Sunday, March 22, 2026

ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸੈਮੀਨਾਰ ਆਯੋਜਿਤ

PPN1404201920ਤਲਵੰਡੀ ਸਾਬੋ, 14 ਅਪ੍ਰੈਲ (ਪੰਜਾਬ ਪੋਸਟ – ਡਾ. ਨਵਸੰਗੀਤ ਸਿੰਘ) – ਸਥਾਨਕ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੀ ਰਹਿਨਮਾਈ ਹੇਠ ਕਾਲਜ ਦੇ ਪੋਲੀਟੀਕਲ ਸਾਇੰਸ ਵਿਭਾਗ ਵਲੋਂ “ਖਾਲਸਾ ਸਾਜਨਾ ਦਿਵਸ: ਲੋਕਤੰਤਰ ਦੀ ਆਧਾਰਸ਼ਿਲਾ” ਵਿਸ਼ੇ `ਤੇ ਸੈਮੀਨਾਰ ਕਰਵਾਇਆ ਗਿਆ।
ਇਸ ਦੀ ਸ਼ੁਰੂਆਤ ਕਾਰਜਕਾਰੀ ਪ੍ਰਿੰਸੀਪਲ ਡਾ. ਸਤਿੰਦਰ ਕੌਰ ਨੇ ਖਾਲਸਾ ਸਾਜਨਾ ਦਿਵਸ ਸਬੰਧੀ ਡਾ. ਹਰਿਭਜਨ ਸਿੰਘ ਦੀ ਲਿਖੀ ਹੋਈ ਕਵਿਤਾ (ਤੇਰੇ ਹਜ਼ੂਰ ਮੇਰੀ ਹਾਜ਼ਰੀ ਦੀ ਦਾਸਤਾਨ) ਪੜ੍ਹ ਕੇ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਧਾਂਤ ਦੀ ਥਾਂ ਵਿਵਹਾਰ `ਤੇ ਜ਼ੋਰ ਦੇਣ ਲਈ ਕਿਹਾ।ਵਿਭਾਗ ਦੇ ਮੁਖੀ ਡਾ. ਕੁਲਦੀਪ ਕੌਰ ਨੇ ਸਪੱਸ਼ਟ ਕੀਤਾ ਕਿ ਗੁਰੂ ਜੀ ਨੇ ਖ਼ਾਲਸਾ ਸਾਜ ਕੇ ਸਾਰੀਆਂ ਜਾਤਾਂ- ਪਾਤਾਂ, ਧਾਰਮਿਕ, ਆਰਥਕ, ਅਧਿਆਤਮਕ ਅਸਮਾਨਤਾਵਾਂ ਨੂੰ ਖਤਮ ਕਰਕੇ ਸ਼ੁੱਧ ਲੋਕਤੰਤਰ ਦੀ ਸਥਾਪਨਾ ਕੀਤੀ, ਪਰ ਅੱਜ ਲੋਕਤੰਤਰ ਦੇ ਸਾਹਮਣੇ ਬਹੁਤ ਚੁਣੌਤੀਆਂ ਹਨ।ਇਸ ਸੈਮੀਨਾਰ ਵਿੱਚ ਕੱਲ 19 ਵਿਦਿਆਰਥਣਾਂ ਨੇ ਵੱਖ-ਵੱਖ ਵਿਸ਼ਿਆਂ `ਤੇ ਆਪਣੇ ਵਿਚਾਰ ਪੇਸ਼ ਕੀਤੇ। ਜਿਨ੍ਹਾਂ ਵਿੱਚ ਬੀ.ਏ ਭਾਗ ਪਹਿਲਾ, ਦੂਜਾ ਤੇ ਤੀਜਾ ਅਤੇ ਐਮ.ਏ ਪੋਲੀਟੀਕਲ ਸਾਇੰਸ ਭਾਗ ਪਹਿਲਾ ਤੇ ਦੂਜਾ ਦੇ ਵਿਦਿਆਰਥੀਆਂ ਨੇ ਕਿਸਾਨ ਖ਼ੁਦਕੁਸ਼ੀਆਂ, ਵਾਤਾਵਰਨ ਪ੍ਰਦੂਸ਼ਣ, ਔਰਤ ਦੀ ਸੁਰੱਖਿਆ, ਰਾਜਨੀਤਕ ਭ੍ਰਿਸ਼ਟਾਚਾਰ, ਨਾਰੀਵਾਦ, ਇਸਤਰੀ ਦਾ ਯੋਗਦਾਨ, ਜਾਤੀ ਅਤੇ ਰਾਜਨੀਤੀ, ਵਧ ਰਹੇ ਅੱਤਵਾਦ ਦੀ ਸਮੱਸਿਆ, ਨਸ਼ਿਆਂ ਦੇ ਖਿਲਾਫ ਐਨ.ਜੀ.ਓ ਅਤੇ ਆਮ ਲੋਕਾਂ ਦੀ ਭੂਮਿਕਾ, ਵੋਟ ਦੀ ਸਹੀ ਵਰਤੋਂ, ਕਿਸਾਨਾਂ ਤੇ ਕਰਜ਼ੇ ਦੀ ਸਮੱਸਿਆ, ਸੂਟ ਹੀ ਨਹੀਂ ਵੋਟ ਵੀ ਮਰਜ਼ੀ ਦੀ ਪਾਓ ਆਦਿ ਬਾਰੇ ਵਿਚਾਰ ਪੇਸ਼ ਕੀਤੇ।
ਇਸ ਤੋਂ ਇਲਾਵਾ ਵਿਦਿਆਰਥੀਆਂ ਨੇ 1699 ਦੀ ਵਿਸਾਖੀ `ਤੇ ਵੀ ਭਾਸ਼ਣ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਜੱਜਾਂ ਦੀ ਭੂਮਿਕਾ ਡਾ. ਮਨੋਰਮਾ ਸਮਾਘ ਡੀਨ ਸਟੂਡੈਂਟਸ ਵੈਲਫੇਅਰ, ਪ੍ਰੋ. ਇੰਦਰਜੀਤ ਕੌਰ ਮੁਖੀ, ਕੰਪਿਊਟਰ ਵਿਭਾਗ, ਪ੍ਰੋ. ਰਮਨਜੀਤ ਕੌਰ ਧਰਮ ਅਧਿਐਨ ਵਿਭਾਗ ਨੇ ਨਿਭਾਈ।ਡਾ. ਸਤਿੰਦਰ ਕੌਰ ਅਤੇ ਹੋਰ ਅਧਿਆਪਕਾਂ ਨੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ `ਤੇ ਆਏ ਵਿਦਿਆਰਥੀਆਂ ਗੁਰਪ੍ਰੀਤ ਕੌਰ ਬੀ.ਏ (ਪਹਿਲਾ ਸਥਾਨ), ਸੁਖਦੀਪ ਕੌਰ ਐਮ.ਏ ਪੋਲੀਟੀਕਲ ਸਾਇੰਸ ਅਤੇ ਮਨਪ੍ਰੀਤ ਕੌਰ ਬੀ.ਏ (ਦੋਵੇਂ ਦੂਜਾ ਸਥਾਨ) ਅਤੇ ਮੋਨੂੰ ਬੀ.ਏ (ਤੀਜਾ ਸਥਾਨ) ਨੂੰ ਇਨਾਮ ਤਕਸੀਮ ਕੀਤੇ। ਜਦਕਿ ਨਵਜੋਤ ਕੌਰ ਬੀ.ਏ ਨੂੰ ਖਾਲਸਾ ਸਾਜਨਾ ਸਬੰਧੀ ਕਵਿਤਾ ਪੇਸ਼ ਕਰਨ ਲਈ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ।
ਇਸ ਸਮਾਗਮ ਵਿੱਚ ਪ੍ਰੋ. ਸਿਮਰਜੀਤ ਕੌਰ, ਪ੍ਰੋ. ਅਮਨਪਾਲ ਕੌਰ, ਪ੍ਰੋ. ਗੁਰਮੀਤ ਕੌਰ, ਪ੍ਰੋ. ਵਰਿੰਦਰ ਕੌਰ, ਪ੍ਰੋ. ਨੀਤੂ ਰਾਣੀ ਅਤੇ ਪ੍ਰੋ. ਗੁਰਜੀਤ ਸਿੰਘ ਦੀ ਵਿਸ਼ੇਸ਼ ਸ਼ਮੂਲੀਅਤ ਰਹੀ।ਜਜਮੈਂਟ ਸੁਣਾਉਂਦੇ ਹੋਏ ਡਾ. ਮਨੋਰਮਾ ਸਮਾਘ ਨੇ ਗੁਰੂ ਸਾਹਿਬਾਨ ਦੀ ਸਿੱਖਿਆ ਤੇ ਚੱਲਦਿਆਂ ਆਪਾ ਚੀਨਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਅੰਤ `ਚ ਵਿਭਾਗ ਮੁਖੀ ਡਾ. ਕੁਲਦੀਪ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਗਮ ਦੀ ਸਫਲਤਾ ਲਈ ਆਪੋ ਆਪਣਾ ਯੋਗਦਾਨ ਦਿੱਤਾ।ਮੰਚ ਸੰਚਾਲਨ ਪ੍ਰੋ. ਗਗਨਦੀਪ ਕੌਰ ਪੋਲੀਟੀਕਲ ਸਾਇੰਸ ਵਿਭਾਗ ਨੇ ਕੀਤਾ।
   
 

Check Also

ਹਲਕਾ ਜੰਡਿਆਲਾ ਗੁਰੂ ਤੋਂ ਆਮ ਆਦਮੀ ਪਾਰਟੀ ਨੂੰ ਮਿਲਿਆ ਭਰਵਾਂ ਹੁੰਗਾਰਾ – ਕੈਬਨਿਟ ਮੰਤਰੀ ਈ.ਟੀ.ਓ

ਅੰਮ੍ਰਿਤਸਰ, 21 ਮਾਰਚ (ਸੁਖਬੀਰ ਸਿੰਘ) – ਹਲਕਾ ਜੰਡਿਆਲਾ ਗੁਰੂ ਦੇ ਪਿੰਡ ਰਾਏਪੁਰ ਕਲਾਂ ਤੋਂ ਪੰਜਾਬ …

Leave a Reply