ਤਹਿਸੀਲਦਾਰਾਂ ਨੂੰ ਹਰ ਹਫ਼ਤੇ ਪਟਵਾਰੀਆਂ ਦੇ ਕੰਮਾਂ ਦੀ ਸਮੀਖਿਆ ਕਰਨ ਦੀ ਹਦਾਇਤ
ਅੰਮ੍ਰਿਤਸਰ, 31 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਵਿਚ ਵਿਭਾਗ ਦੇ ਬਕਾਇਆ ਪਏ ਕੰਮਾਂ ਇੰਤਕਾਲ, ਗਿਰਦਾਵਰੀ ਅਤੇ ਤਕਸੀਮ ਦੇ ਕੇਸਾਂ ਦਾ ਗੰਭੀਰ ਨੋਟਿਸ ਲੈਂਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਮੀਟਿੰਗ ਵਿਚ ਹਾਜ਼ਰ ਸਰਕਲ ਮਾਲ ਅਧਿਕਾਰੀਆਂ ਤੇ ਤਹਿਸੀਲਦਾਰਾਂ ਨੂੰ ਕਿਹਾ ਕਿ ਉਹ ਪਟਵਾਰੀਆਂ ਤੇ ਹੋਰ ਸਟਾਫ ਵੱਲੋਂ ਕੀਤੇ ਜਾਂਦੇ ਕੰਮਾਂ ਉਤੇ ਨਜ਼ਰ ਰੱਖਣ ਅਤੇ ਇਹ ਯਕੀਨੀ ਬਨਾਉਣ ਕਿ ਲੋਕਾਂ ਦੇ ਕੰਮ ਬਕਾਇਆ ਨਾ ਰਹਿਣ।ਉਨਾਂ ਕਿਹਾ ਕਿ ਅਪ੍ਰੈਲ ਤੇ ਮਈ ਮਹੀਨੇ ਵਿਚ ਵੋਟਾਂ ਦੀਆਂ ਡਿਊਟੀਆਂ ਲੱਗੀਆਂ ਹੋਣ ਕਾਰਨ ਇਸ ਮਹੀਨੇ ਜੋ ਵੀ ਕੰਮ ਬਕਾਇਆ ਪਏ ਹਨ, ਉਨਾਂ ਨੂੰ ਜੂਨ ਦੇ ਪਹਿਲੇ ਪੰਦਰਵਾੜੇ ਵਿਚ ਪੂਰਾ ਕੀਤਾ ਜਾਵੇ।
ਉਨਾਂ ਸਪੱਸ਼ਟ ਕੀਤਾ ਕਿ ਜਿਥੇ ਉਹ ਇਮਾਨਦਾਰ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਦਿਲੋਂ ਕਦਰ ਕਰਦਾ ਹਨ, ਉਥੇ ਭ੍ਰਿਸ਼ਟ ਤੇ ਕੰਮਚੋਰ ਕਰਮੀਆਂ ਨੂੰ ਸਜ਼ਾ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਉਨਾਂ ਕਿਹਾ ਕਿ ਸਾਡਾ ਕੰਮ ਲੋਕਾਂ ਦੀ ਸੇਵਾ ਕਰਨਾ ਹੈ ਅਤੇ ਸਰਕਾਰੀ ਨੌਕਰੀ ਵਿਚ ਨਖ਼ਰਾ ਬਰਦਾਸ਼ਤਯੋਗ ਨਹੀਂ ਹੋਵੇਗਾ।ਢਿਲੋਂ ਨੇ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਹਰ ਹਫ਼ਤੇ ਆਪਣੇ ਵਿਭਾਗ ਦੇ ਕੰਮਾਂ ਦੀ ਸਮੀਖਿਆ ਕਰਨੀ ਯਕੀਨੀ ਬਨਾਉਣ, ਜਦਕਿ ਐਸ.ਡੀ.ਐਮ 15 ਦਿਨਾਂ ਬਾਅਦ ਆਪਣੇ ਅਧੀਨ ਆਉਂਦੇ ਇਲਾਕੇ ਵਿਚ ਹੁੰਦੇ ਮਾਲ ਵਿਭਾਗ ਦੇ ਕੰਮਾਂ ਦੀ ਨਜ਼ਰਸਾਨੀ ਹਰ ਹਾਲਤ ਵਿਚ ਕਰਨ।
ਉਨਾਂ ਇਸ ਮੌਕੇ ਮਾਲ ਵਿਭਾਗ ਦੇ ਰਿਕਾਰਡ ਦੀ ਫੁਟਕਲ ਬਕਾਇਆ ਵਸੂਲੀ, ਲੋਕਲ ਰੇਟ ਦੀ ਵਸੂਲੀ, ਅਦਾਲਤੀ ਕੇਸਾਂ ਦਾ ਨਿਪਟਾਰਾ, ਜ਼ਮੀਨ ਦੀ ਖਾਨਗੀ ਵੰਡ ਸਬੰਧੀ ਕੇਸਾਂ ਦੇ ਨਿਪਟਾਰੇ, ਇੰਤਕਾਲਾਂ ਦਾ ਝਗੜਾ ਅਤੇ ਹੋਰ ਵਿਭਾਗੀ ਕੰਮਾਂ ਦੀ ਨਜ਼ਰਸਾਨੀ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਡੀ.ਐਮ ਰਜਤ ਉਬਰਾਏ, ਐਸ.ਡੀ.ਐਮ ਵਿਕਾਸ ਹੀਰਾ, ਐਸ.ਡੀ.ਐਮ ਅਸ਼ੋਕ ਸ਼ਰਮਾ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਜਿਲ੍ਹਾ ਮਾਲ ਅਧਿਕਾਰੀ ਜਸ਼ਨਜੀਤ ਸਿੰਘ, ਜਿਲ੍ਹੇ ਦੇ ਸਾਰੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media