Sunday, July 26, 2026

ਨਹੀਂ ਰਹੇ ਉਘੇ ਪੰਜਾਬੀ ਲੇਖਕ ਹਰੀ ਸਿੰਘ ਭੁੱਲਰ

ਧੂਰੀ, 8 ਅਪ੍ਰੈਲ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਾਹਿਤ ਸਭਾ ਧੂਰੀ (ਰਜਿ:) ਦੇ ਸਾਬਕਾ ਮੀਤ ਪ੍ਰਧਾਨ ਅਤੇ ਸਰਪ੍ਰਸਤ ਹਰੀ ਸਿੰਘ ਭੁੱਲਰ ਆਪਣੇ ਪਿੰਡ ਭੁੱਲਰਹੇੜੀ ਵਿਖੇ ਪ੍ਰਲੋਕ ਸੁਧਾਰ ਗਏ।ਉਹਨਾਂ ਦੀ ਅੰਤਿਮ ਅਰਦਾਸ ਮਿਤੀ 12 ਅਪ੍ਰੈਲ 2019 ਦਿਨ ਸ਼ੁੱਕਰਵਾਰ ਨੂੰ ਸਿੰਘ ਸਭਾ ਗੁਰਦੁਆਰਾ ਮਹਿਸਮਪੁਰ ਰੋਡ ਭੁੱਲਰਹੇੜੀ ਵਿਖੇ 12.00 ਵਜੇ ਹੋਵੇਗੀ।ਭੁੱਲਰ ਨੇ ਤਕਰੀਬਨ ਛਿਆਸੀ ਸਾਲ ਦੀ ਉਮਰ ਭੋਗੀ।
            ਉਹਨਾਂ ਦਾ ਜਨਮ ਮਿਤੀ 20-05-1933 ਨੂੰ ਪਿਤਾ ਸਾਧੂ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਚੰਦ ਕੌਰ ਦੀ ਕੁੱਖੋਂ ਹੋਇਆ।ਮੈਟ੍ਰਿਕ ਕਰਨ ਉਪਰੰਤ ਵੈਟਰਨਰੀ ਦਾ ਡਿਪਲੋਮਾ ਕਰਕੇ ਪਸ਼ੂ ਹਸਪਤਾਲਾਂ ਵਿੱਚ ਸਰਕਾਰੀ ਨੌਕਰੀ ਕੀਤੀ।ਉਹਨਾਂ ਸਾਧੂ ਹੁੰਦੇ ਰੱਬ ਵਰਗੇ, ਨੰਗੀ ਤੇਗ਼ ਦੇ ਪੈਣ ਲਿਸ਼ਕਾਰੇ, ਗੁਰੂ ਕਾ ਲਾਹੌਰ, ਜੀਵਨੀ ਸੰਤ ਅਤਰ ਸਿੰਘ ਮਸਤੂਆਣਾ ਤੇ ਭੁੱਲਰਾਂ ਦਾ ਇਤਿਹਾਸ ਪੰਜ ਕਿਤਾਬਾਂ ਪੰਜਾਬੀ ਸਾਹਿੱਤ ਦੀ ਝੋਲੀ ਪਾਈਆਂ।ਉਹ ਚੰਗੇ ਗੀਤਕਾਰ ਵੀ ਸਨ, ਉਹਨਾਂ ਦੀ ਕਲਮ ਤੋਂ ਲਿਖੇ ਧਾਰਮਿਕ ਗੀਤ,”ਨੀਂਹਾਂ `ਚੋਂ ਅਵਾਜ਼ਾਂ ਆਉਂਦੀਆਂ”, “ਇੱਕ ਬਾਰੀ ਬੋਲੋ ਗੱਜਕੇ”, “ਜੋਗਾ ਸਿੰਘ ਸੀ ਗੁਰਾਂ ਦੇ ਵੱਲ ਚੱਲਿਆ”, “ਮਨੀ ਸਿੰਘ ਦਾ ਜਲਾਦ ਬੰਦ ਬੰਦ ਕੱਟਦਾ” ਗੀਤਾਂ ਨਾਲ ਬਹੁਤ ਜਸ ਖੱਟਿਆ।ਇਸ ਦੇ ਨਾਲ ਹੀ ਤਿੰਨ ਦੋਗਾਣੇ ਕਰਮਜੀਤ ਸਿੰਘ ਧੂਰੀ ਦੀ ਅਵਾਜ਼ ਵਿੱਚ ਰਿਕਾਰਡ ਹੋਏ ਸੀ।
           ਪਵਨ ਹਰਚੰਦਪੁਰੀ ਨੇ ਕਿਹਾ ਹੈ ਕਿ ਸਾਹਿਤਕਾਰ ਹਰੀ ਸਿੰਘ ਭੁੱਲਰ ਦੀ ਮੌਤ ਪੰਜਾਬੀ ਸਾਹਿਤ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਜਿੰਨਾਂ ਦੇ ਲਿਖੇ ਧਾਰਮਿਕ ਗੀਤਾਂ ਨੇ ਸਿੱਖ ਮਾਨਸਿਕਤਾ ਵਿੱਚ ਚੇਤਨਾ ਪੈਦਾ ਕੀਤੀ ਸੀ।
           ਇਸ ਸਮੇਂ ਅਫਸੋਸ ਪ੍ਰਗਟਾਉਣ ਵਾਲਿਆਂ ਵਿੱਚ ਡਾ. ਤੇਜਵੰਤ ਮਾਨ, ਗੁਲਜ਼ਾਰ ਸਿੰਘ ਸ਼ੌਂਕੀ, ਸੁਰਿੰਦਰ ਸਿੰਘ ਰਾਜਪੂਤ, ਸੁਰਿੰਦਰ ਸ਼ਰਮਾ, ਸੁਖਦੇਵ ਸ਼ਰਮਾ ਧੂਰੀ, ਅਮਰਜੀਤ ਅਮਨ, ਸੱਤਪਾਲ ਪ੍ਰਾਸ਼ਰ, ਵੈਦ ਬੰਤ ਸਿੰਘ ਸਾਰੋਂ, ਕਰਤਾਰ ਠੁੱਲੀਵਾਲ, ਗਿਆਨੀ ਰਾਮ ਲਾਲ, ਜਗਦੇਵ ਸ਼ਰਮਾਂ, ਡਾ. ਕਮਲਜੀਤ ਟਿੱਬਾ, ਡਾ. ਜੈ ਗੋਪਾਲ ਗੋਇਲ, ਬਲਜੀਤ ਸਿੰਘ ਸੱਪਲ, ਸ਼ਿੰਗਾਰਾ ਸਿੰਘ ਗਿੱਲ, ਹਰਬੰਸ ਸਿੰਘ ਢਿੱਲੋਂ, ਗੁਰਜੀਤ ਸਿੰਘ ਗਿੱਲ, ਹਰਦਿਆਲ ਭਾਰਦਵਾਜ, ਬੀਤ ਬਾਦਸ਼ਾਹਪੁਰੀ, ਡਾ. ਰਾਜਿੰਦਰ ਪਾਲ, ਕਾ. ਰਾਮੇਸ਼ ਜੈਨ, ਜਤਿੰਦਰ ਮਾਨਵ, ਵਿਜੈ ਸੌਫਤ ਬਿੱਟੂ, ਪ੍ਰਸ਼ੋਤਮ ਭਾਰਦਵਾਜ, ਕਮਲ ਕੱਕੜਵਾਲ, ਨਰੰਜਨ ਸਿੰਘ ਦੋਹਲਾ, ਸੁਰਜੀਤ ਰਾਜੋਮਾਜਰਾ, ਅਮਨ ਘਨੌਰ, ਡਾ. ਰਾਜਵੀਰ ਲਸੋਈ, ਡਾ. ਰਾਕੇਸ਼ ਸ਼ਰਮਾ ਅਤੇ ਨਾਹਰ ਸਿੰਘ ਮੁਬਾਰਿਕਪੁਰੀ ਆਦਿ ਸ਼ਾਮਲ ਸਨ।  
 

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply