ਭੀਖੀ/ ਮਾਨਸਾ 23 ਅਪ੍ਰੈਲ (ਪੰਜਾਬ ਪੋਸਟ – ਕਮਲ ਜ਼ਿੰਦਲ) – ਜਿ਼ਲ੍ਹੇ ਵਿਚ ਡੇਂਗੂ ਮੱਛਰ ਦੀ ਰੋਕਥਾਮ ਅਤੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਡਿਪਟੀ
ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਅੱਜ ਸਿਹਤ ਵਿਭਾਗ ਅਤੇ ਕਾਰਜਸਾਧਕ ਅਫਸਰਾਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦਿਸ਼ਾ ਨਿਰਦੇਸ਼ ਦਿੰਦਿਆਂ ਕਿਹਾ ਕਿ ਪਿੰਡਾਂ ਅਤੇੇ ਸ਼ਹਿਰੀ ਇਲਾਕਿਆਂ ਵਿਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਲਈ ਟੀਮਾਂ ਨਿਯੁੱਕਤ ਕੀਤੀਆਂ ਜਾਣ ਅਤੇ ਉਨ੍ਹਾ ਟੀਮਾਂ ਨੂੰ ਸਿਹਤ ਵਿਭਾਗ ਵਲੋਂ ਮੁਕੰਮਲ ਟਰੇਨਿੰਗ ਦਿੱਤੀ ਜਾਵੇ।ਉਨ੍ਹਾਂ ਕਿਹਾ ਕਿ ਚੈਕਿੰਗ ਦਾ ਰਿਕਾਰਡ ਇਕ ਫਾਰਮੈਟ ਅਤੇ ਫੋਟੋਆਂ ਵਿਚ ਰੱਖਿਆ ਜਾਵੇ।ਉਨ੍ਹਾਂ ਨਾਲ ਹੀ ਕਿਹਾ ਕਿ ਡੇਂਗੂ ਦਾ ਲਾਰਵਾ ਮਿਲਣ ਤੇ ਚਲਾਣ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਇਸ ਦਾ ਰਿਕਾਰਡ ਮੇਨਟੇਨ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਮਾਨਸਾ ਜਿ਼ਲ੍ਹੇ ਦੇ 5000 ਘਰਾਂ ਦੀ ਚੈਕਿੰਗ ਕੀਤੀ ਜਾ ਚੁੱਕੀ ਹੈ, ਜਿੰਨ੍ਹਾਂ ਵਿਚੋਂ 14 ਘਰਾਂ ਵਿਚ ਡੇਂਗੂ ਦਾ ਲਾਰਵਾ ਪਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਡੇਂਗੂ ਦੇ ਲਾਰਵੇ ਵਾਲੀਆਂ ਅਜਿਹੀਆਂ ਥਾਵਾਂ ਦੇ ਚਲਾਣ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦੇ ਕੂਲਰ, ਫਰਿਜ਼ ਆਦਿ ਦਾ ਪਾਣੀ ਹਰ ਹਫ਼ਤੇ ਸਾਫ਼ ਕਰਨ ਅਤੇ ਘਰ ਵਿਚ ਪਏ ਟਾਇਰ ਜਾਂ ਹੋਰ ਖਾਲੀ ਬਰਤਨਾਂ ਵਿੱਚ ਪਾਣੀ ਨਾ ਖੜਾ ਹੋਣ ਦੇਣ ਤਾਂ ਜੋ ਡੇਂਗੂ ਦੇ ਲਾਰਵੇ ਨੂੰ ਪਲਣ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਵਪਾਰਕ, ਰਿਹਾਇਸ਼ੀ ਇਲਾਕਿਆਂ ਅਤੇ ਸਕੂਲ, ਕਾਲਜਾਂ, ਹਸਪਤਾਲਾਂ ਅਤੇ ਹੋਰ ਸੰਸਥਾਵਾਂ ਵਿਚ ਡੇਂਗੂ ਦਾ ਲਾਰਵਾ ਚੈਕ ਕੀਤਾ ਜਾਵੇ।ਉਨ੍ਹਾਂ ਕਾਰਜਸਾਧਕ ਅਫਸਰਾਂ ਨੂੰ ਮੱਛਰ ਦੀ ਰੋਕਥਾਮ ਲਈ ਫੋਗਿੰਗ ਕਰਨ ਦੀ ਹਦਾਇਤ ਕੀਤੀ।ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ ਸਰਦੂਲਗੜ੍ਹ ਲਤੀਫ ਅਹਿਮਦ, ਐਸ.ਡੀ.ਐਮ ਬੁਢਲਾਡਾ ਆਦਿਤਯ ਢਚਵਾਲ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਸਹਾਇਕ ਸਿਵਲ ਸਰਜਨ ਸੁਰਿੰਦਰ ਸਿੰਘ, ਜਿਲ੍ਹਾ ਐਪੀਡੀਮਾਲੋਜਿਸਟ ਸੰਤੋਸ਼ ਭਾਰਤੀ ਅਤੇ ਕਾਰਜਸਾਧਕ ਅਫ਼ਸਰ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media