ਵਫਾ ਨਾ ਹੋਏ ਭਾਜਪਾ ਵਲੋਂ 2014 ਦੇ ਚੋਣ ਮਨੋਰਥ ‘ਚ ਕੀਤੇ 125 ਚੋਣ ਵਾਅਦੇ
ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ
ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਵਲੋਂ ਜਾਰੀ ਚੋਣ ਮਨੋਰਥ ਪੱਤਰ ਝੂਠ ਦਾ ਪੁਲੰਦਾ ਹੈ।ਪੱਤਰਕਾਰਾਂ ਦੇ ਰੂ-ਬ-ਰੂ ਹੁੰਦਿਆਂ ਭਾਜਪਾ ਤੇ ਕਾਂਗਰਸ ਦੇ ਚੋਣ ਮਨੋਰਥ ਪੱਤਰਾਂ ਸੰਬੰਧੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਭਾਜਪਾ ਦਾ ਚੋਣ ਮੈਨੀਫੈਸਟੋ ਝੂਠ ਦਾ ਉਹ ਗੁਬਾਰਾ ਹੈ ਜਿਸ ਦੀ ਹਵਾ ਦੇਸ਼ ਵਾਸੀ 23 ਮਈ ਚੋਣ ਨਤੀਜਿਆਂ ਵਾਲੇ ਦਿਨ ਕੱਢ ਦੇਣਗੇ।ਭਾਜਪਾ ਮੈਨੀਫੈਸਟੋ ਬਨਾਮ ਕਾਂਗਰਸ ਚੋਣ ਮਨੋਰਥ ਪੱਤਰ ਨੂੰ ਔਜਲਾ ਨੇ ਝੂਠ ਬਨਾਮ ਨਿਆਂ ਹੈ, ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਦੇਸ਼ ਨੂੰ ਅੱਗੇ ਲਿਜਾਣ ਜਾਂ ਕਿਸਾਨਾਂ, ਮਜ਼ਦੁਰਾਂ ਤੇ ਨੌਜੁਆਨਾਂ ਦੀ ਤਰੱਕੀ ਲਈ ਕੋਈ ਵੀ ਮਿਸ਼ਨ ਨਹੀਂ ਹੈ, ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਝੂਠ ਬੋਲਣ ਦੀ ਕਲਾ ਨੂੰ ਉਜਾਗਰ ਕਰਦਿਆਂ ਸਿਰਫ ਹਉਮੇਂ ਦਾ ਬੋਲਬਾਲਾ ਹੈ।ਜਦਕਿ ਕਾਂਗਰਸ ਵਲੋਂ ਜਾਰੀ ਚੋਣ ਮਨੋਰਥ ਪੱਤਰ ਵਿੱਚ ਦੇਸ਼ ਦੇ ਹਰ ਖੇਤਰ ਤੇ ਹਰ ਤਬਕੇ ਦੇ ਲੋਕਾਂ ਦੀ ਤਰੱਕੀ ਅਤੇ ਭਾਰਤ ਨੂੰ ਆਰਥਿਕ ਤੇ ਸਮਾਜਿਕ ਪੱਖੋਂ ਵਿਸ਼ਵ ਦਾ ਬਿਹਤਰੀਨ ਦੇਸ਼ ਬਣਾਉਣ ਦੇ ਮਿਸ਼ਨ ਤੇ ਕੰਮ ਕਰਨ ਦਾ ਸੰਕਪਲ ਲਿਆ ਗਿਆ ਹੈ। ਕਾਂਗਰਸ ਵਲੋਂ ਜੋ ਚੋਣ ਵਾਅਦੇ ਕੀਤੇ ਗਏ ਹਨ ਇਕ ਇਕ ਕਰਕੇ ਉਨ੍ਹਾਂ ਨੂੰ ਲਾਗੂ ਕਰਕੇ ਪੂਰਾ ਕੀਤਾ ਜਾਵੇਗਾ।
ਔਜਲਾ ਨੇ ਕਿਹਾ ਕਿ ਭਾਜਪਾ ਆਗੂਆਂ ਨੂੰ ਕਾਂਗਰਸ ਦੇ ਚੋਣ ਮਨੋਰਥ ਪੱਤਰ ਤੇ ਉਂਗਲ ਉਠਾਉਣ ਤੋਂ ਪਹਿਲਾਂ 2014 ਵਿੱਚ ਭਾਜਪਾ ਦੇ ਚੋਣ ਮੈਨੀਫੈਸਟੋ `ਤੇ ਇਕ ਵਾਰ ਨਜ਼ਰ ਮਾਰ ਲੈਣੀ ਚਾਹੀਦੀ ਸੀ, ਜਿਸ ਵਿੱਚ ਦੇਸ਼ ਵਾਸੀਆਂ ਨਾਲ ਕੀਤੇ ਚੋਣ ਵਾਅਦਿਆਂ ਵਿਚੋਂ 125 ਚੋਣ ਵਾਅਦੇ ਅਜਿਹੇ ਰਹੇ ਜੋ ਵਫਾ ਹੋਣ ਦੀ ਆਸ ਵਿੱਚ ਅੱਜ ਵੀ ਭਾਜਪਾ ਦਫਤਰ ਦੀਆਂ ਫਾਇਲਾਂ ਦੇ ਭਾਰ ਹੇਠ ਦਮ ਤੋੜ ਚੁੱਕੇ ਹਨ।ਇੰਨ੍ਹਾਂ ਵਿਚ ਹਰ ਸਾਲ 2 ਕਰੋੜ ਨੌਜੁਆਨਾਂ ਨੂੰ ਨੌਕਰੀਆਂ ਦੇਣਾ ਸੀ ਪ੍ਰੰਤੂ ਮੋਦੀ ਸਰਕਾਰ ਵਲੋਂ ਕੀਤੀ ਨੋਟਬੰਦੀ ਕਾਰਨ 4 ਕਰੋੜ ਤੋਂ ਵੱਧ ਲੋਕ ਬੇਰੁਜਗਾਰੀ ਦੀ ਮਾਰ ਹੇਠ ਆ ਗਏ, 100 ਦਿਨਾਂ ਅੰਦਰ 80 ਲੱਖ ਕਰੋੜ ਰੁਪਏ ਦੇ ਕਾਲੇ ਧੰਨ ਨੂੰ ਵਾਪਿਸ ਦੇਸ਼ ਲਿਆ ਕੇ ਹਰ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਏ ਦੇਣ ਦਾ ਐਲਾਨ ਵੀ ਸਿਰਫ ਇਕ ਜੁਮਲਾ ਬਣਕੇ ਰਹਿ ਗਿਆ ਅਤੇ ਨੋਟਬੰਦੀ ਅਜਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਘਪਲਾ ਸਾਬਿਤ ਹੋਈ।
ਉਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਸੰਵਿਧਾਨਿਕ ਸੰਸਥਾਵਾਂ ਨੂੰ ਮਜਬੂਤ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜਦਕਿ 70 ਸਾਲਾਂ ਦੇ ਇਤਿਹਾਸ ਵਿੱਚ ਪ੍ਰਧਾਨ ਮੰਤਰੀ ਮੋਦੀ ਇੰਨਾਂ ਸੰਸਥਾਵਾਂ ਨੂੰ ਕਮਜੋਰ ਤੇ ਬਰਬਾਦ ਕਰਨ ਵਾਲੇ ਇਕਲੌਤੇ ਪ੍ਰਧਾਨ ਮੰਤਰੀ ਬਣੇ, ਦੇਸ਼ ਦੀਆਂ ਸੰਵਿਧਾਨਿਕ ਸੰਸਥਾਵਾਂ ਸੁਪਰੀਮ ਕੋਰਟ, ਆਰ.ਬੀ.ਆਈ, ਸੀ.ਬੀ.ਆਈ, ਸੀ.ਵੀ.ਸੀ, ਸਮੇਤ ਹੋਰ ਬਹੁਤ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਨੂੰ ਕਮਜੋਰ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਔਜਲਾ ਨੇ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਉਹ ਦਿਨ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ ਜਿਸ ਦਿਨ ਭਾਰਤ ਦੀ ਸਰਵਉੱਚ ਅਦਾਲਤ ਦੇ ਜੱਜਾਂ ਵਲੋਂ ਆਪਣੇ `ਤੇ ਪੈ ਰਹੇ ਦਬਾਅ ਕਾਰਨ ਪ੍ਰੈਸ ਕਾਨਫਰੰਸ ਕੀਤੀ ਸੀ।ਜਦਕਿ ਅਜਿਹੇ ਹੋਰ ਬਹੁਤ ਸਾਰੇ ਚੋਣ ਵਾਅਦੇ ਹਨ ਜਿੰਨਾਂ ਨੂੰ ਲਾਗੂ ਕਰਨ ਲਈ ਮੋਦੀ ਸਰਕਾਰ ਨੇ ਅੱਖਾਂ ਬੰਦ ਕਰ ਰੱਖੀਆਂ ਸਨ।ਔਜਲਾ ਨੇ ਭਾਜਪਾ ਆਗੂਆਂ ਨੂੰ ਸਲਾਹ ਦਿਤੀ ਕਿ 2014 ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ `ਤੇ ਇਸ ਵਾਰ ਭਾਜਪਾ ਚੋਣ ਮੈਨੀਫੈਸਟੋ ਦੀ ਜਗ੍ਹਾ ਤੇ ਚੋਣ ਮਾਫੀਨਾਮਾ ਜਾਰੀ ਕਰਨ ਦੀ ਸੋਚੇ ਹੋ ਸਕਦਾ ਕਿ ਦੇਸ਼ ਵਾਸੀ ਇੰਨ੍ਹਾਂ ਦੀ ਮਾਫੀ ਸਵੀਕਾਰ ਕਰਕੇ ਅਕਾਲੀ-ਭਾਜਪਾ ਗਠਜੋੜ ਉਮੀਦਵਾਰਾਂ ਦੀਆਂ ਜਮਾਨਤਾਂ ਜ਼ਬਤ ਨਾ ਕਰਵਾਉਣ।
ਭਾਜਪਾ ਦੇ ਚੋਣ ਮਨੋਰਥ ਪੱਤਰ ਨੂੰ ਸਿਰੇ ਤੋਂ ਰੱਦ ਔਜਲਾ ਨੇ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵਲੋਂ ਪਿਛਲੇ 5 ਸਾਲ ਦੇ ਕੀਤੇ ਕੰਮਾਂ ਦਾ ਜਿਕਰ ਚੋਣ ਮੈਨੀਫੈਸਟੋ ਵਿੱਚ ਹੋਣਾ ਚਾਹੀਦਾ ਸੀ, ਪਰ ਅਫਸੋਸ ਇਸ ਵਾਰ ਫਿਰ ਭਾਜਪਾ ਪੁਰਾਣਾ ਰਾਗ ਅਲਾਪਦਿਆਂ ਕਿਸਾਨਾਂ ਨੂੰ ਬਿਨ੍ਹਾਂ ਵਿਆਜ ਦੇ ਕਰਜਾ ਦੇਣ ਦੀ ਗੱਲ ਕਰ ਰਹੀ ਹੈ।ਔਜਲਾ ਨੇ ਕਿਹਾ ਕਿ ਮੋਦੀ ਸਰਕਾਰ ਅੰਗਰੇਜਾਂ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਤੇ ਚਲਦਿਆਂ ਫਿਰਕਾਪ੍ਰਸਤੀ ਨੂੰ ਉਤਸ਼ਾਹਿਤ ਕਰਕੇ ਭਰਾ ਭਰਾ ਨੂੰ ਲੜਾਉਣ ਚਾਹੁੰਦੀ ਹੈ। ਪਰ ਦੇਸ਼ ਵਾਸੀ ਭਾਜਪਾ ਦੀਆਂ ਨੀਤੀਆਂ ਨੂੰ ਸਮਝ ਚੁੱਕੇ ਹਨ ਅਤੇ ਦੇਸ਼ ਅੰਦਰ ਧਰਮ ਦੇ ਆਧਾਰ ਤੇ ਵੰਡੀਆਂ ਪਾਉਣ ਵਾਲਿਆਂ ਨੂੰ ਦੇਸ਼ ਦੀ ਸੱਤਾ ਤੋਂ ਬਾਹਰ ਕਰਨ ਲਈ ਤਿਆਰ ਹਨ।
Check Also
ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ
ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …
Punjab Post Daily Online Newspaper & Print Media