ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤਾ ਉਨਾਂ ਨੂੰ ਘਰ ਪਹੁੰਚਾਉਣ ਦਾ ਪ੍ਰਬੰਧ
ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ ਸੱਗੂ)- ਜੰਮੂ-ਕਸ਼ਮੀਰ ਵਿਚ ਆਏ ਹੜ੍ਹ ਕਾਰਨ ਫਸੇ ਸੈਲਾਨੀਆਂ ਨੂੰ ਵਿਸ਼ੇਸ਼ ਜਹਾਜ਼ਾਂ ਰਾਹੀਂ ਕੱਢਣ ਦਾ ਕੰਮ ਲਗਾਤਾਰ ਜਾਰੀ ਹੈ। ਬੀਤੀ ਰਾਤ ਅੰਮ੍ਰਿਤਸਰ ਹਵਾਈ ਅੱਡੇ ‘ਤੇ 5 ਜਹਾਜ਼ਾਂ ਰਾਹੀਂ 900 ਸੈਲਾਨੀ ਅਤੇ ਅੱਜ 1050 ਦੇ ਕਰੀਬ ਸੈਲਾਨੀ ਉਥੋਂ ਬਚ ਕੇ ਇੱਥੇ ਪੁੱਜ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ।ਇੱਥੇ ਪਹੁੰਚਣ ‘ਤੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਏਅਰ ਫੋਰਸ ਦੇ ਕਮਾਂਡਿੰਗ ਅਫਸਰ ਰਾਜੀਵ ਤਲਵਾਰ, ਡਾਇਰੈਕਟਰ ਏਅਰਪੋਰਟ, ਤਹਿਸੀਲਦਾਰ ਗੁਰਮਿੰਦਰ ਸਿੰਘ, ਐਸ ਡੀ ਐਮ ਰਾਜੀਵ ਗੁਪਤਾ ਅਤੇ ਹੋਰ ਪ੍ਰਸਾਸਿਨ ਅਧਿਕਾਰੀਆਂ ਨੇ ਉਨਾਂ ਦਾ ਹਾਲ-ਚਾਲ ਪੁੱਛਿਆ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਪਤਾ ਦੇ ਸੰਕਟ ਵਿਚੋਂ ਲੰਘ ਕੇ ਇੱਥੇ ਆਏ ਸੈਲਾਨੀਆਂ ਨੂੰ ਮੁਫਤ ਡਾਕਟਰੀ ਸਹਾਇਤਾ ਦਿੱਤੀ ਗਈ। ਪ੍ਰਸਾਸਨ ਵੱਲੋਂ ਇੰਨਾਂ ਨੂੰ ਖਾਣਾ ਦਿੱਤਾ ਗਿਆ ਅਤੇ ਮੁਫਤ ਐਸ ਟੀ ਡੀ ਦੀ ਸਹੂਲਤ ਦਿੱਤੀ ਗਈ, ਤਾਂ ਜੋ ਇਹ ਆਪਣੇ ਘਰਾਂ ਵਿਚ ਫੋਨ ‘ਤੇ ਆਪਣੇ ਸਹੀ-ਸਲਾਮਤ ਹੋਣ ਦੀ ਸੂਚਨਾ ਦੇ ਸਕਣ। ਇੰਨਾਂ ਸੈਲਾਨੀਆਂ ਨੂੰ ਰੋਡਵੇਜ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਭੇਜੀਆਂ ਗਈਆਂ ਬੱਸਾਂ ਵਿਚ ਬਿਠਾ ਕੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚਾਇਆ ਗਿਆ, ਜਿਥੋਂ ਰੇਲਵੇ ਨਾਲ ਤਾਲਮੇਲ ਕਰਕੇ ਇਨਾਂ ਨੂੰ ਮੁਫਤ ਰੇਲ ਸਫਰ ਦੀ ਸਹੂਲਤ ਦਿਵਾਈ ਗਈ, ਜਿਥੋਂ ਇਹ ਸੈਲਾਨੀ ਆਪਣੇ ਘਰਾਂ ਨੂੰ ਰਵਾਨਾ ਹੋ ਗਏ।
ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕਸ਼ਮੀਰ ਲਈ ਸਹਾਇਤਾ ਸਮੱਗਰੀ ਭੇਜਣ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਇੰਨਾਂ ਯਾਤਰੀਆਂ ਲਈ ਲੰਗਰ ਭੇਜਿਆ ਜਾ ਰਿਹਾ ਹੈ, ਜਦਕਿ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਖਾਣੇ ਦੇ ਪੈਕਟ ਅਤੇ ਹੋਰ ਸਮਗਰੀ ਵਿਸ਼ੇਸ਼ ਜਹਾਜ਼ਾਂ ਰਾਹੀਂ ਕਸ਼ਮੀਰ ਭੇਜੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਦੀ ਤਰਫੋਂ ਪੀ ਸੀ ਐਸ ਅਧਿਕਾਰੀ ਸ੍ਰੀ ਰਾਜੀਵ ਗੁਪਤਾ ਇਥੇ ਕੁਆਰਡੀਨੇਟਰ ਵਜੋਂ ਸਾਰੇ ਪ੍ਰਬੰਧਾਂ ਨੂੰ ਵੇਖ ਰਹੇ ਹਨ।