ਉਪ ਰਾਸ਼ਟਰਪਤੀ ਨਾਇਡੂ ਨੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ
ਅੰਮ੍ਰਿਤਸਰ, 13 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਅੱਜ ਅੰਮਿ੍ਰਤਸਰ ਸਥਿਤ ਜਲ੍ਹਿਆਂਵਾਲਾ ਬਾਗ ਸਮਾਰਕ ਦੇ ਦਰਸ਼ਨ ਕੀਤੇ ਅਤੇ ਮਨੁੱਖੀ ਇਤਿਹਾਸ ਦੇ ਇਸ ਵਹਿਸ਼ੀ ਕਤਲ ਕਾਂਡ ਦੇ 100 ਵਰ੍ਹੇ ਪੂਰੇ ਹੋਣ ਦੇ ਮੌਕੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਇਹ ਤ੍ਰਾਸਦੀ ਭਾਰਤ ਵਿਚ ਬ੍ਰਿਟਿਸ਼ ਬਸਤੀਵਾਦ ਦਾ ਸਭ ਤੋਂ ਵੱਡਾ ਖੂਨ ਨਾਲ ਰੰਗਿਆ ਅਧਿਆਏ ਸੀ।ਉਪ ਰਾਸ਼ਟਰਪਤੀ ਨੂੰ ਸਮਾਰਕ ਦੀ ਸਥਿਤੀ ਸੁਧਾਰਨ, ਵਿਕਾਸ ਅਤੇ ਵਿਸਤਾਰ ਪ੍ਰਾਜੈਕਟਾਂ ਦੀ ਜਾਣਕਾਰੀ ਵੀ ਦਿੱਤੀ ਗਈ।
ਉਪ ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਦੀ ਤ੍ਰਾਸਦੀ ਦੇ 100 ਸਾਲ ਪੂਰੇ ਹੋਣ ਦੇ ਮੌਕੇ ਆਯੋਜਿਤ ਪ੍ਰਾਰਥਨਾ ਸਭਾ ਵਿਚ ਵੀ ਹਿੱਸਾ ਲਿਆ।ਉਨ੍ਹਾਂ ਇਸ ਸਮੇਂ ਵਿਸ਼ੇਸ਼ ਯਾਦਗਾਰੀ ਟਿਕਟ ਅਤੇ ਸਿੱਕਾ ਵੀ ਜਾਰੀ ਕੀਤੇ।
ਨਾਇਡੂ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਜਲ੍ਹਿਆਂਵਾਲਾ ਬਾਗ ਸਾਨੂੰ ਯਾਦ ਦਿਵਾਉਦਾ ਹੈ ਕਿ ਸਾਡੀ ਆਜ਼ਾਦੀ ਕਿੰਨੇ ਬਲਿਦਾਨਾਂ ਦੀ ਕੀਮਤ `ਤੇ ਹਾਸਲ ਹੋਈ ਹੈ।ਉਨ੍ਹਾਂ ਕਿਹਾ ਕਿ ਇਹ ਮੌਕਾ ਹਰ ਉਸ ਬੇਦੋਸ਼ੇ, ਬੇਸਹਾਰਾ ਭਾਰਤੀ ਸ਼ਹਿਰੀ ਦੀ ਯਾਦ ਵਿੱਚ ਹੰਝੂ ਭਰੀ ਮੌਨ ਸ਼ਰਧਾਂਜਲੀ ਅਰਪਿਤ ਕਰਨ ਦਾ ਹੈ ਜਿਸ ਨੇ 1919 ਵਿੱਚ ਵਿਸਾਖੀ ਦੇ ਇਸ ਦਿਨ ਜਲ੍ਹਿਆਂਵਾਲਾ ਬਾਗ ਕਤਲਕਾਂਡ ਵਿੱਚ ਆਪਣੀ ਜਾਨ ਵਾਰੀ। ਇਹ ਦੁੱਖ ਭਰਿਆ ਮੌਕਾ ਬਸਤੀਵਾਦੀ ਅੰਗ੍ਰੇਜ਼ੀ ਹਕੂਮਤ ਦੇ ਵਹਿਸ਼ੀਪਨ ਉੱਤੇ ਵਿਚਾਰ ਕਰਨ ਦਾ ਹੈ।
ਸੋਸ਼ਲ ਮੀਡੀਆ ਰਾਹੀਂ ਆਪਣੇ ਸੰਦੇਸ਼ ਵਿਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਗੈਰ ਮਨੁੱਖੀ ਤ੍ਰਾਸਦੀ ਦੇ 100 ਸਾਲ ਬੀਤ ਜਾਣ ਤੋਂ ਬਾਅਦ ਵੀ ਉਸ ਦੀ ਪੀੜ ਹਰ ਭਾਰਤੀ ਅੱਜ ਵੀ ਆਪਣੇ ਦਿਲਾਂ ਵਿੱਚ ਮਹਿਸੂਸ ਕਰਦਾ ਹੈ।ਉਨ੍ਹਾਂ ਕਿਹਾ, ‘ਇਤਿਹਾਸ ਘਟਨਾਵਾਂ ਦਾ ਸਿਲਸਿਲੇਵਾਰ ਇਕੱਠ ਹੀ ਨਹੀਂ ਹੈ, ਉਹ ਇਹ ਵੀ ਦਰਸਾਉਦਾ ਹੈ ਕਿ ਲੰਬੇ ਇਤਿਹਾਸ ਵਿੱਚ ਮਾੜੀ ਮਾਨਸਿਕਤਾ ਕਿਸ ਹੱਦ ਤੱਕ ਡਿੱਗ ਸਕਦੀ ਹੈ।ਇਤਿਹਾਸ ਸਾਨੂੰ ਆਪਣੀਆਂ ਗਲਤੀਆਂ ਤੋਂ ਸਿੱਖਿਆ ਲੈਣ ਲਈ ਸੁਚੇਤ ਵੀ ਕਰਦਾ ਹੈ ਅਤੇ ਸਿਖਾਉਂਦਾ ਹੈ ਕਿ ਵਹਿਸ਼ੀ ਜ਼ੁਲਮਾਂ ਦੀ ਉਮਰ ਘੱਟ ਹੀ ਹੁੰਦੀ ਹੈ।’
ਉਨ੍ਹਾਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਤੋਂ ਸਿੱਖਿਆ ਲੈ ਕੇ ਮਨੁੱਖਤਾ ਨੂੰ ਇੱਕ ਬੇਹਤਰ ਭਵਿੱਖ ਦੇਣ ਦੀ ਦਿਸ਼ਾ ਵਿੱਚ ਯਤਨ ਕਰਨ।ਉਨ੍ਹਾਂ ਕਿਹਾ ਕਿ ਵਿਸ਼ਵ ਭਾਈਚਾਰਾ ਦੁਨੀਆਂ ਦੇ ਹਰ ਕੋਨੇ ਵਿੱਚ ਸਥਾਈ ਸ਼ਾਂਤੀ ਕਾਇਮ ਕਰਨ ਲਈ ਸਾਂਝੀ ਕੋਸ਼ਿਸ਼ ਕਰੇ।ਉਨ੍ਹਾਂ ਕਿਹਾ ਕਿ ਸਕੂਲ ਤੋਂ ਲੈ ਕੇ ਦੁਨੀਆ ਦੇ ਨੇਤਾਵਾਂ ਦੀਆਂ ਉੱਚ ਪੱਧਰੀ ਸਿਖਰ ਵਾਰਤਾਵਾਂ ਤੱਕ, ਹਰ ਸਮੇਂ ਅਤੇ ਹਰ ਪੱਧਰ ’ਤੇ ਇੱਕ ਸਥਾਈ ਨਿਰੰਤਰ ਅਤੇ ਕੁਦਰਤ ਅਨੁਸਾਰ ਵਿਕਾਸ ਹੀ ਸਾਡਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।
ਉਨ੍ਹਾਂ ਕਿਹਾ, ‘ਬਿਨਾਂ ਸ਼ਾਂਤੀ ਦੇ ਵਿਕਾਸ ਸੰਭਵ ਨਹੀਂ ਹੈ।’ ਉਪ ਰਾਸ਼ਟਰਪਤੀ ਨੇ ਬੇਨਤੀ ਕੀਤੀ ਕਿ ਦੁਨੀਆ ਦੇ ਦੇਸ਼ ਇੱਕ ਨਵੀਂ ਅਤੇ ਬਰਾਬਰ ਦੀ ਵਿਸ਼ਵ ਵਿਵਸਥਾ ਸਥਾਪਤ ਕਰਨ ਜਿਥੇ ਸੱਤਾ, ਸ਼ਕਤੀ ਅਤੇ ਜ਼ਿੰਮੇਵਾਰੀ ਸਾਂਝੀ ਹੋਵੇ, ਸਭ ਦੇ ਵਿਚਾਰ ਅਤੇ ਪ੍ਰਗਟਾਵੇ ਨੂੰ ਸਨਮਾਨ ਨਾਲ ਸੁਣਿਆ ਜਾਵੇ, ਕੁਦਰਤੀ ਜਾਇਦਾਦ ਅਤੇ ਧਰਤੀ ਦੇ ਸੋਮੇ ਵੀ ਸਾਂਝੇ ਹੋਣ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਮਨੁੱਖ ਦੀ ਉਸ ਬੇਮਿਸਾਲ ਦਲੇਰੀ ਦੀ ਯਾਦ ਦਿਵਾਉਦਾ ਹੈ ਜਿਸ ਨੇ ਗੋਲੀਆਂ ਦੀ ਵਾਛੜ ਦੇ ਸਾਹਮਣੇ ਵੀ ਸ਼ਾਂਤੀ ਅਤੇ ਆਜ਼ਾਦੀ ਦਾ ਝੰਡਾ ਬੁਲੰਦ ਰੱਖਿਆ।ਇਹ ਮੌਕਾ ਸਾਨੂੰ ਯਾਦ ਦਿਵਾਉਦਾ ਹੈ ਕਿ ਸਾਡੀ ਆਜ਼ਾਦੀ ਕਿੰਨੇ ਹੀ ਬਲਿਦਾਨਾਂ ਦੀ ਕੀਮਤ ਉੱਤੇ ਮਿਲੀ ਹੈ। ਉਨ੍ਹਾਂ ਕਿਹਾ, ‘‘ਅੱਜ ਉਨ੍ਹਾਂ ਸ਼ਹੀਦਾਂ ਦੀ ਯਾਦ ਵਿੱਚ ਹੰਝੂਆਂ ਭਰੀ ਮੌਨ ਸ਼ਰਧਾਂਜਲੀ ਦੇਣ ਦਾ ਮੌਕਾ ਹੈ ਜਿਨ੍ਹਾਂ ਨੇ 1919 ਵਿੱਚ ਅੱਜ ਦੇ ਵਿਸਾਖੀ ਵਾਲੇ ਦਿਨ ਆਪਣੀਆਂ ਜਾਨਾਂ ਵਾਰੀਆਂ ਸਨ।’’
ਉਪ ਰਾਸ਼ਟਰਪਤੀ ਨੇ ਉਮੀਦ ਪ੍ਰਗਟਾਈ ਕਿ ਅੱਜ ਦਾ ਦਿਨ ਸਾਨੂੰ ਸ਼ੋਸ਼ਣ ਅਤੇ ਦਮਨ ਤੋਂ ਮੁਕਤ ਦੁਨੀਆ ਦਾ ਨਿਰਮਾਣ ਕਰਨ ਦੀ ਦਿਸ਼ਾ ਵਿੱਚ ਯਤਨ ਕਰਨ ਲਈ ਪ੍ਰੇਰਿਤ ਕਰੇਗਾ।ਇੱਕ ਅਜਿਹੀ ਦੁਨੀਆ ਜਿਥੇ ਮਿਤਰਤਾ, ਸ਼ਾਂਤੀ ਅਤੇ ਵਿਕਾਸ ਪਣਪੇ, ਜਿਥੇ ਸਾਰੇ ਦੇਸ਼ ਗੈਰ ਮਨੁੱਖੀ ਅੱਤਵਾਦ ਅਤੇ ਹਿੰਸਾ ਦੀਆਂ ਸ਼ਕਤੀਆਂ ਵਿਰੁੱਧ ਸਾਂਝੀ ਕਾਰਵਾਈ ਕਰਨ।
ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਅਸੀਂ ਵਸੂਧੈਵ ਕੁਟੁੰਬਕਮ ਦੇ ਭਾਰਤ ਦੇ ਪ੍ਰਾਚੀਨ ਆਦਰਸ਼ ਪ੍ਰਤੀ ਸੰਕਲਪਬੱਧ ਹੋਈਏ।
ਉੱਪ ਰਾਸ਼ਟਰਪਤੀ ਨੇ ਜਲ੍ਹਿਆਂਵਾਲਾ ਬਾਗ ਬਾਰੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਬਿੳੂਰੋ ਆਫ ਆੳੂਟਰੀਚ ਐਂਡ ਕਮਿੳੂਨਿਕੇਸ਼ਨ ਦੇ ਖੇਤਰੀ ਬਿੳੂਰੋ ਵੱਲੋਂ ਆਯੋਜਿਤ ਫੋਟੋ ਪ੍ਰਦਰਸ਼ਨੀ ਵੀ ਵੇਖੀ। ਪ੍ਰਦਰਸ਼ਨੀ ਦੇ 45 ਪੈਨਲਾਂ ਵਿੱਚ ਜਲ੍ਹਿਆਂਵਾਲਾ ਬਾਗ ਤ੍ਰਾਸਦੀ ਦੇ ਵੱਖ ਵੱਖ ਇਤਿਹਾਸਕ ਪਹਿਲੂਆਂ ਜਿਵੇਂ ਕਿ ਤਤਕਾਲੀ ਅਖਬਾਰਾਂ ਵਿੱਚ ਪ੍ਰਕਾਸ਼ਤ ਖਬਰਾਂ, ਮਹਾਤਮਾ ਗਾਂਧੀ, ਗੁਰੂਦੇਵ ਰਵਿੰਦਰਨਾਥ ਟੈਗੋਰ ਦੇ ਪੱਤਰਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਆਜ਼ਾਦ ਭਾਰਤ ਦੇ ਵਿਕਾਸ ਦੀਆਂ ਅਹਿਮ ਪ੍ਰਾਪਤੀਆਂ ਨੂੰ ਵੀ ਇਸ ਵਿੱਚ ਦਰਸਾਇਆ ਗਿਆ ਹੈ।
ਇਸ ਮੌਕੇ ਉੱਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ, ਸੱਭਿਆਚਾਰ ਮੰਤਰਾਲਾ ਦੇ ਸਕੱਤਰ ਅਰੁਣ ਗੋਇਲ ਅਤੇ ਕੇਂਦਰੀ ਅਤੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …