
ਅੰਮ੍ਰਿਤਸਰ, 12 ਸਤੰਬਰ (ਗੁਰਪ੍ਰੀਤ ਸਿੰਘ) – ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਜੰਮੂ-ਕਸ਼ਮੀਰ ਵਿਚ ਆਈ ਕੁਦਰਤੀ ਕਰੋਪੀ ਸਬੰਧੀ ਬੋਲਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹੜ੍ਹਾਂ ਦੀ ਮਾਰ ਹੇਠ ਬਹੁਤ ਜਿਆਦਾ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਜਿਸ ਵਿਚ ਦੇਸ਼-ਵਿਦੇਸ਼ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਯਥਾ-ਯੋਗ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ। ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਬਿਪਤਾ ਦੇ ਸਮੇਂ ਵਿਚ ਉੱਦਮ ਕਰਕੇ ਰਾਹਤ ਕੈਂਪ ਲਗਾਏ ਗਏ ਹਨ, ਜਿਸ ਵਿਚ ਹੜ੍ਹ ਪੀੜਤਾਂ ਲਈ ਡਾਕਟਰੀ ਸਹਾਇਤਾ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸੇਵਾ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਵੱਲੋਂ ਵੀ ਦੋ-ਦੋ ਦਿਨ ਦੀ ਤਨਖਾਹ ਦਾਨ ਵਜੋਂ ਦਿੱਤੀ ਗਈ ਹੈ, ਜੋ ਇੱਕ ਸ਼ਲਾਘਾਯੋਗ ਕਦਮ ਹੈ।
ਸਿੰਘ ਸਾਹਿਬ ਜੀ ਨੇ ਬੋਲਦਿਆਂ ਕਿਹਾ ਕਿ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਵੀ ਦਿਲ ਖੋਲ ਕੇ ਇਸ ਕੁਦਰਤੀ ਆਈ ਬਿਪਤਾ ਦੇ ਸਮੇਂ ਵਿਚ ਹੜ੍ਹ ਪੀੜ੍ਹਤਾਂ ਲਈ ਵੱਧ ਤੋਂ ਵੱਧ ਫੰਡ ਅਤੇ ਹੋਰ ਸਾਜੋ-ਸਮਾਨ ਭੇਜ ਕੇ ਇਨ੍ਹਾਂ ਬੇ-ਘਰੇ ਲੋਕਾਂ ਦੀ ਇਮਦਾਦ ਕਰੇ। ਸਿੰਘ ਸਾਹਿਬ ਜੀ ਨੇ ਸਿੱਖ ਗੁਰੂ ਸਾਹਿਬਾਨ ਵੱਲੋਂ ਦਿੱਤੇ ਸਾਂਝੀਵਾਲਤਾ ਦੇ ਉਪਦੇਸ਼ ਉਪਰ ਚੱਲਣ ਲਈ ਸੰਗਤਾਂ ਨੂੰ ਪ੍ਰੇਰਦਿਆਂ ਕਿਹਾ ਕਿ ਇਸ ਸਮੇਂ ਹਰ ਪ੍ਰਾਣੀ ਧਰਮ, ਜਾਤ, ਫਿਰਕੇ ਵਿਚੋਂ ਉਪਰ ਉੱਠ ਕੇ ਹੜ੍ਹ ਪੀੜਤਾਂ ਦੀ ਇਮਦਾਦ ਲਈ ਅੱਗੇ ਆਵੇ, ਜਿਸ ਨਾਲ ਪ੍ਰਮਾਤਮਾਂ ਦੀ ਵਸਾਈ ਹੋਈ ਇਸ ਲੋਕਾਈ ਦਾ ਭਲਾ ਹੋ ਸਕੇ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media