ਸਾਰਥਿਕ ਤੇ ਉਸਾਰੂ ਬਾਲ ਸਾਹਿਤ ਦੀ ਚੋਣ ਕਰਨ ਲਈ ਬਣੇਗੀ 20 ਅਧਿਆਪਕਾਂ ਕਮੇਟੀ
ਐਸ.ਏ.ਐਸ ਨਗਰ, 8 ਮਈ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ, ਪੰਜਾਬ ਨੇ ਸਾਹਿਤਕਾਰ ਅਧਿਆਪਕਾਂ ਨਾਲ ਮਿਲਣੀ ਕਰਕੇ ਮਿਆਰੀ ਸਾਹਿਤ
ਰਚਨ ਤੇ ਪੜ੍ਹਣ ਲਈ ਉਤਸ਼ਾਹਿਤ ਕੀਤਾ ਹੈ।ਮੀਟਿੰਗ ਵਿੱਚ ਹਾਜਰ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਾ ਰਹੇ ਅਧਿਆਪਕ ਸਾਹਿਤਕ ਲੇਖਣੀ ਪੱਖੋਂ ਮਜਬੂਤ ਹਨ।ਜਿੰਨੇ ਅਧਿਆਪਕ ਇਸ ਸਮੇਂ ਮੀਟਿੰਗ ਵਿੱਚ ਬੈਠੇ ਹਨ ਇਸ ਤੋਂ ਕਈ ਗੁਣਾ ਜਿਆਦਾ ਸਕੂਲਾਂ ਵਿੱਚ ਹਨ ਜਿਨ੍ਹਾਂ ਨਾਲ ਸਿੱਖਿਆ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੀ ਮੀਟਿੰਗਾਂ ਕਰਨੀਆਂ ਹਨ।ਅਧਿਆਪਕ ਜੋ ਕਿਸੇ ਵੀ ਸਾਹਿਤਕ ਵਿਧਾ ਵਿੱਚ ਲਿਖ ਰਹੇ ਹਨ, ਉਹਨਾਂ ਨਾਲ ਸਿੱਖਿਆ ਵਿਭਾਗ ਦਾ ਮਾਣ ਵਧਿਆ ਹੈ।ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਈ ਪੋਰਟਲ `ਤੇ ਸਾਹਿਤਕ ਰੁਚੀ ਨਾਲ ਸਬੰਧਤ ਲਿੰਕ ਦਿੱਤਾ ਜਾਵੇਗਾ ਜਿਸ ਨਾਲ ਸਾਹਿਤਕਾਰ ਅਧਿਆਪਕ ਆਪਣੀ ਲਿਖਤਾਂ ਅਨੁਸਾਰ ਇੰਦਰਾਜ ਕਰ ਸਕਣਗੇ।
ਸਾਹਿਤਕ ਮਿਲਣੀ ਵਿੱਚ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਅਧਿਆਪਕ ਲੇਖਕਾਂ ਨੂੰ ਕਲਮ ਰਾਹੀਂ ਬੱਚਿਆਂ ਦੇ ਦਾਖ਼ਲੇ ਵਧਾਉਣ, ਸਮਾਰਟ ਸਕੂਲਾਂ ਬਾਰੇ ਵਿਸ਼ੇਸ਼ ਪਰਚੇ ਲਿਖਣ, ਮਾਂ ਬੋਲੀ ਦੀ ਸੇਵਾ ਕਰਨ ਬਾਰੇ ਉਤਸ਼ਾਹਿਤ ਕੀਤਾ।ਉਹਨਾਂ ਸਾਹਿਤ ਰਾਹੀਂ ਵਿਦਿਆਰਥੀਆਂ ਨੂੰ ਸ਼ੁਧ ਲਿਖਣ, ਸ਼ੁਧ ਬੋਲਣ ਅਤੇ ਸ਼ੁਧ ਸੋਚਣ ਬਾਰੇ ਪ੍ਰੇਰਿਤ ਕਰਨ ਲਈ ਕਿਹਾ।ਸਿਹਤਮੰਦ ਤੇ ਉਸਾਰੂ ਸਮਾਜ ਸਿਰਜਣ ਬਾਰੇ, ਬੱਚਿਆਂ ਨੂੰ ਲਿਖਣ ਲਈ ਬਾਲ ਸਭਾ ਤੇ ਸਵੇਰ ਦੀ ਸਭਾ ਵਿੱਚ ਪ੍ਰੇਰਿਤ ਕਰਨ ਬਾਰੇ, ਸੁੰਦਰ ਲਿਖਾਈ ਤੇ ਕੰਮ ਕਰਨ, ਬੱਚਿਆਂ ਨੂੰ ਲਾਇਬ੍ਰੇਰੀ ਦੁਆਰਾ ਉਸਾਰੂ ਸਾਹਿਤ ਪੜ੍ਹਾਉਣ ਲਈ ਵੱਧ ਤੋਂ ਵੱਧ ਮਿਆਰੀ ਲਾਇਬ੍ਰੇਰੀਆਂ ਤਿਆਰ ਕਰਨ, ਬੋਰਡ ਮੁਕਾਬਲਿਆਂ ਵਿੱਚ ਵਧੀਆ ਉਪਰਾਲਿਆਂ ਬਾਰੇ, ਪਾਠ ਨੂੰ ਨਾਟਕੀ ਤਰੀਕੇ ਨਾਲ ਪੜ੍ਹਾ ਕੇ ਰੌਚਿਕ ਬਣਾਉਣ, ਆਪਣੇ ਨੇੜੇ ਦੇ ਸਕੂਲਾਂ ਲਈ ਮੈਗਜ਼ੀਨ ਤੇ ਰਸਾਲੇ ਦੀ ਤਿਆਰੀ ਵਿੱਚ ਸਹਾਇਤਾ ਕਰਨ, ਕੰਧ-ਪੱਤ੍ਰਿਕਾ ਨੂੰ ਸਕੂਲਾਂ ਵਿੱਚ ਅਮਲੀ ਜਾਮਾ ਪਹਿਨਾਉਣ, ਮੰਨੇ-ਪ੍ਰਮੰਨੇ ਸਾਹਿਤਕਾਰਾਂ ਨੂੰ ਵਿਦਿਆਰਥੀਆਂ ਨਾਲ ਰੂ-ਬ-ਰੂ ਕਰਵਾਉਣਾ, ਲੇਖਣੀ ਦੇ ਨਾਲ਼-ਨਾਲ਼ ਸਿੱਖਿਆ ਜਗਤ ਬਾਰੇ ਲਿਖਣਾ, ਸਾਹਿਤਕ ਕਲੱਬ ਵੀ ਬਣਾਉਣ ਬਾਰੇ, ਕਿਤਾਬਾਂ ਪੜ੍ਹ ਕੇ ਵਿਦਿਆਰਥੀਆਂ ਨਾਲ਼ ਸਾਂਝ ਕਰਨਾ ਆਦਿ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਜੇਕਰ ਕਿਸੇ ਸਾਹਿਤਕਾਰ ਅਧਿਆਪਕਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਜਿਲ੍ਹੇ ਦੇ ਨੋਡਲ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।
ਡੀ.ਪੀ.ਆਈ ਐਲੀਮੈਂਟਰੀ ਸਿੱਖਿਆ ਪੰਜਾਬ ਇੰਦਰਜੀਤ ਸਿੰਘ ਨੇ ਪੰਜਾਬੀਅਤ ਲਈ ਨਰੋਏ ਸਾਹਿਤ, ਨਰੋਈ ਸੋਚ ਤੇ ਨੈਤਿਕ ਕਦਰਾਂ ਕੀਮਤਾਂ ਵਿਕਸਿਤ ਕਰਨ ਹਿੱਤ ਉਪਰਾਲੇ ਕਰਨ ਲਈ ਪ੍ਰੇਰਿਤ ਕੀਤਾ।ਮੀਟਿੰਗ ਦੌਰਾਨ ਡਾ. ਦਵਿੰਦਰ ਸਿੰੰਘ ਬੋਹਾ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਕੀਤਾ ਗਿਆ।ਇਹ ਇੱਕ ਇਤਿਹਾਸਿਕ ਉਪਰਾਲਾ ਹੈ।ਜਿਸ ਵਿੱਚ ਪੰਜਾਬ ਦੇ ਨਾਮਵਰ ਅਧਿਆਪਕ ਸਾਹਿਤਕਾਰਾਂ ਨੇ ਆਪਣੇ ਵਿਚਾਰ ਇੱਕ ਮੰਚ ਤੋਂ ਸਾਂਝੇ ਕੀਤੇ ਹਨ। ਇਸ ਨਾਲ ਭਵਿੱਖ ਵਿੱਚ ਸਿੱਖਿਆ ਦੇ ਖੇਤਰ ਲਈ ਨਵੇਂ ਦਿਸਹੱਦੇ ਕਾਇਮ ਹੋਣਗੇ।
ਸਾਹਿਤਕਾਰ ਅਮਰਜੀਤ ਕਾਉਂਕੇ ਤੇ ਬਲਜਿੰਦਰ ਮਾਨ ਨੇ ਬਾਲ ਮੈਗਜ਼ੀਨਾਂ ਵੱਲ ਜਿਆਦਾ ਧਿਆਨ ਦੇਣ ਲਈ ਅਪੀਲ ਕੀਤੀ ਸਾਹਿਤਕਾਰ ਮਦਨ ਵੀਰਾ ਨੇ ਅਧਿਆਪਕ ਦੇ ਸਾਹਿਤਕਾਰ ਵਜੋਂ ਸਮਾਜ ਵਿੱਚ ਵਿਚਰਣ ਨੂੰ ਮਹੱਤਵ ਦਿੰਦਿਆਂ ਕਿਹਾ ਕਿ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਲੋਂ ਸਾਹਿਤ ਦੀਆਂ ਪ੍ਰਾਪਤੀਆਂ ਸਬੰਧੀ ਵਿਸ਼ੇਸ਼ ਤਵੱਜੋ ਦਿੱਤੀ ਜਾਣੀ ਬਣਦੀ ਹੈ ਤਾਂ ਜੋ ਭਵਿੱਖ ਵਿੱਚ ਅਧਿਆਪਕ ਉਤਸ਼ਾਹਿਤ ਹੋ ਕੇ ਹੋਰ ਵੀ ਮਿਆਰੀ ਬਾਲ ਸਾਹਿਤ ਸਿਰਜ ਸਕਣ।
ਸੁਖਵਿੰਦਰ ਕੌਰ ਸਿੱਧੂ ਬਾਲ ਸਾਹਿਤਕਾਰ ਨੇ ਕਿਹਾ ਕਿ ਇਹ ਉਪਰਾਲਾ ਅਧਿਆਪਕਾਂ ਦੇ ਸ਼ੌਂਕ ਨੂੰ ਜਿੰਮੇਵਾਰੀ ਵੱਲ ਲੈ ਕੇ ਜਾਣ ਲਈ ਹੈ ਜੋ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੋਵਾਂ ਲਈ ਫ਼ਾਇਦੇਮੰਦ ਹੋਵੇਗਾ।ਕਰਮਜੀਤ ਗਰੇਵਾਲ ਨੇ `ਹਰ ਮੋੜ ਤੇ ਸਲੀਬਾਂ` ਨੂੰ ਤਰੱਨਮ ਵਿੱਚ ਗਾ ਕੇ ਮੀਟਿੰਗ ਦੇ ਮਹੌਲ ਨੂੰ ਵਧੀਆ ਬਣਾਇਆ।
ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ, ਸੰਜੀਵ ਸ਼ਰਮਾ ਡਿਪਟੀ ਐਸ.ਪੀ.ਡੀ, ਸੁਰੇਖਾ ਠਾਕੁਰ, ਨਿਰਮਲ ਕੌਰ, ਸਤਪਾਲ ਭੀਖੀ, ਹਰਜਿੰਦਰ ਰੰਗ, ਸੁਖਦਰਸ਼ਨ ਚਹਿਲ, ਰਾਜਿੰਦਰ ਸਿੰਘ ਚਾਨੀ, ਅਜਮੇਰ ਸਿੱਧੂ, ਗੁਰਪ੍ਰੀਤ, ਜਸਵੀਰ ਰਾਣਾ, ਤਰਸੇਮ, ਮਨਜੀਤ ਪੁਰੀ, ਪਰਮਜੀਤ ਕਲਸੀ, ਸਿਮਰਤ ਸਮੇਰਾ, ਸੁਰਿੰਦਰਪ੍ਰੀਤ ਘਣੀਆ, ਪਰਮਜੀਤ ਰਾਮਗੜ੍ਹੀਆ, ਕੀਰਤੀ ਕਿਰਪਾਲ, ਜਗਤਾਰ ਸਿੰਘ ਸੌਖੀ, ਬਲਜਿੰਦਰ ਮਾਨ, ਹਰਵਿੰਦਰ ਭੰਡਾਲ, ਡਾ. ਪੁਸ਼ਪਿੰਦਰ ਕੌਰ, ਗੁਰਮੇਲ ਬੋਡੇ, ਹਰਜੀਤ ਬਲਾੜੀ ਅਤੇ ਵੱਖ-ਵੱਖ ਜਿਲ੍ਹਿਆਂ ਤੋਂ ਹੋਰ ਵੀ ਨਾਮਵਰ ਅਧਿਆਪਕ ਸਾਹਿਤਕਾਰਾਂ ਨੇ ਭਾਗ ਲਿਆ। ਇਸ ਮੀਟਿੰਗ ਦੌਰਾਨ ਅਧਿਆਪਕ ਸਾਹਿਤਕਾਰਾਂ ਨੇ ਆਪਣੀਆਂ ਲਿਖੀਆਂ ਪੁਸਤਕਾਂ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੂੰ ਭੇਂਟ ਕੀਤੀਆਂ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media