ਸੁਨਾਮ, 26 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਨਜਦੀਕੀ ਪਿੰਡ ਦੌਲਾ ਸਿੰਘ ਵਾਲਾ ਵਿਖੇ ਤਿੰਨ ਕਿਸਾਨਾਂ ਦੀ 4 ਏਕੜ ਕਣਕ ਬਿਜਲੀ ਦੇ ਸ਼ਾਰਟ
ਸਰਕਟ ਕਾਰਨ ਸੜ ਕੇ ਸਵਾਹ ਹੋ ਗਈ।ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਖਜਾਨਚੀ ਪਾਲ ਸਿੰਘ ਦੌਲੇਵਾਲਾ ਅਤੇ ਸੁਨਾਮ ਬਲਾਕ ਦੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਕਿਹਾ ਕਿ ਪਿੰਡ ਦੌਲਾ ਸਿੰਘ ਵਾਲਾ ਵਿਖੇ ਸਵੇਰੇ 3 ਵਜੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਮੀਤਾ ਸਿੰਘ ਪੁੱਤਰ ਭੂਰਾ ਸਿੰਘ ਦੀ ਇੱਕ ਏਕੜ, ਮਿੱਠੂ ਸਿੰਘ ਪੁੱਤਰ ਅਜੈਬ ਸਿੰਘ ਦੀ ਦੋ ਏਕੜ ਅਤੇ ਸੁਖਦੇਵ ਸਿੰਘ ਪੁੱਤਰ ਅਜੈਬ ਸਿੰਘ ਦੀ ਇੱਕ ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਰਕੇ ਸੜ ਕੇ ਸਵਾਹ ਹੋ ਗਈ। ਕਿਸਾਨਾਂ ਨੇ ਭਰੇ ਮਨ ਨਾਲ ਕਿਹਾ ਕਿ ਇਹ ਸਾਡੀ ਸਾਲ ਭਰ ਦੀ ਕਮਾਈ ਸੀ, ਚਾਰ-ਪੰਜ ਮਹੀਨੇ ਦੀ ਸਖ਼ਤ ਮਿਹਨਤ ਤੋਂ ਬਾਅਦ ਇਹ ਮਹੀਨਾ ਕਿਸਾਨਾਂ ਲਈ ਉਮੀਦਾਂ ਭਰਿਆ ਹੁੰਦਾ ਹੈ, ਪਰ ਜਦੋਂ ਕਿਸੇ ਕਿਸਾਨ ਦੇ ਅਰਮਾਨ ਬਿਜਲੀ ਵਿਭਾਗ ਦੀ ਅਣਗਹਿਲੀ ਕਰਕੇ ਸੜ ਜਾਣ ਤਾਂ ਕਿਸਾਨਾਂ ‘ਤੇ ਕੀ ਬੀਤਦੀ ਹੋਵੇਗੀ, ਇਹ ਤਾਂ ਉਹ ਹੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਕੇ ਖੁਦਕੁਸ਼ੀਆਂ ਕਰ ਰਿਹਾ ਹੈ, ਉਪਰੋਂ ਇਹੋ ਜਿਹੀਆਂ ਮਾਰਾਂ ਪੈਣ ‘ਤੇ ਕਿਸਾਨਾਂ ਦੀ ਹਾਲਤ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੇ ਕੋਲ ਖਾਣ ਲਈ ਨਾ ਤਾਂ ਕਣਕ ਬਚੀ ਹੈ ਅਤੇ ਨਾ ਹੀ ਤੂੜੀ ਬਚੀ ਹੈ, ਜਿਸ ਕਰਕੇ ਸਾਡਾ ਸਾਲ ਭਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲੇਗਾ।
ਇਸ ਮੌਕੇ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਇਨ੍ਹਾਂ ਕਿਸਾਨਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇ। ਇਸ ਮੌਕੇ ਇਕਾਈ ਦੌਲੇਵਾਲ ਅਤੇ ਇਕਾਈ ਕਣਕਵਾਲ ਭੰਗੂਆਂ ਦੇ ਕਿਸਾਨ ਆਗੂ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …
Punjab Post Daily Online Newspaper & Print Media