ਸੰਗਤ ਦੀ ਸਹੂਲਤ ਲਈ ਲੈਬੋਰਟਰੀ ਦਾ ਵੀ ਕੀਤਾ ਉਦਘਾਟਨ
ਅੰਮ੍ਰਿਤਸਰ/ਭੋਪਾਲ, 1 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਦੇ ਮੰਤਵ ਨਾਲ ਗੁਰਦੁਆਰਾ ਸਾਹਿਬ ਹਮੀਦੀਆ ਰੋਡ
ਭੋਪਾਲ (ਮੱਧ ਪ੍ਰਦੇਸ਼) ਵਿਖੇ ਲਗਾਏ ਗਏ ਗੁਰਮਤਿ ਟ੍ਰੇਨਿੰਗ ਕੈਂਪ ਦੇ ਸਮਾਪਤੀ ਸਮਾਰੋਹ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਤੇ ਨੌਜਵਾਨਾਂ ਨੂੰ ਸਿੱਖ ਸਿਧਾਂਤਾਂ ਤੇ ਸਿੱਖ ਵਿਰਾਸਤ ਨਾਲ ਜੋੜਨ ਲਈ ਵੱਡਾ ਮਹੱਤਵ ਰੱਖਦੇ ਹਨ।ਉਨ੍ਹਾਂ ਕੈਂਪ ਪ੍ਰਬੰਧਕਾਂ ਦੇ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਕੈਂਪਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ। ਡਾ. ਰੂਪ ਸਿੰਘ ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੇ ਕੈਂਪ ਦੌਰਾਨ ਭਾਗ ਲੈਣ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ।ਇਸ ਦੌਰਾਨ ਡਾ. ਰੂਪ ਸਿੰਘ ਨੇ ਪੰਜਾਬੀ ਚੰਗੀ ਤਰ੍ਹਾਂ ਪੜ੍ਹ ਸਕਣ ਵਾਲੇ ਇੱਕ 100 ਦੇ ਕਰੀਬ ਬੱਚਿਆਂ ਨੂੰ ਆਪਣੇ ਵੱਲੋਂ ਸ਼੍ਰੋਮਣੀ ਕਮੇਟੀ ਦਾ ਮਾਸਿਕ ਧਾਰਮਿਕ ਮੈਗਜੀਨ ਗੁਰਮਤਿ ਪ੍ਰਕਾਸ਼ ਲਗਾਉਣ ਦਾ ਐਲਾਨ ਕੀਤਾ।ਇਹ ਕੈਂਪ 27 ਮਈ ਤੋਂ 1 ਜੂਨ ਤੱਕ ਲਗਾਇਆ ਗਿਆ, ਜਿਸ ਵਿਚ 200 ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।ਗੁਰਦੁਆਰਾ ਸਾਹਿਬ ਦੇ ਸਕੱਤਰ ਅਮਰੀਕ ਸਿੰਘ ਨੇ ਸ਼੍ਰੋਮਣੀ ਕਮੇਟੀ ਅਤੇ ਸੰਗਤ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ।
ਇਸੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਬਾਉਲੀ ਸਾਹਿਬ ਦੀ ਨਵੀਂ ਇਮਾਰਤ ਦਾ ਅਰਦਾਸ ਨਾਲ ਸ਼ੁੱਭ ਆਰੰਭ ਵੀ ਕੀਤਾ ਗਿਆ।ਇਸ ਤੋਂ ਇਲਾਵਾ ਗੁਰਦੁਆਰਾ ਟੇਕਰੀ ਸਾਹਿਬ ਵਿਖੇ ਸਥਾਪਿਤ ਕੀਤੀ ਗਈ ਸਾਹਿਬ ਚੈਰੀਟੇਬਲ ਪੋਲੀਕਲੀਨਿਕ ਤੇ ਪੈਥਾਲੋਜੀ ਲੈਬ ਦਾ ਉਦਘਾਟਨ ਵੀ ਕੀਤਾ ਗਿਆ।ਇਸ ਲੈਬੋਰਟਰੀ ਵਿਚ ਹਰ ਇੱਕ ਲੋੜਵੰਦ ਨੂੰ 60 ਫੀਸਦੀ ਛੋਟ ’ਤੇ ਟੈਸਟਾਂ ਦੀ ਸਹੂਲਤ ਦਿੱਤੀ ਜਾਵੇਗੀ। ਇਹ ਉਪਾਰਾਲਾ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪਰਮਵੀਰ ਸਿੰਘ, ਅਮਰੀਕ ਸਿੰਘ ਸਕੱਤਰ, ਰਣਜੀਤ ਸਿੰਘ ਵਿੱਤ ਸਕੱਤਰ, ਗੁਰਮੇਲ ਸਿੰਘ ਵਾਈਸ ਪ੍ਰਧਾਨ, ਬੀਬੀ ਸ਼ਤਿਲ ਕੌਰ, ਬੀਬੀ ਸਿਮਰਨ ਕੌਰ, ਜਸਵਿੰਦਰ ਸਿੰਘ, ਰਵਿੰਦਰ ਸਿੰਘ, ਗਿਆਨੀ ਦਲੀਪ ਸਿੰਘ ਸਾਬਾਕ ਪ੍ਰਧਾਨ, ਡਾ. ਜਸਬੀਰ ਕੌਰ, ਡਾ. ਨਰਮਤਾ ਚੌਦਰੀ, ਡਾ. ਗੋਸਵਾਮੀ, ਕੁਲਦੀਪ ਸਿੰਘ ਗੁਲਾਟੀ ਚੇਅਰਮੈਨ ਪੰਜਾਬੀ ਅਕੈਡਮੀ ਸਮੇਤ ਹੋਰ ਮੌਜੂਦ ਸਨ।
Check Also
ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ
ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …
Punjab Post Daily Online Newspaper & Print Media