Friday, November 22, 2024

ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਵਲੋਂ ਜਲ੍ਹਿਆਂਵਾਲਾ ਬਾਗ਼ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ

ਆਜ਼ਾਦੀ ਲਈ ਤਾਰੇ ਮੁੱਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ – ਰਾਹੁਲ
ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ Rahulਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹਜ਼ਾਰਾਂ ਲੋਕਾਂ ਨੇ ਅੱਜ ਮਨਾਈ ਗਈ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਸ਼ਤਾਬਦੀ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
    ਦੋਵਾਂ ਆਗੂਆਂ ਨੇ ਇੱਕ ਸਦੀ ਪਹਿਲਾਂ 13 ਅਪ੍ਰੈਲ, 1919 ਨੂੰ ਦੇਸ਼ ਦੇ ਲਈ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਦੇ ਸਨਮਾਨ ਵਿੱਚ ਇਤਿਹਾਸਕ ਜਲ੍ਹਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਵਿਖੇ ਪੁਸ਼ਪ ਮਾਲਾਵਾਂ ਰੱਖੀਆਂ। ਜਲ੍ਹਿਆਂਵਾਲਾ ਬਾਗ਼ ਭਾਰਤੀ ਆਜ਼ਾਦੀ ਸੰਘਰਸ਼ ਦਾ ਇਕ ਸਭ ਤੋਂ ਵੱਡਾ ਭਿਆਨਕ ਖੂਨੀ ਸਾਕਾ ਸੀ।
    ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨ ਲਈ ਇਤਿਹਾਸਕ ਯਾਦਗਾਰ ਵਿਖੇ ਇਕੱਠੇ ਹੋਏ ਵੱਖ-ਵੱਖ ਵਰਗਾਂ ਦੇ ਹਜ਼ਾਰਾਂ ਲੋਕਾਂ ਦੇ ਨਾਲ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੌਨ ਖੜ੍ਹੇ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਨਿਸ਼ਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ।
    ਸ਼ਹੀਦੀ ਯਾਦਗਾਰ ਵਿਖੇ ਕਾਂਗਰਸ ਦੇ ਪ੍ਰਧਾਨ ਨੇ ‘ਵਿਜ਼ਟਰਜ਼ ਬੁੱਕ’ ਵਿੱਚ ਲਿਖਿਆ,‘‘ਆਜ਼ਾਦੀ ਲਈ ਤਾਰੇ ਗਏ ਮੁੱਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।ਅਸੀਂ ਭਾਰਤ ਦੇ ਉਨ੍ਹਾਂ ਲੋਕਾਂ ਨੂੰ ਸਲਾਮ ਪੇਸ਼ ਕਰਦੇ ਹਾਂ ਜਿਨ੍ਹਾਂ ਨੇ ਆਜ਼ਾਦੀ ਲਈ ਹਰ ਉਹ ਚੀਜ਼ ਦਿੱਤੀ ਜੋ ਉਹ ਦੇ ਸਕਦੇ ਸਨ।’’ ਇਹ ਸ਼ਹੀਦ ਰਾਸ਼ਟਰਵਾਦ ਦੇ ਪ੍ਰਤੀਕ ਹਨ ਜੋ ਹਮੇਸ਼ਾ ਹੀ ਹਰੇਕ ਭਾਰਤੀ ਦੇ ਦਿਲਾਂ ਵਿੱਚ ਵਸੇ ਰਹਿਣਗੇ।
    ਇਸ ਮੌਕੇ ਪਿਛੋਕੜ ਵਿੱਚ ਰਾਸ਼ਟਰੀ ਗੀਤ ਚੱਲ ਰਿਹਾ ਸੀ। ਇਹ ਲੋਕਾਂ ਲਈ ਬਹੁਤ ਭਾਵੁਕ ਮੌਕਾ ਸੀ। ਬਹੁਤ ਸਾਰੇ ਲੋਕਾਂ ਦੀਆਂ ਨਮ ਹੋਈਆਂ ਅੱਖਾਂ ਵੀ ਦਿਖੀਆਂ ਅਤੇ ਉਨ੍ਹਾਂ ਨੇ ਸ਼ਹੀਦਾਂ ਨੂੰ ਸਲਾਮ ਦਿੱਤਾ।
    ਏ.ਆਈ.ਸੀ.ਸੀ. ਪੰਜਾਬ ਦੇ ਇੰਚਾਰਜ ਆਸ਼ਾ ਕੁਮਾਰੀ, ਪੀ.ਪੀ.ਸੀ.ਸੀ. ਦੇ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਸੁਖਜਿੰਦਰ ਸਿੰਘ ਰੰਧਾਵਾ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸ਼ਾਮਲ ਸਨ।
    ਇਸ ਇਤਿਹਾਸਕ ਮੌਕੇ ਪੰਜਾਬ ਸਰਕਾਰ ਵੱਲੋਂ ਆਯੋਜਿਤ ਵੱਖ-ਵੱਖ ਸਮਾਗਮਾਂ ਦੇ ਹਿੱਸੇ ਵਜੋਂ ਕੈਪਟਨ ਅਮਰਿੰਦਰ ਸਿੰਘ ਇੱਥੇ ਕੱਲ ਪਹੁੰਚੇ ਸਨ। ਉਨ੍ਹਾਂ ਦੇ ਨਾਲ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੀ ਸ਼ਾਮਲ ਸਨ। ਉਨ੍ਹਾਂ ਨੇ ਹਜ਼ਾਰਾਂ ਹੋਰ ਲੋਕਾਂ ਦੇ ਨਾਲ ਮਿਲ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਵਾਸਤੇ ਪਿਛਲੀ ਸ਼ਾਮ ਇਤਿਹਾਸਕ ਕੈਂਡਲ ਮਾਰਚ ਵੀ ਕੀਤਾ। ਮੁੱਖ ਮੰਤਰੀ ਕੱਲ ਰਾਹੁਲ ਗਾਂਧੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵੀ ਗਏ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply