ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਭਾਜਪਾ ਪਾਰਟੀ ਦੀ ਹੋਈ ਲੋਕ
ਸਭਾ ਚੋਣਾਂ ’ਚ ਵੱਡੀ ਜਿੱਤ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਅਮਿਤ ਸ਼ਾਹ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਨਵੇਂ ਭਾਰਤ ਦੇ ਨਿਰਮਾਣ ਨੂੰ ਸਮਰਪਿਤ ਇਹ ਜਿੱਤ ਲੋਕ ਸੱਤਾ ਅਤੇ ਭਾਰਤ ਦੇ ਸਵਾਭੀਮਾਨ ਦਾ ਪ੍ਰਤੀਕ ਹੈ।
ਅੱਜ ਇੱਥੇ ਜਾਰੀ ਬਿਆਨ ’ਚ ਛੀਨਾ ਨੇ ਕਿਹਾ ਕਿ ਪਿਛਲੇ 5 ਸਾਲਾਂ ’ਚ ਮੋਦੀ ਸਰਕਾਰ ਦੀਆਂ ਲੋਕ ਪੱਖੀ, ਰਾਸ਼ਟਰਵਾਦੀ ਅਤੇ ਪਛੜੇ ਵਰਗਾਂ ਦੇ ਕਲਿਆਣ ਦੀਆਂ ਨੀਤੀਆਂ ਸਦਕਾ ਹੀ ਅੱਜ ਇੰਨ੍ਹੇ ਵੱਡੇ ਫ਼ਰਕ ਨਾਲ ਮੋਦੀ ਸਰਕਾਰ ਜੇਤੂ ਰਹੀ ਹੈ।ਉਨ੍ਹਾਂ ਕਿਹਾ ਕਿ ਮੋਦੀ ਨੇ ਭਾਰਤ ਨੂੰ ਦੁਨੀਆ ਦੇ ਨਕਸ਼ੇ ’ਤੇ ਇਕ ਪ੍ਰਮੁੱਖ ਰਾਸ਼ਟਰ ਵਜੋਂ ਸਥਾਪਿਤ ਕਰਨ ਦਾ ਜੋ ਸੁਪਨਾ ਸਿਰਜਿਆ ਹੈ, ਉਹ ਅਗਲੇ 5 ਸਾਲਾਂ ’ਚ ਪੂਰਾ ਹੋਵੇਗਾ।ਉਨ੍ਹਾਂ ਕਿਹਾ ਕਿ ਮੋਦੀ ਤੋਂ ਇਲਾਵਾ ਭਾਰਤ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਸ਼ਾਹ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਅਣਥੱਕ ਮਿਹਨਤ ਸਦਕਾ ਹੀ ਇਹ ਨਤੀਜ਼ੇ ਹਾਸਲ ਹੋਏ ਹਨ।ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕ ਵਿਵਸਥਾ ਨੂੰ ਹੋਰ ਬੱਲ ਮਿਲਣ ਦੀ ਆਸ ਹੈ, ਕਿਉਂਕਿ ਜਿਸ ਤਰ੍ਹਾਂ ਪਿਛਲੇ ਸਾਲਾਂ ’ਚ ਮੋਦੀ ਸਰਕਾਰ ਨੇ ਇਤਿਹਾਸਕ ਫ਼ੈਸਲੇ ਲਏ ਸਨ, ਉਸ ਕੜੀ ਨੂੰ ਅੱਗੇ ਤੋਰਣ ਦੀ ਜਰੂਰਤ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਅਜਿਹੀ ਸਰਕਾਰ ਚਾਹੀਦੀ ਹੈ, ਜੋ ਦੇਸ਼ ਦੇ ਉਨਤੀ ਲਈ ਕਾਰਜ ਕਰੇ ਅਤੇ ਹਰੇਕ ਵਰਗ ਨੂੰ ਉਚਾਈਆਂ ’ਤੇ ਲਿਜਾਏ ਅਤੇ ਦੇਸ਼ ਨੂੰ ਦੁਨੀਆ ਦੇ ਨਕਸ਼ੇ ’ਤੇ ਮੋਹਰੀ ਕਤਾਰ ’ਚ ਸ਼ਾਮਿਲ ਕਰੇ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਭਾਰਤ ਨੂੰ ਵਿਕਾਸ ਦੇ ਰਾਹ ’ਤੇ ਲਿਜਾ ਚੁੱਕੀ ਹੈ ਅਤੇ ਅਗਲੇ ਦਹਾਕੇ ਤੱਕ ਭਾਰਤ ਇਕ ਵੱਡੀ ਸੁਪਰ ਪਾਵਰ ਬਣ ਕੇ ਉਭਰੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media