ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ 50 ਵੇਂ ਸਥਾਪਨਾ
ਦਿਵਸ ਨੂੰ ਸਮਰਪਿਤ `ਗੋਲਡਨ ਜੁਬਲੀ` ਪ੍ਰੋਗਰਾਮਾਂ ਦੀ ਲੜੀ ਵਿਚ ਕਲਾ ਅਤੇ ਸਭਿਆਚਾਰਕ ਵਿਭਾਗੀ ਜਸ਼ਨ 2019 ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋ ਗਿਆ ਹੈ।ਚਾਰ ਰੋਜਾ ਜ਼ਸ਼ਨ ਵਿਚ ਵਿਦਿਆਰਥੀਆਂ ਦਾ ਉਤਸ਼ਾਹ ਵੇਖਿਆ ਹੀ ਬਣਦਾ ਸੀ ।ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗ ਦੇ ਵਿਦਿਆਰਥੀ ਕਲਾਕਾਰਾਂ ਨੇ ਬੜੀ ਲਗਨ, ਮਿਹਨਤ,ਉਤਸ਼ਾਹ ਅਤੇ ਜਬਰਦਸ ਤਿਆਰੀ ਨਾਲ ਜ਼ਸ਼ਨ 2019 ਵਿਚ ਭਾਗ ਲਿਆ।ਪਿਛਲੇ ਦੋ ਮਹੀਨਿਆਂ ਤੋਂ ਜਦੋਂ ਛੁੱਟੀ ਸਮੇਂ ਅਧਿਕਾਰੀ ਕਰਮਚਾਰੀ ਘਰਾਂ ਨੂੰ ਚਲੇ ਜਾਂਦੇ ਸਨ ਤਾਂ ਵਿਦਿਆਰਥੀ ਕਲਾਕਾਰ ਅਪਣੀਆ ਰਹਿਸਲਾਂ ਵਿਚ ਮਗਨ ਯੂਨੀਵਰਸਿਟੀ ਦੇ ਮਾਹੌਲ ਵਿਚ ਕਈ ਰੰਗ ਭਰਦੇ ਨਜ਼ਰ ਆਉਦੇ।ਸੰਗੀਤ ਦੀਆਂ ਮਧੁਰ ਧੁਨਾਂ ਢੋਲ ਦੇ ਡੱਗੇ ਅਤੇ ਲੁੱਡੀਆਂ ਪਾਉਦੇ ਗੱਭਰੂ, ਢੋਲਕੀ ਦੀ ਥਾਪ ਨਾਲ ਅੱਡੀ ਤੇ ਤਾੜੀ ਮਾਰਦੀਆ ਕੁੜੀਆਂ ਤੇ ਸਮਾਜ ਉੱਪਰ ਵਿੰਅਗਮਈ ਟਿੱਪਣੀਆਂ ਕਰਦੇ `ਸਕਿੱਟ` ਤੇ `ਨੌਟਕੀ` ਦੇ ਵਿਦਿਆਰਥੀ ਕਲਾਕਾਰ ਯੂਨੀਵਰਸਿਟੀ ਵਿਚ ਵਿੱਲਖਣ ਖ਼ੁਸ਼ਬੂਆਂ ਬਿਖ਼ੇਰਦੇ ਸ਼ਾਮ ਦੀ ਸੈਰ ਕਰਨ ਵਾਲੇ ਲੋਕਾਂ ਲਈ ਊਰਜਾ ਦੇ ਕੇਂਦਰ ਬਣੇ ਰਹੇ ਅਤੇ ਉਹਨਾਂ ਦੇ ਕਦਮ ਆਪ ਮੁਹਾਰੇ ਹੀ ਵਿਦਿਆਰਥੀ ਕਲਾਕਾਰਾਂ ਦੀ ਪ੍ਰਸ਼ੰਸ਼ਾ ਕਰਨ ਲਈ ਰੁਕ ਜਾਂਦੇ ਸਨ।ਗੁਰੂ ਨਾਨਕ ਦੇਵ ਯਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੇ ਨਿਰਦੇਸ਼ਾ ਅਨੁਸਾਰ ਅਤੇ ਡੀਨ ਵਿਦਿਆਰਥੀ ਭਲਾਈ ਡਾ. ਸਰਬਜੋਤ ਦੀ ਅਗਵਾਈ ਹੇਂਠ ਕਰਵਾਏ ਗਏ ਜ਼ਸ਼ਨ 2019 ਦਾ ਆਗਾਜ਼ ਮੁੱਖ ਮਹਿਮਾਨ ਜਨਰਲ ਕਰਨਬੀਰ ਸਿੰਘ ਬਰਾੜ ਅਤੇ ਉਹਨਾਂ ਦੀ ਮਿਸ਼ਜ਼ ਜਸਬੀਰ ਕੌਰ ਬਰਾੜ ਦੁਆਰਾ ਰੌਸ਼ਨੀ ਦਾ ਪ੍ਰਤੀਕ ` ਸ਼ਮਾਂ ਰੌਸ਼ਨ` ਕਰਕੇ ਕੀਤਾ ਗਿਆ ਅਤੇ ਇਸ ਦਿੀ ਪ੍ਰਧਾਨਗੀ ਉਪ ਕੁਲਪਤੀ ਡਾ. ਜਸਪਾਲ ਸਿੰਘ ਨੇ ਕੀਤੀ।ਸਪੋਰਟ ਸਾਇੰਸ ਅਤੇ ਮੈਡੀਕਲ ਵਿਭਾਗ ਦੇ ਮੁੱਖੀ ਪ੍ਰੋ. ਸਵੇਤਾ ਸ਼ੋਨਏ ਵਿਦਿਆਰਥੀਆ ਦੀ ਹੌਸਲਾ ਅਫ਼ਜਾਈ ਲਈ ਵਿਸ਼ੇਸ਼ ਤੋਰ `ਤੇ ਪਹੁੰਚੇ ਸਨ।
ਜ਼ਸ਼ਨ ਦੇ ਪਹਿਲੇ ਦਿਨ ਇਕ ਪਾਸੇ ਫਾਈਨ ਆਰਟ ਨਾਲ ਸੰਬੰਧ ਰੰਗੋਲੀ, ਪੋਸਟਰ ਮੇਕਿੰਗ, ਕਲੇਮਾਡਲਿੰਗ, ਫ਼ਲਾਵਰ ਅਰੈਜ਼ਮੈਂਟ ਦੇ ਮੁਕਾਬਲੇ ਕਰਵਾਏ ਗਏ ਅਤੇ ਦੂਸਰੇ ਪਾਸੇ ਆਈਟਮਾਂ ਵਿਚ ਵਾਦ ਵਵਾਦ, ਕਵਿਤਾ ਉਚਾਰਣ ਅਤੇ ਕੁਇਜ ਦੇ ਮੁਕਾਬਲੇ ਚਲਦੇ ਰਹੇ ਅਤੇ ਤੀਸਰੇ ਮੰਚ ਤੇ ਸੰਗੀਤਕ ਮੁਕਾਬਲੇ ਲੋਕ ਗੀਤ, ਗੀਤ ਗਜ਼ਲ , ਸ਼ਬਦ/ਭਜਨ ਅਤੇ ਵੈਸਟਨ ਵੋਲਕ ਨਾਲ ਵਿਦਿਆਰਥੀ ਕਲਾਕਾਰ ਕਦੇ ਪੀਲੂ ਦਾ ਮਿਰਜ਼ਾ, ਵਾਰਿਸ਼ ਦੀ ਹੀਰ, ਬਾਵਾ ਅਤੇ ਜੁਗਨੀ ਬੋਲਿਦਆਂ ਲੰਮੀ ਹੇਕਾਂ ਨਾਲ ਦਰਸ਼ਕਾ ਦੀਆ ਤਾੜੀਆ ਨਾਲ ਵਾਹ ਵਾਹ ਖੱਟਦੇ ਰਹੇ ਅਤੇ ਜਗਜੀਤ ਦੀਆਂ ਗ਼ਜਲਾਂ ਤੇ ਝੂੁਮਦੇ ਹੋਏ ਦਰਸ਼ਕ ਦੇਰ ਸ਼ਾਮ ਤੱਕ ਪ੍ਰੋਗਰਾਮ ਦਾ ਆਨੰਦ ਮਾਣਦੇ ਰਹੇ।
ਜਸ਼ਨ ਦੇ ਦੂਸਰੇ ਦਿਨ ਦੀ ਸ਼ੁਰੂਆਤ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਨਾਲ ਹੋਈ ਜਿਸ ਵਿਚ ਅੱਠ ਟੀਮਾਂ ਨੇ ਭਾਗ ਲਿਆ। ਮੰਚ ਤੇ ਲੋਕ ਬੋਲੀਆ ਦੀਆਂ ਧੁਨਾਂ ਦੇ ਨਾਲ ਬੜੇ ਜ਼ੋਸ ਜ਼ਜਬੇ ਅਤੇ ਉਤਸ਼ਾਹ ਨਾਲ ਲੁੱਡੀਆ ਤੇ ਧਮਾਲਾਂ ਪਾਉਦੇਂ ਆਪਣੀਆਂ ਅਦਾਵਾਂ ਅਤੇ ਹੁਨਰ ਰਾਂਹੀ ਦਰਸ਼ਕਾਂ ਦਾ ਮਨ ਮੋਹ ਰਹੇ ਸਨ।ਭੰਗੜੇ ਦੀ ਹਰ ਟੀਮ ਇਕ ਦੂਜੇ ਤੋਂ ਵੱਧ ਕੇ ਆਪਣੇ ਫ਼ਨ ਦਾ ਮੁਜਾਹਰਾਂ ਕਰ ਰਹੀ ਸੀ ਅਤੇ ਜੱਜਾਂ ਲਈ ਫ਼ੈਸ਼ਲਾ ਲੈਣਾ ਮੁਸ਼ਕਲ ਹੋ ਰਿਹਾ ਸੀ ਭੰਗੜੇ ਦਾ ਹਰ ਗੱਭਰੂ ਆਪਣੀਆ ਅਦਾਵਾਂ ਨਾਲ ਆਪਣੀ ਕਲਾਕਾਰੀ ਦਾ ਲੋਹਾ ਮੰਨਵਾ ਰਿਹਾ ਸੀ।ਭੰਗੜੇ ਤੋਂ ਬਾਅਦ `ਰਚਨਾਤਮਕ ਡਾਂਸ` ਦੀ ਵਾਰੀ ਆਈ ਜਿਸ ਵਿਚ ਵੱਖ ਵੱਖ ਵਿਭਾਗਾਂ ਵੱਲੋ ਵੱਖਰੇ ਵੱਖਰੇ ਸਿਰਲੇਖਾਂ ਤਹਿਤ ਡਾਂਸ਼ ਦੀਆਂ ਪੇਸ਼ਕਾਰੀਆਂ ਹੋਈਆਂ।
ਦੂਸਰੇ ਦਿਨ ਦੀਆਂ ਸ਼ਾਮਾਂ ਪੱਛਮੀ ਸੰਗੀਤ ਨਾਲ ਸੰਬੰਧਤ ਵੈਸਟਨ ਡਾਂਸ਼ ਨਾਲ ਅਤੇ ਦਰਸ਼ਕਾਂ ਦੀਆਂ ਤਾੜੀਆਂ ਇਕ ਅਦਭੁੱਤ ਮਾਹੌਲ ਸਿਰਜ਼ ਰਹੀਆਂ ਸਨ।
ਜਸ਼ਨ ਦੇ ਤੀਸਰੇ ਦਿਨ ਵਿਰਸੇ ’ਚੋਂ ਅਲੋਪ ਹੋ ਰਹੇ ਲੋਕ ਨਾਟਾਂ ਨਾਲ ਸੰਬੰਧਤ ‘ਨੌਟੰਕੀ’ ਦੇ ਮੁਕਾਬਲੇ ਕਰਵਾਏ ਗਏ ਜਿਸ ਵਿਚ ‘ਭੰਡਾਂ ਦੀਆਂ ਨਕਲਾਂ’ ਰਾਹੀਂ ਵਿਦਿਆਰਥੀ ਕਲਾਕਾਰਾਂ ਨੇ ਭ੍ਰਿਸ਼ਟ ਤੰਤਰ, ਰਿਸ਼ਤਾ ਨਾਤਾ ਪ੍ਰਣਾਲੀ, ਬਦਲਦੀਆਂ ਰਸਮਾਂ ਤੇ ਵਿਅਕਤੀ ਦੇ ਵਿਹਾਰ ਦੇ ਪਰਿਵਰਤਨਾਂ ਤੇ ਚੋਟ ਕਰਦਿਆਂ ਯੂਨੀਵਰਸਿਟੀ ਨਾਲ ਸੰਬੰਧਤ ਅਧਿਆਕਾਰੀਆਂ ਅਤੇ ਵਿਦਿਆਰਥੀਆਂ ਤੇ ਵੀ ਨਿੱਕੀਆਂ ਨਿੱਕੀਆਂ ਚੋਟਾਂ ਕਰਦਿਆਂ ਦਰਸ਼ਕਾਂ ਨੂੰ ਹਸਾਉਣ ਅਤੇ ਤਾੜੀਆਂ ਮਾਰਨ ਲਈ ਮਜ਼ਬੂਰ ਕੀਤਾ। ‘ਸਕਿੱਟ’ ਅਤੇ ‘ਕੋਰਿਉਗਰਾਫ਼ੀ’ ਵਿਚ ਵਿਦਿਆਰਥੀ ਕਲਾਕਾਰਾਂ ਨੇ ਸਮਾਜਕ, ਰਾਜਨੀਤਕ, ਧਾਰਮਿਕ ਅਤੇ ਸਭਿਆਚਾਰਕ ਮਾਹੌਲ ਵਿਚ ਫੈਲੇ ਪ੍ਰਦੂਸ਼ਣ ਨੂੰ ਬੇਪਰਦ ਕਰਦਿਆਂ ਆਧੁਨਿਕ ਸਮੇਂ ਵਿਚ ਹਰ ਵਰਤਾਰੇ ਤੇ ਭਾਰੂ ਸਿਆਸਤ ਦੀਆਂ ਖ਼ੂਬ ਧੱਜੀਆਂ ਉਡਾਈਆਂ।ਦੇਸ਼ ਭਗਤੀ ਅਤੇ ਧੀਆਂ ’ਤੇ ਹੁੰਦੇ ਜ਼ੁਲਮਾਂ ਦਾ ਦ੍ਰਿਸ਼ ਵੀ ਦਰਸ਼ਕਾਂ ਨੂੰ ਭਾਵੁਕ ਕਰਦਾ ਰਿਹਾ।ਮਮਿਕਰੀ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਆਵਾਜ਼ਾਂ ਅਤੇ ਸਥਾਪਤ ਕਲਾਕਾਰਾਂ ਦੀਆਂ ਨਕਲਾਂ ਰਾਹੀਂ ਵੀ ਖ਼ੂਬ ਰੰਗ ਬੰਨਿਆ ਗਿਆ।
‘ਜਸ਼ਨ 2019’ ਦੇ ਚੌਥੇ ਤੇ ਆਖ਼ਰੀ ਦਿਨ ਦਾ ਆਰੰਭ ਸੰਗੀਤ ਦੀ ਧੁਨ ਨਾਲ ਡਾਂਸ ਕਰਨ ਤੋਂ ਹੋਇਆ। ਪੰਜਾਬੀ ਹਿੰਦੀ ਤੇ ਅੰਗਰੇਜ਼ੀ ਧੁਨਾਂ ਰਾਹੀਂ ਇਕ ਵਿਦਿਆਰਥੀ ਇਕੋਂ ਸਮੇਂ ਵੱਖ-ਵੱਖ ਰੂਪਾਂ ਦਾ ਪ੍ਰਗਟਾਵਾ ਕਰਦਾ ਸੀ। ਜਸ਼ਨ ਦਾ ਸਿਖ਼ਰ ਪੰਜਾਬਣਾਂ ਦੇ ਦਿਲਾਂ ਦੀ ਧੜਕਣ ਤੇ ਰਿਸ਼ਤਿਆਂ ਦੀ ਤਰਜ਼ਮਾਨੀ ਰਾਹੀਂ ਦਿਲ ਖੋਲਦੀਆਂ ਮੁਟਿਆਰਾਂ ਦਾ ‘ਗਿੱਧਾ’ ਸੀ।ਇੰਝ ਲਗਦਾ ਸੀ ਜਿਵੇਂ ਹਰ ਮੁਟਿਆਰ ਇਹ ਠਾਣ ਕੇ ਆਈ ਸੀ ਕਿ “ਮੈਂ ਹਾਂ ਧੀ ਪੰਜਾਬ ਦੀ ਮੈਨੂੰ ਮਾਣ ਪੰਜਾਬਣ ਹੋਣ ਦਾ” ਅਰਥਾਤ ਵਿਰਾਸਤੀ ਲਿਬਾਸ ਵਿਚ ਸੱਜੀਆਂ ਮੁਟਿਆਰਾਂ ਹਰ ਕਿਸੇ ਲਈ ਖਿੱਚ ਦਾ ਕੇਂਦਰ ਸਨ ਅਤੇ ਜਦੋਂ ਲੰਮੀ ਬਾਂਹ ਕਰ ਲੰਮੀ ਹੇਕ ਨਾਲ ਬੋਲੀ ਪਾਉਂਦੀਆਂ ਅਤੇ ਆਪ ਮੁਹਾਰੇ ਹੀ ਵਾਹ ਵਾਹ ਦੇ ਸ਼ਬਦ ਗੂੰਜਦੇ ਸੁਣਾਈ ਦਿੰਦੇ।ਗਿੱਧੇ ਦੇ ਮੁਕਾਬਲੇ ਵਿਚ ਇਤਫ਼ਾਕੀਆਂ ਇੰਝ ਵਾਪਰਿਆ ਕਿ ਪਹਿਲੇ ਗਿੱਧੇ ਤੋਂ ਬਾਅਦ ਦੂਜਾ ਫਿਰ ਤੀਜਾ ਤੇ ਇੰਝ ਗਿੱਧੇ ਦਾ ਮੁਕਾਬਲਾ ਵਧਦਾ ਗਿਆ ਤੇ ਅਖ਼ੀਰਲਾ ਗਿੱਧਾ ਤਾਂ ਧਮਾਲ ਪਾ ਗਿਆ ਤੇ ਮੁਕਾਬਲੇ ਦਾ ਤਾਜ਼ ਜਿੱਤਣ ਵਿਚ ਕਾਮਯਾਬ ਹੋਇਆ।ਕੰਪਿਊਟਰ ਵਿਭਾਗ ਦੇ ਗਿੱਧੇ ਦੀ ਮੁਟਿਆਰ ‘ਮਾਲਵਿਕਾ’ ਦੀ ਖ਼ੂਬਸੂਰਤੀ, ਸੁਰੀਲੀ ਤੇ ਬੁਲੰਦ ਆਵਾਜ਼ ਤੇ ਅਦਾਵਾਂ ਨੇ ਹਰ ਦਰਸ਼ਕ ਨੂੰ ਝੂਮਣ ਲਾ ਦਿੱਤਾ ਤੇ ਗਿੱਧੇ ਦੀ ਜਿੱਤ ਪ੍ਰਾਪਤ ਕਰਨ ਦਾ ਮਾਣ ਵਿਭਾਗ ਦੀ ਝੋਲੀ ਵਿਚ ਪਾਇਆ।
ਵੱਖ-ਵੱਖ ਮੁਕਾਬਲਿਆਂ ਵਿਚ ਫਾਈਨ ਆਰਟਸ ਤੇ ਥੀਏਟਰ ਦੀ ਟਰਾਫ਼ੀ ਆਰਕੀਟੈਕਚਰ ਵਿਭਾਗ, ਲਿਟਰੇਰੀ ਤੇ ਸੰਗੀਤ ਦੀ ਟਰਾਫ਼ੀ ਇਲੈਕਟ੍ਰਾਨਿਕਸ ਵਿਭਾਗ ਅਤੇ ਡਾਂਸ ਦੇ ਮੁਕਾਬਲਿਆਂ ਵਿਚ ਕੰਪਿਊਟਰ ਸਾਇੰਸ ਵਿਭਾਗ ਨੇ ਬਾਜ਼ੀ ਮਾਰੀ।ਇਸ ਵਾਰ ਫਿਰ ਸਮੁੱਚੇ ਜਸ਼ਨ ਦਾ ਤਾਜ਼ ਆਰਕੀਟੈਕਚਰ ਵਿਭਾਗ ਨੂੰ ਪ੍ਰਾਪਤ ਹੋਇਆ ਅਤੇ ਦੂਸਰੇ ਸਥਾਨ ਇਲੈਕਟ੍ਰਾਨਿਕਸ ਤੇ ਤੀਸਰਾ ਨੰਬਰ ਕੰਪਿਊਟਰ ਸਾਇੰਸ ਵਿਭਾਗ ਨੇ ਪ੍ਰਾਪਤ ਕੀਤਾ।‘ਜਸ਼ਨ 2019’ ਦਾ ਮਿਸਟਰ ਜਸ਼ਨ ਦਾ ਮਾਣ ਅਬੀ ਸ਼ਰਮਾ (ਕੰਪਿਊਟਰ ਇੰਜੀ. ਐਂਡ ਟੈਕਨਾਲੋਜੀ ਅਤੇ ਮਿਸ ਜਸ਼ਨ ਗਿੰਨੀ ਜਸਵਾਲ (ਫਿਜੀਉਥਰੈਪੀ) ਅਤੇ ਮਿਸ ਸੁਮੀਰਾ ਠਾਕੁਰ (ਇਲੈਕਟ੍ਰੋਨਿਕਸ ਟੈਕਨਾਲੋਜੀ) ਨੇ ਆਪਣੀ ਕਲਾ ਪ੍ਰੱਪਕਤਾ ਸਦਕਾ ਹਾਸਿਲ ਕੀਤਾ।
‘ਜਸ਼ਨ 2019’ ਦੀ ਵੱਡੀ ਪ੍ਰਾਪਤੀ ਇਹ ਸੀ ਕਿ ਇਸ ਸਮੇਂ ਦੌਰਾਨ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਿਰ ਹੋ ਕੇ ਬੜੇ ਅਨੁਸ਼ਾਸਨ ਵਿਚ ਜਿਥੇ ਇਕ ਪਾਸੇ ਤਾੜੀਆਂ ਅਤੇ ਹੂਟਿੰਗ ਨਾਲ ਆਪਣੇ ਵਿਦਿਆਰਥੀ ਕਲਾਕਾਰ ਸਾਥੀਆਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਸਨ ਉਥੇ ਨਾਲ ਹੀ ਖ਼ੂਬ ਅਨੰਦ ਵੀ ਮਾਣ ਰਹੇ ਸਨ।ਜਸ਼ਨ ਦੀ ਅਗਲੀ ਉਪਲਬਧੀ ਇਹ ਵੀ ਰਹੀ ਕਿ ਸਮੁੱਚੇ ਪ੍ਰੋਗਰਾਮ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਬਹੁਤੀ ਕਿੰਤੂ ਪਰੰਤੂ ਦੇ ਘੇਰੇ ਵਿਚ ਨਹੀਂ ਆਈ।ਪ੍ਰੋਗਰਾਮ ਦੌਰਾਨ ਵਿਦਿਆਰਥੀ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦੌਰਾਨ ਦਰਸ਼ਕਾਂ ਦੀ ਪਸੰਦ ਅਤੇ ਜੱਜਾਂ ਦਾ ਫ਼ੈਸਲਾ ਇਹਨਾਂ ਵਿਚ ਇਕਸਾਰਤਾ ਵੇਖਣ ਨੂੰ ਮਿਲੀ।
‘ਜਸ਼ਨ 2019’ ਦੀ ਪ੍ਰਾਪਤੀ ਇਹ ਵੀ ਸੀ ਕਿ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਸਮੇਂ-ਸਮੇਂ ਤੇ ਬਿਨ੍ਹਾਂ ਕਿਸੇ ਰਸਮੀ ਖ਼ਾਤਿਰਦਾਰੀ ਤੋਂ ਸ਼ਿਰਕਤ ਕਰਕੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕਰਦੇ ਰਹੇ ਅਤੇ ਜਸ਼ਨ ਦੀ ਰੰਗੀਨੀ ਨੂੰ ਹੋਰ ਵਧਾਉਂਦੇ ਰਹੇ।ਪ੍ਰੋ. ਕਰਨਜੀਤ ਸਿੰਘ ਕਾਹਲੋਂ ਅਤੇ ਡੀਨ ਅਕਾਦਮਿਕ ਮਾਮਲੇ, ਪ੍ਰੋ. ਹਰਦੀਪ ਸਿੰਘ ਵੀ ਵਕਤ-ਦਰ-ਵਕਤ ਰੌਣਕ ਦਾ ਹਿੱਸਾ ਬਣਦੇ ਰਹੇ।ਡਾ. ਸਰਬਜੋਤ ਸਿੰਘ ਬਹਿਲ ਡੀਨ ਵਿਦਿਆਰਥੀ ਭਲਾਈ ਅਤੇ ਕਨਵੀਨਰ ਡਾ. ਗੀਤਾ ਹੁੰਦਲ ਲਗਭਗ ਸਾਰਾ ਸਮਾਂ ਵਿਦਿਆਰਥੀ ਕਲਾਕਾਰਾਂ ਲਈ ਪ੍ਰੇਰਣਾ ਸ੍ਰੋਤ ਬਣਕੇ ਵਿਚਰਦੇ ਰਹੇ ਅਤੇ ਸਮੇਂ-ਸਮੇਂ ਵਿਦਿਆਰਥੀਆਂ ਦੀ ਅਗਵਾਈ ਕਰਦੇ ਰਹੇ। ਮੰਚ ਸੰਚਾਲਨ ਵਿਚ ਵੀ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਫ਼ਨ ਦਾ ਮੁਜ਼ਾਹਰਾ ਕਰਦਿਆਂ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਕੈਮਿਸਟਰੀ ਵਿਭਾਗ ਦੇ ਕਸ਼ਮੀਰੀ ਵਿਦਿਆਰਥੀ ‘ਜ਼ੁਬੈਰ’ ਦਾ ਬਾ-ਕਮਾਲ ਮੰਚ ਸੰਚਾਲਨ ਯਾਦਗਾਰੀ ਹੋ ਨਿਬੜਿਆ।ਉਸ ਨੇ ਦਰਸ਼ਕਾਂ ਦੀ ਪ੍ਰਸ਼ੰਸਾ ਪ੍ਰਾਪਤ ਕਰਨ ਦੇ ਨਾਲ-ਨਾਲ ਉਪ ਕੁਲਪਤੀ ਜੀ ਦੀ ਸ਼ਾਬਾਸ਼ ਵੀ ਪ੍ਰਾਪਤ ਕੀਤੀ।
ਇਨਾਮ ਵੰਡ ਸਮੇਂ ਦਿਲ ਦੇ ਮਾਹਿਰ ਡਾ. ਐਚ.ਪੀ ਸਿੰਘ ਮੁੱਖ ਮਹਿਮਾਨ ਵਜੋਂ ਤਸ਼ਰੀਫ਼ ਫ਼ਰਮਾਏ ਸਨ। ਉਹਨਾਂ ਸਮੁੱਚੇ ਪ੍ਰੋਗਰਾਮ ਪ੍ਰਬੰਧਕਾਂ, ਵਿਦਿਆਰਥੀ ਕਲਾਕਾਰਾਂ ਅਤੇ ਯੂਨੀਵਰਸਿਟੀ ਕੁਲਪਤੀ ਜੀ ਨੂੰ ਪ੍ਰੋਗਰਾਮ ਦੀ ਸਫ਼ਲਤਾ ਲਈ ਮੁਬਾਰਕਬਾਦ ਦਿੱਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।ਸਮੁੱਚੇ ਸਮਾਗਮ ਦੀ ਸਫ਼ਲਤਾ ਪਿਛੇ ਜਸ਼ਨ ਦੀ ਸਰਗਰਮ ਪ੍ਰਬੰਧਕੀ ਕਮੇਟੀ ਦੀ ਵਿਸ਼ੇਸ਼ ਭੂਮਿਕਾ ਸੀ।ਇਸ ਤਰ੍ਹਾਂ ਦਿਲਾਂ ਵਿਚ ਡੂੰਘੀ ਛਾਪ ਛੱਡਦਾ, ਸੁਨਿਹਰੀ ਯਾਦਾਂ ਬਖੇਰਦਾ ‘ਜਸ਼ਨ 2019’ ਸਮਾਪਤ ਹੋਇਆ ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media