ਅੰਮ੍ਰਿਤਸਰ, 24 ਅਪ੍ਰੈਲ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਵੱਲੋਂ ‘ਪੰਜਾਬੀ ਨਾਵਲ ਦਾ ਵਿਧਾ-
ਸ਼ਾਸਤਰ’ ਵਿਸ਼ੇ ’ਤੇ ਗੋਸ਼ਟੀ ਕਰਵਾਈ ਗਈ।ਇਸ ’ਚ ਗਲਪ ਖੇਤਰ ਦੇ ਮਾਹਿਰ ਵਿਦਵਾਨਾਂ ਤੇ ਸਿਰਜਕਾਂ ਡਾ. ਪਰਮਜੀਤ ਜੱਜ, ਪ੍ਰੋਫ਼ੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਡਾ. ਰਜਨੀਸ਼ ਬਹਾਦਰ ਸਿੰਘ, ਪ੍ਰੋਫ਼ੈਸਰ ਡੀ.ਏ.ਵੀ ਕਾਲਜ ਜਲੰਧਰ, ਬਲਬੀਰ ਪਰਵਾਨਾ ਸੰਪਾਦਕ ਨਵਾਂ ਜ਼ਮਾਨਾ ਜਲੰਧਰ, ਡਾ. ਕੁਲਵੰਤ ਸਿੰਘ ਸੰਧੂ ਪ੍ਰੋਫ਼ੈਸਰ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ, ਜੱਸ ਮੰਡ ਅਤੇ ਪੰਜਾਬੀ ਵਿਭਾਗ ਦੇ ਅਧਿਆਪਕ ਸਾਹਿਬਾਨ ਨੇ ਸਬੰਧਿਤ ਵਿਸ਼ੇ ’ਤੇ ਨਿੱਠ ਕੇ ਵਿਚਾਰ-ਚਰਚਾ ਕੀਤੀ।
ਗੋਸ਼ਟੀ ਦੇ ਆਰੰਭ ’ਚ ਸਭ ਤੋਂ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਗੋਸ਼ਟੀ ’ਚ ਸ਼ਾਮਲ ਵਿਦਵਾਨਾਂ ਤੇ ਸਿਰਜਣਾਤਮਕ ਲੇਖਕਾਂ ਨੂੰ ਜੀ ਆਇਆ ਕਹਿੰਦਿਆਂ ਕਿਹਾ ਕਿ ਗਲਪ ਸੰਬੰਧੀ ਖੋਜ ਤੇ ਮੁੱਲਾਂਕਣ ਸਮੇਂ ਵਧੇਰੇ ਜ਼ੋਰ ਸਰੋਕਾਰਾਂ ’ਤੇ ਦਿੱਤਾ ਜਾ ਰਿਹਾ ਹੈ।ਇਸ ਦੇ ਮੁਕਾਬਲੇ ਨਾਵਲ ਦੇ ਕਲਾਤਮਕ ਪੱਖ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਗੋਸ਼ਟੀ ਨਾਵਲ ਦੇ ਖੇਤਰ ਨਾਲ ਸਬੰਧਿਤ ਪਹਿਲਾ ਯਤਨ ਹੈ।ਡਾ. ਰਜਨੀਸ਼ ਬਹਾਦਰ ਨੇ ਨਾਵਲ ਦੇ ਵਸਤੂਗਤ ਪਾਸਾਰ ਦੇ ਨਾਲ-ਨਾਲ ਵਿਧਾਗਤ ਤੱਤਾਂ ’ਤੇ ਕੇਂਦਰ ਕਰਨ ਲਈ ਕਿਹਾ। ਪੱਛਮੀ ਨਾਵਲ ਦੇ ਸੰਦਰਭ ’ਚ ਗੱਲ ਕਰਦਿਆਂ ਪਰਮਜੀਤ ਜੱਜ ਨੇ ਕਿਹਾ ਕਿ ਨਾਵਲਕਾਰ ਬਣੇ-ਬਣਾਏ ਚੌਖਟੇ ਨੂੰ ਤੋੜ ਕੇ ਕੁਝ ਨਵਾਂ ਸਿਰਜਣ ਦਾ ਯਤਨ ਕਰਦਾ ਹੈ, ਇਸ ਨੁਕਤੇ ’ਤੇ ਧਿਆਨ ਦੇਣ ਕਰਕੇ ਨਾਵਲਕਾਰ ਆਲੋਚਕ ਤੋਂ ਇਕ ਕਦਮ ਅੱਗੇ ਹੁੰਦਾ ਹੈ।ਡਾ. ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬੀ ਨਾਵਲ ਦੀ ਸਿਰਜਣਾ ਵੇਲੇ ਅਸੀਂ ਪੱਛਮੀ ਸਰੂਪ ਨੂੰ ਮਨੋਰਥ ਵਜੋਂ ਵਰਤਦੇ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦਾ ਨਾਵਲ ਪੰਜਾਬ ਦੇ ਤੱਤਕਾਲੀ ਸੰਕਟ ਨੂੰ ਢੁਕਵੇਂ ਰੂਪ ’ਚ ਮੁਖ਼ਾਤਿਬ ਨਹੀਂ ਹੋ ਰਿਹਾ।ਬਲਬੀਰ ਪਰਵਾਨਾ ਨੇ ਕਿਹਾ ਕਿ ਨਾਵਲਕਾਰ ਦਾ ਚਿੰਤਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਨਾਵਲਕਾਰ ਦੁਆਰਾ ਵਰਤੇ ਗਏ ਸ਼ਬਦਾਂ ਪਿੱਛੇ ਇਕ ਤੰਦਰੁਸਤ ਸਮਾਜ ਦਾ ਸੁਪਨਾ ਹੋਣਾ ਚਾਹੀਦਾ ਹੈ।ਜੱਸ ਮੰਡ ਨੇ ਕਿਹਾ ਕਿ ਨਾਵਲ ਦੇ ਵਸਤੂਪੱਖ ਨਾਲੋਂ ਸ਼ਿਲਪ ਪੱਖ ’ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ।
ਗੋਸ਼ਟੀ ਦੇ ਅੰਤ ’ਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇਂ ਡਾ. ਪਰਮਿੰਦਰ ਸਿੰਘ, ਡਾ. ਭੁਪਿੰਦਰ ਸਿੰਘ, ਡਾ. ਕੁਲਦੀਪ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ ਅਤੇ ਬਾਕੀ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਇਸ ਗੋਸ਼ਟੀ ’ਚ ਹਾਜ਼ਰ ਵਿਦਵਾਨਾਂ ਨੇ ਨਾਵਲ ਦੇ ਵਿਧਾਗਤ ਲੱਛਣਾਂ ਗੋਂਦ, ਪਾਤਰਾਂ ਦਾ ਸੁਭਾਅ, ਵਾਰਤਾਲਾਪ ਵਿਚਲੀ ਭਾਸ਼ਾ, ਵਿਡੰਬਨਾ, ਨਾਵਲ ਤੇ ਯਥਾਰਥ, ਇਸ ਦੇ ਵਿਸਤ੍ਰਿਤ ਕੈਨਵਸ, ਦੀਰਘ ਦ੍ਰਿਸ਼ਟੀ ਆਦਿ ਕਲਾਤਮਕ ਜੁਗਤਾਂ ਸੰਬੰਧੀ ਸੰਜੀਦਾ ਚਰਚਾ ਕੀਤੀ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media