅਣਹੋਂਦ ਸਪੱਸ਼ਟ ਰੂਪ ਨਾਲ ਦਿਖਾਈ ਦੇ ਰਹੀ ਹੈ।‘ਲਕੀਰ’ ਦੇ ਸੰਪਾਦਕ ਦੇਸਰਾਜ ਕਾਲੀ ਨੇ ਕਿਹਾ ਕਿ ਪ੍ਰਚਾਰਕ ਸਾਹਿਤ ਨੂੰ ਸਾਹਿਤਕ ਪੱਤਰਕਾਰੀ ਨਾਲੋ ਨਿਖੇੜ ਕੇ ਵੇਖੇ ਜਾਣ ਦੀ ਲੋੜ ਹੈ। ‘ਏਕਮ’ ਦੇ ਸੰਪਾਦਕ ਅਰਤਿੰਦਰ ਸੰਧੂ ਨੇ ਇਕ ਜ਼ਿੰਮੇਵਾਰ ਸੰਪਾਦਕ ਦੀ ਭੂਮਿਕਾ ਉਪਰ ਜੋਰ ਦਿੱਤਾ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media