ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਮਿਸ ਫਲੋਰੈਂਸ ਨਾਈਟਿੰਗੇਲ ਦੇ ਜਨਮ ਦਿਨ ਦੇ
ਸਬੰਧ ’ਚ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ।ਇਸ ਸਾਲ ਦਾ ਵਿਸ਼ਾ ‘ਨਰਸਾਂ, ਅਗਵਾਈ ਦੀ ਆਵਾਜ਼ : ਸਾਰਿਆਂ ਲਈ ਸਿਹਤ ਮੁਹੱਈਆ ਕਰਨਾ ਹੈ।ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਆਯੋਜਿਤ ਇਸ ਪ੍ਰੋਗਰਾਮ ਦਾ ਉਦਘਾਟਨ ਕਾਲਜ ਵਿਦਿਆਰਥਣਾਂ ਵਲੋਂ ਸ਼ਬਦ ਗਾਇਨ ਕਰਨ ਉਪਰੰਤ ਮੁੱਖ ਮਹਿਮਾਨ ਵਜੋਂ ਪੁੱਜੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਡਾ. ਇੰਦਰਜੀਤ ਕੌਰ, ਵਾਈਸ ਪ੍ਰਿੰਸੀਪਲ ਡਾ. ਨੀਲਮ ਹੰਸ ਆਦਿ ਨੇ ਮਿਲ ਕੇ ਸ਼ਮ੍ਹਾ ਰੌਸ਼ਨ ਕਰਕੇ ਕੀਤਾ।
ਡਾ. ਕਮਲਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਂਟ ਕੀਤੇ ਅਤੇ ਨਰਸਿੰਗ ਦੇ ਕਿੱਤੇ ਨੂੰ ਵਿਸ਼ਵ ਦਾ ਸਭ ਤੋਂ ਵੱਡਾ ਲੋਕ ਭਲਾਈ ਕਿੱਤਾ ਦੱਸਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਪ੍ਰੋਗਰਾਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੈ।
ਡਾ. ਇੰਦਰਜੀਤ ਕੌਰ ਨੇ ਨਰਸਿੰਗ ਦਿਵਸ ਦੀ ਮਹੱਤਤਾ ਸਬੰਧੀ ਦੱਸਦੇ ਹੋਏ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਦੌਰਾਨ ਕਾਲਜ ਦੇ ਮੈਡਮ ਸੁਗਨਾ ਨੇ ਸੰਬੋਧਨ ਕਰਦਿਆਂ ਫਲੋਰੈਂਸ ਨਾਈਟਿੰਗੇਲ ਦੇ ਜੀਵਨ ਬਾਰੇ ਦੱਸਿਆ ਅਤੇ ਉਨ੍ਹਾਂ ਵਲੋਂ ਰੋਗੀਆਂ ਦੀ ਨਿਸ਼ਕਾਮ ਸੇਵਾ ਕਰਨ ਅਤੇ ਜ਼ਖਮੀਆਂ ਦੀ ਮੱਲ੍ਹਮ ਪੱਟੀ ਕਰਨ ਦਾ ਜ਼ਿਕਰ ਕੀਤਾ।ਉਨ੍ਹਾਂ ਕਿਹਾ ਕਿ ਸਿਹਤ ਨੂੰ ਸਹੀ ਦਿਸ਼ਾਂ ਪ੍ਰਦਾਨ ਕਰਨ ’ਚ ਇਹ ਦਿਨ ਨਰਸਾਂ ਦੇ ਯੋਗਦਾਨ ਦਾ ਖਾਸ ਪ੍ਰਤੀਕ ਹੈ।ਨਰਸਾਂ ਮਰੀਜ਼ ਦੀ ਬਹੁ-ਪੱਖੀ ਦੇਖਭਾਲ ਜਿਸ ’ਚ ਸਰੀਰਿਕ, ਮਨੋਵਿਗਿਆਨਕ ਅਤੇ ਸਮਾਜਿਕ ਸਾਰੇ ਪਹਿਲੂ ਸ਼ਾਮਿਲ ਹਨ ਵਿਸ਼ਿਆਂ ਬਾਰੇ ਸਿੱਖਿਅਤ, ਪੜ੍ਹੀਆਂ-ਲਿਖੀਆਂ ਅਤੇ ਅਨੁਭਵੀ ਹੁੰਦੀਆਂ ਹਨ।
ਡਾ. ਕਮਲਜੀਤ ਕੌਰ ਦੇ ਨਾਲ ਮਿਲ ਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥਣਾਂ ਨੇ ਨਰਸਿੰਗ ਕਿੱਤੇ ਦੇ ਸਨਮਾਨ ਨੂੰ ਉਚਾ ਬਣਾਈ ਰੱਖਣ ਦੀ ਸਹੁੰ ਖਾਧੀ।ਇਸ ਉਪਰੰਤ ਕਾਲਜ ਦੇ ਪ੍ਰੋ. ਡਾ. ਸੁਖਜਿੰਦਰ ਕੌਰ ਨੇ ਵੀ ਅੰਤਰਰਾਸ਼ਟਰੀ ਦਿਵਸ ਦੇ ਮੁੱਖ ਵਿਸ਼ੇ ਬਾਰੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਪ੍ਰੋ. ਅਮਨਪ੍ਰੀਤ ਕੌਰ ਨੇ ਐਸ.ਐਨ.ਏ ਦੀ ਵਿਸਥਾਰਪੂਰਵਕ ਰਿਪੋਰਟ ਪੇਸ਼ ਕੀਤੀ।
ਐਮ.ਐਸ.ਸੀ ਨਰਸਿੰਗ ਵਿਦਿਆਰਥੀਆਂ ਨੇ ਪੈਨਲ ਚਰਚਾ ਰਾਹੀਂ ਸਰੋਤਿਆਂ ਨੂੰ ਸਿਹਤ ਸਬੰਧੀ ਦੇਖਭਾਲ ਤੋਂ ਜਾਣੂ ਕਰਵਾਇਆ।ਕਾਲਜ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਨਰਸਿੰਗ ਪ੍ਰਤੀ ਵਧੀਆ ਯੋਗਦਾਨ ਲਈ ਸਰਟੀਫ਼ਿਕੇਟ ਅਤੇ ਇਨਾਮ ਵੰਡੇ ਗਏ।ਇਸ ਮੌਕੇ ਪ੍ਰਿੰ: ਕਮਲਜੀਤ ਕੌਰ ਨੇ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮੈਨੇਜ਼ਮੈਂਟ ਦੇ ਸਹਿਯੋਗ ਨਾਲ ਅਜਿਹੇ ਪ੍ਰੋਗਰਾਮ ਅਗਾਂਹ ਵੀ ਜਾਰੀ ਰਹਿਣਗੇ।ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਮਿਲ ਕੇ ਇਸ ਜਾਣਕਾਰੀ ਭਰਪੂਰ ਦਿਵਸ ਨੂੰ ਸਫਲਤਾਪੂਰਵਕ ਮਨਾਇਆ।
Check Also
ਵੋਟਰ ਆਪਣੀ ਪਛਾਣ ਲਈ ਈਪਿਕ ਕਾਰਡ ਤੋਂ ਇਲਾਵਾ ਹੋਰ 15 ਦਸਤਾਵੇਜ਼ਾਂ ਦੀ ਵੀ ਕਰ ਸਕਣਗੇ ਵਰਤੋਂ – ਜਿਲ੍ਹਾ ਚੋਣ ਅਫਸਰ
ਅਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫ਼ਸਰ ਦਲਵਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ …
Punjab Post Daily Online Newspaper & Print Media